CAIT ਦਾ ਵੱਡਾ ਬਿਆਨ, ਕੋਰੋਨਾ ਦੀ ਵਜ੍ਹਾ ਨਾਲ 10 ਦਿਨਾਂ ''ਚ 45 ਫੀਸਦੀ ਡਿੱਗਾ ਵਪਾਰ
Saturday, Jan 08, 2022 - 05:29 PM (IST)
ਨਵੀਂ ਦਿੱਲੀ- ਦੇਸ਼ ਭਰ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਵਿਚਾਲੇ ਵਪਾਰਕ ਸੰਗਠਨਾਂ ਨੂੰ ਵਪਾਰ 'ਚ ਨੁਕਸਾਨ ਹੋਣ ਦੀ ਚਿੰਤਾ ਸਤਾਉਣ ਲੱਗੀ ਹੈ। ਕਾਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ (ਕੈਟ) ਮੁਤਾਬਕ ਵੱਖ-ਵੱਖ ਸੂਬਿਆਂ ਵਲੋਂ ਅਨੇਕ ਤਰ੍ਹਾਂ ਦੀਆਂ ਪਾਬੰਦੀਆਂ ਲਗਾਏ ਜਾਣ ਦਾ ਸਿੱਧਾ ਅਸਰ ਦੇਸ਼ 'ਚ ਵਪਾਰਕ ਅਤੇ ਆਰਥਿਕ ਗਤੀਵਿਧੀਆਂ 'ਤੇ ਪਿਆ ਹੈ। ਦੇਸ਼ ਭਰ 'ਚ ਵੱਖ-ਵੱਖ ਸਾਮਾਨਾਂ ਦਾ ਵਪਾਰ ਪਿਛਲੇ 10 ਦਿਨਾਂ 'ਚ ਔਸਤਨ 45 ਫੀਸਦੀ ਘੱਟ ਹੋਇਆ ਹੈ। ਉਧਰ ਦੇਸ਼ 'ਚ ਕੁਝ ਰਿਟੇਲ ਵਪਾਰ ਲਗਭਗ 125 ਲੱਖ ਕਰੋੜ ਰੁਪਏ ਹੁੰਦਾ ਹੈ।
ਕੈਟ ਨੇ ਕੇਂਦਰ ਸਰਕਾਰ ਅਤੇ ਸਭ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਕਿਹਾ ਹੈ ਕਿ ਕੋਰੋਨਾ ਤੋਂ ਬਚਾਅ ਲਈ ਹਰ ਸੰਭਵ ਕਦਮ ਚੁੱਕੇ ਜਾਣ ਪਰ ਪਾਬੰਦੀਆਂ ਦੇ ਨਾਲ ਵਪਾਰਕ ਅਤੇ ਆਰਥਿਕ ਗਤੀਵਿਧੀਆਂ ਵੀ ਸੁਚਾਰੂ ਰੂਪ ਨਾਲ ਚੱਲਦੀਆਂ ਰਹਿਣ। ਦੇਸ਼ ਭਰ ਦੇ ਵਪਾਰੀ ਸੰਗਠਨਾਂ ਤੋਂ ਸਲਾਹ ਵੀ ਲੈਣ ਅਤੇ ਉਸ ਦੇ ਬਾਅਦ ਕੋਈ ਫ਼ੈਸਲੇ ਕਰਨ।
ਕੈਟ ਦੇ ਰਾਸ਼ਟਰੀ ਮਹਾਮੰਤਰੀ ਪ੍ਰਵੀਨ ਖੰਡੇਲਵਾਲ ਨੇ ਦੱਸਿਆ ਕਿ ਕੋਰੋਨਾ ਦੌਰਾਨ ਵੱਖ-ਵੱਖ ਤਰ੍ਹਾਂ ਦੀਆਂ ਪਾਬੰਦੀਆਂ ਦੇ ਚੱਲਦੇ ਦੇਸ਼ ਭਰ 'ਚ ਪਿਛਲੇ ਦੱਸ ਦਿਨਾਂ ਦੇ ਵਪਾਰ 'ਚ ਔਸਤਨ 45 ਫੀਸਦੀ ਦੀ ਗਿਰਾਵਟ ਆਈ ਹੈ। ਸ਼ਹਿਰ ਤੋਂ ਬਾਹਰ ਆਉਣ ਵਾਲਾ ਖਰੀਦਦਾਰ ਆਪਣੇ ਸ਼ਹਿਰ ਤੋਂ ਬਾਹਰ ਨਹੀਂ ਨਿਕਲ ਰਿਹਾ ਹੈ ਜਦੋਂਕਿ ਰਿਟੇਲ ਦੀ ਖਰੀਦਾਰੀ ਕਰਨ ਲਈ ਖਪਤਕਾਰ ਵੀ ਲੋੜ ਪੈਣ 'ਤੇ ਹੀ ਸਾਮਾਨ ਖਰੀਦਣ ਲਈ ਬਾਜ਼ਾਰ ਜਾ ਰਹੇ ਹਨ।
ਇਨ੍ਹਾਂ ਸੈਕਟਰਾਂ 'ਚ ਹੋ ਸਕਦੀ ਹੈ ਇੰਨੀ ਗਿਰਾਵਟ
ਉਨ੍ਹਾਂ ਨੇ ਅੱਗੇ ਕਿਹਾ ਕਿ ਵਿਆਹਾਂ ਦੇ ਸੀਜ਼ਨ ਦਾ ਵਪਾਰ 14 ਜਨਵਰੀ ਤੋਂ ਸ਼ੁਰੂ ਹੋਵੇਗਾ ਤੇ ਜਿਸ 'ਚ ਆਉਣ ਵਾਲੇ ਢਾਈ ਮਹੀਨਿਆਂ 'ਚ ਲਗਭਗ 4 ਲੱਖ ਕਰੋੜ ਰੁਪਏ ਦੇ ਵਪਾਰ ਹੋਣ ਦਾ ਅਨੁਮਾਨ ਸੀ, ਉਸ 'ਚ ਵੱਖ-ਵੱਖ ਸਰਕਾਰਾਂ ਵਲੋਂ ਸ਼ਾਮਲ ਹੋਣ ਵਾਲੇ ਲੋਕਾਂ 'ਤੇ ਲਗਾਈਆਂ ਗਈਆਂ ਪਾਬੰਦੀਆਂ ਤੋਂ ਇਸ ਵਪਾਰ 'ਚ ਸਿੱਧੇ ਲਗਭਗ 75 ਫੀਸਦੀ ਦੀ ਗਿਰਾਵਟ ਆਈ ਹੈ।
ਕੈਟ ਦੇ ਅਨੁਸਾਰ ਐੱਫ.ਐੱਮ.ਸੀ.ਜੀ. 'ਚ 35 ਫੀਸਦੀ, ਇਲੈਕਟ੍ਰੋਨਿਕਸ 'ਚ 45 ਫੀਸਦੀ, ਮੋਬਾਇਲ 'ਚ 50 ਫੀਸਦੀ, ਰੋਜ਼ਾਨਾ ਵਰਤੋਂ ਹੋਣ ਵਾਲੀਆਂ ਵਸਤੂਆਂ 'ਚ 30 ਫੀਸਦੀ, ਫੁੱਟਵੀਅਰ 'ਚ 60 ਫੀਸਦੀ, ਜਿਊਲਰੀ 'ਚ 30 ਫੀਸਦੀ, ਖਿਡੌਣਿਆਂ 'ਚ 65 ਫੀਸਦੀ, ਗਿਫਟ ਆਈਟਮਸ 'ਚ 65 ਫੀਸਦੀ, ਬਿਲਡਰ ਹਾਰਡਵੇਅਰ 'ਚ 40 ਫੀਸਦੀ, ਕਾਸਮੈਟਿਕਸ 'ਚ 25 ਫੀਸਦੀ, ਫਰਨੀਚਰ 'ਚ 40 ਫੀਸਦੀ ਦੇ ਵਪਾਰ ਦੀ ਅਨੁਮਾਨਿਤ ਗਿਰਾਵਟ ਹੈ।