ਕੇਨਰਾ ਬੈਂਕ ਦੇ ਗਾਹਕਾਂ ਦੀ EMI ''ਚ ਹੋਵੇਗੀ ਕਮੀ, ਕਰਜ਼ ਦਰਾਂ ''ਚ ਹੋਈ ਕਟੌਤੀ
Friday, Nov 06, 2020 - 10:33 PM (IST)
ਨਵੀਂ ਦਿੱਲੀ— ਸਰਕਾਰੀ ਖੇਤਰ ਦੇ ਕੇਨਰਾ ਬੈਂਕ ਦੇ ਗਾਹਕਾਂ ਲਈ ਰਾਹਤ ਭਰੀ ਖ਼ਬਰ ਹੈ। ਬੈਂਕ ਨੇ ਫੰਡ ਆਧਾਰਿਤ ਉਧਾਰੀ ਦਰ (ਐੱਮ. ਸੀ. ਐੱਲ. ਆਰ.) 'ਚ 0.05 ਤੋਂ 0.15 ਫੀਸਦੀ ਤੱਕ ਦੀ ਕਟੌਤੀ ਕਰ ਦਿੱਤੀ ਹੈ। ਬੈਂਕ ਦੇ ਇਸ ਕਦਮ ਨਾਲ ਤੁਹਾਡੀ ਈ. ਐੱਮ. ਆਈ. 'ਚ ਕਮੀ ਹੋਣ ਜਾ ਰਹੀ ਹੈ।
ਕੇਨਰਾ ਬੈਂਕ ਵੱਲੋਂ ਕਰਜ਼ ਦਰਾਂ ਲਈ ਕੀਤੀ ਗਈ ਕਟੌਤੀ 7 ਨਵੰਬਰ ਨੂੰ ਪ੍ਰਭਾਵੀ ਹੋ ਜਾਵੇਗੀ। ਕੇਨਰਾ ਬੈਂਕ ਨੇ ਇਕ ਸਾਲ ਦੇ ਐੱਮ. ਸੀ. ਐੱਲ. ਆਰ. ਨੂੰ 7.40 ਫੀਸਦੀ ਤੋਂ ਘੱਟ ਕਰਕੇ 7.35 ਫੀਸਦੀ ਕਰ ਦਿੱਤਾ ਹੈ, ਯਾਨੀ ਇਸ 'ਚ 0.05 ਫੀਸਦੀ ਦੀ ਕਟੌਤੀ ਕੀਤੀ ਹੈ।
ਬੈਂਕ ਜ਼ਿਆਦਾਤਰ ਪ੍ਰਚੂਨ ਕਰਜ਼ ਇਕ ਸਾਲ ਦੇ ਐੱਮ. ਸੀ. ਐੱਲ. ਆਰ. ਦੇ ਹਿਸਾਬ ਨਾਲ ਦਿੰਦੇ ਹਨ। ਇਸ ਲਈ ਪ੍ਰਚੂਨ ਕਰਜ਼ ਸਸਤੇ ਹੋ ਜਾਣਗੇ।
ਕੇਨਰਾ ਬੈਂਕ ਨੇ 6 ਮਹੀਨੇ ਦੇ ਐੱਮ. ਸੀ. ਐੱਲ. ਆਰ. ਨੂੰ ਵੀ 0.05 ਫੀਸਦੀ ਘਟਾ ਕੇ 7.30 ਫੀਸਦੀ ਕਰ ਦਿੱਤਾ ਹੈ। ਓਵਰਨਾਈਟ ਅਤੇ ਇਕ ਮਹੀਨੇ ਦੇ ਐੱਮ. ਸੀ. ਐੱਲ. ਆਰ. 'ਚ 0.15 ਫੀਸਦੀ ਕਟੌਤੀ ਕੀਤੀ ਗਈ ਹੈ, ਜਿਸ ਨਾਲ ਇਨ੍ਹਾਂ ਦੀ ਦਰ ਘੱਟ ਕੇ 6.80 ਫੀਸਦੀ ਹੋ ਗਈ ਹੈ।
ਉੱਥੇ ਹੀ, ਤਿੰਨ ਮਹੀਨੇ ਦੇ ਐੱਮ. ਸੀ. ਐੱਲ. ਆਰ. ਨੂੰ 7.10 ਫੀਸਦੀ ਤੋਂ ਘਟਾ ਕੇ 6.95 ਫੀਸਦੀ ਕਰ ਦਿੱਤਾ ਗਿਆ ਹੈ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਵੀਰਵਾਰ ਨੂੰ ਇੰਡੀਅਨ ਓਵਰਸੀਜ਼ ਨੇ ਦੋ ਅਤੇ ਤਿੰਨ ਸਾਲਾਂ ਦੇ ਐੱਮ. ਸੀ. ਐੱਲ. ਆਰ. 'ਚ 0.05 ਫੀਸਦੀ ਕਮੀ ਕੀਤੀ ਸੀ। ਇੰਡੀਅਨ ਓਵਰਸੀਜ਼ ਬੈਂਕ ਵੱਲੋਂ ਕਰਜ਼ ਦਰਾਂ 'ਚ ਕੀਤੀ ਗਈ ਕਟੌਤੀ 10 ਨਵੰਬਰ ਤੋਂ ਲਾਗੂ ਹੋਵੇਗੀ।