2025 ਤੱਕ ਭਾਰਤ ਬਣ ਜਾਵੇਗਾ ਤੀਜਾ ਸਭ ਤੋਂ ਵੱਡਾ ਹਵਾਬਾਜ਼ੀ ਬਾਜ਼ਾਰ
Tuesday, Oct 24, 2017 - 11:04 PM (IST)

ਜੇਨੇਵਾ— ਪਿਛਲੇ 2 ਸਾਲਾਂ ਦੌਰਾਨ 20 ਫ਼ੀਸਦੀ ਸਾਲਾਨਾ ਤੋਂ ਜ਼ਿਆਦਾ ਦੀ ਰਫ਼ਤਾਰ ਨਾਲ ਵਧ ਰਿਹਾ ਭਾਰਤੀ ਹਵਾਬਾਜ਼ੀ ਉਦਯੋਗ ਯਾਤਰੀਆਂ ਦੀ ਗਿਣਤੀ ਦੇ ਲਿਹਾਜ਼ ਨਾਲ ਸਾਲ 2025 ਤੱਕ ਬ੍ਰਿਟੇਨ ਨੂੰ ਪਛਾੜ ਕੇ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਹਵਾਬਾਜ਼ੀ ਬਾਜ਼ਾਰ ਬਣ ਜਾਵੇਗਾ। ਕੌਮਾਂਤਰੀ ਹਵਾਈ ਟ੍ਰਾਂਸਪੋਰਟ ਐਸੋਸੀਏਸ਼ਨ (ਆਈਟਾ) ਦੀ ਅੱਜ ਜਾਰੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਮੌਜੂਦਾ ਸਮੇਂ 'ਚ ਅਮਰੀਕਾ, ਚੀਨ ਅਤੇ ਬ੍ਰਿਟੇਨ ਤੋਂ ਬਾਅਦ ਚੌਥੇ ਨੰਬਰ 'ਤੇ ਮੌਜੂਦ ਭਾਰਤ ਸਾਲ 2025 ਤੱਕ ਬ੍ਰਿਟੇਨ ਨੂੰ ਪਛਾੜ ਦੇਵੇਗਾ। ਨਾਲ ਹੀ ਸਾਲ 2030 ਤੱਕ ਇੰਡੋਨੇਸ਼ੀਆ ਵੀ ਬ੍ਰਿਟੇਨ ਨੂੰ ਪਿੱਛੇ ਛੱਡ ਦੇਵੇਗਾ।
ਰਿਪੋਰਟ 'ਚ ਅਗਲੇ 20 ਸਾਲਾਂ 'ਚ ਹਵਾਈ ਯਾਤਰੀਆਂ ਦੀ ਗਿਣਤੀ 'ਚ ਵਾਧੇ ਬਾਰੇ ਅਗਾਊਂ ਅੰਦਾਜ਼ਾ ਜਾਰੀ ਕੀਤਾ ਗਿਆ ਹੈ। ਇਸ 'ਚ ਦੱਸਿਆ ਗਿਆ ਹੈ ਕਿ ਸਾਲ 2036 ਤੱਕ ਭਾਰਤ 'ਚ ਹਵਾਈ ਯਾਤਰਾ ਕਰਨ ਵਾਲਿਆਂ ਦੀ ਸਾਲਾਨਾ ਗਿਣਤੀ ਵਧ ਕੇ 47.8 ਕਰੋੜ 'ਤੇ ਪਹੁੰਚ ਜਾਵੇਗੀ। ਇਸ ਦੌਰਾਨ ਚੀਨ ਵੀ ਅਮਰੀਕਾ ਨੂੰ ਪਛਾੜ ਦੇਵੇਗਾ। ਚੀਨ 'ਚ ਹਵਾਈ ਯਾਤਰੀਆਂ ਦੀ ਗਿਣਤੀ 20 ਸਾਲਾਂ 'ਚ 92.1 ਕਰੋੜ ਤੋਂ ਵਧ ਕੇ ਡੇਢ ਅਰਬ ਅਤੇ ਅਮਰੀਕਾ 'ਚ 40.1 ਕਰੋੜ ਤੋਂ ਵਧ ਕੇ 1 ਅਰਬ 10 ਕਰੋੜ 'ਤੇ ਪਹੁੰਚ ਜਾਵੇਗੀ।
ਆਈਟਾ ਨੇ ਦੱਸਿਆ ਕਿ ਇਨ੍ਹਾਂ 20 ਸਾਲਾਂ 'ਚ ਦੁਨੀਆ ਭਰ 'ਚ ਹਵਾਈ ਯਾਤਰੀਆਂ ਦੀ ਸਾਲਾਨਾ ਗਿਣਤੀ 4 ਅਰਬ ਤੋਂ ਵਧ ਕੇ 7 ਅਰਬ 80 ਲੱਖ ਹੋ ਜਾਵੇਗੀ। ਇਹ ਰਿਪੋਰਟ ਹਵਾਬਾਜ਼ੀ ਖੇਤਰ 'ਚ 3.6 ਫ਼ੀਸਦੀ ਦੀ ਮੌਜੂਦਾ ਵਾਧਾ ਦਰ ਨੂੰ ਧਿਆਨ 'ਚ ਰੱਖ ਕੇ ਤਿਆਰ ਕੀਤੀ ਗਈ ਹੈ।