ਹੁਣ ਖਰੀਦੋ 900 ਰੁਪਏ ''ਚ ਹੀਰਾ, ਭਾਰਤ ''ਚ ਸ਼ੁਰੂ ਹੋਈ ਡਾਇਮੰਡ ਐਕਸਚੇਂਜ਼
Wednesday, Aug 30, 2017 - 07:49 AM (IST)

ਮੁੰਬਈ— ਹੁਣ ਤੁਸੀਂ ਹਰ ਮਹੀਨੇ ਘੱਟੋ-ਘੱਟ 900 ਰੁਪਏ ਦੇ ਨਿਵੇਸ਼ 'ਚ ਵਿਵਸਥਿਤ ਨਿਵੇਸ਼ ਸਕੀਮ (ਐੱਸ. ਆਈ. ਪੀ.) ਤਹਿਤ ਹੀਰਾ ਖਰੀਦ ਸਕੋਗੇ। ਦੇਸ਼ ਦੀ ਆਰਿਥਕ ਰਾਜਧਾਨੀ ਮੁੰਬਈ 'ਚ ਦੁਨੀਆ ਦੇ ਪਹਿਲੇ 'ਡਾਇਮੰਡ ਫਿਊਚਰ' (ਹੀਰਾ ਵਾਇਦਾ) ਕਾਰੋਬਾਰ ਦੀ ਸ਼ੁਰੂਆਤ ਹੋ ਗਈ ਹੈ। ਮੌਜੂਦਾ ਸਮੇਂ ਭਾਰਤ 'ਚ ਖੇਤੀਬਾੜੀ ਵਸਤਾਂ, ਧਾਤਾਂ ਅਤੇ ਹੋਰ ਵਸਤਾਂ 'ਚ ਹੀ ਵਾਇਦਾ ਕਾਰੋਬਾਰ ਹੁੰਦਾ ਹੈ। ਸੋਮਵਾਰ ਨੂੰ ਭਾਰਤ 'ਚ ਪਹਿਲੀ ਹੀਰਾ ਐਕਸਚੇਂਜ਼— ਇੰਡੀਅਨ ਕਮੋਡਿਟੀ ਐਕਸਚੇਂਜ਼ (ਆਈ. ਸੀ. ਈ. ਐਕਸ) ਦੀ ਸ਼ੁਰੂਆਤ ਹੋ ਚੁੱਕੀ ਹੈ। ਹੁਣ ਭਾਰਤ ਦੁਨੀਆ ਭਰ ਲਈ ਹੀਰਿਆਂ ਦੀ ਕੀਮਤ ਵੀ ਤੈਅ ਕਰ ਸਕੇਗਾ। ਇਸ ਐਕਸਚੇਂਜ਼ ਜ਼ਰੀਏ ਆਮ ਖਰੀਦਦਾਰ ਅਤੇ ਨਿਵੇਸ਼ਕ ਬਿਹਤਰ ਹੀਰੇ ਸਸਤੇ ਮੁੱਲ 'ਤੇ ਖਰੀਦ ਸਕਣਗੇ। ਅਜੇ ਆਮ ਲੋਕਾਂ ਕੋਲ ਹੀਰੇ ਦੀ ਕੀਮਤ ਅਤੇ ਉਸ ਦੀ ਗੁਣਵੱਤਾ ਜਾਂਚਣ ਦੀ ਕੋਈ ਸੁਵਿਧਾ ਨਹੀਂ ਹੈ ਪਰ ਹੁਣ ਇਹ ਨਵਾਂ ਐਕਸਚੇਂਜ਼ ਹੀਰੇ ਦੀ ਕੀਮਤ ਤੈਅ ਕਰੇਗਾ। ਭਾਰਤੀ ਕਮੋਡਿਟੀ ਬਾਜ਼ਾਰਾਂ ਦੇ ਇਤਿਹਾਸ 'ਚ ਇੰਡੀਅਨ ਕਮੋਡਿਟੀ ਐਕਸਚੇਂਜ਼ ਦੇ ਸੌਦਿਆਂ ਦਾ ਸਕ੍ਰੀਨ-ਬੇਸਡ ਆਨਲਾਈਨ ਬਾਜ਼ਾਰ ਸ਼ੁਰੂ ਹੋ ਗਿਆ ਹੈ।
ਕਿਸ ਨੂੰ ਹੋਵੇਗਾ ਫਾਇਦਾ?
ਹੀਰੇ ਦਾ ਵਾਇਦਾ ਕਾਰੋਬਾਰ ਸ਼ੁਰੂ ਹੋਣ ਨਾਲ ਇਕ ਪਾਸੇ ਜਿੱਥੇ ਨਿਵੇਸ਼ਕਾਂ ਨੂੰ ਇਕ ਨਵਾਂ ਬਦਲ ਮਿਲੇਗਾ ਤਾਂ ਉੱਥੇ ਹੀ ਇਸ ਖੇਤਰ ਨਾਲ ਜੁੜੀਆਂ ਕੰਪਨੀਆਂ ਨੂੰ ਵੀ ਫਾਇਦਾ ਹੋਵੇਗਾ। ਇਸ ਦੇ ਇਲਾਵਾ ਆਮ ਲੋਕ ਹੁਣ ਆਸਾਨੀ ਨਾਲ ਐੱਸ. ਆਈ. ਪੀ. ਸਕੀਮ ਤਹਿਤ ਹੀਰਾ ਖਰੀਦ ਸਕਦੇ ਹਨ, ਉਹ ਵੀ ਹਰ ਮਹੀਨੇ ਸਿਰਫ 900 ਰੁਪਏ ਦੇ ਨਿਵੇਸ਼ ਨਾਲ। ਮੌਜੂਦਾ ਮੁੱਲ ਮੁਤਾਬਕ 30 ਸੈਂਟ ਹੀਰੇ ਦੀ ਘੱਟੋ-ਘੱਟ ਕੀਮਤ 27,000 ਰੁਪਏ ਹੈ ਯਾਨੀ 900 ਰੁਪਏ ਪ੍ਰਤੀ ਸੈਂਟ। ਇਸ ਤਹਿਤ ਕੋਈ ਵੀ ਵਿਅਕਤੀ 30 ਮਹੀਨੇ ਯਾਨੀ ਢਾਈ ਸਾਲ ਤਕ ਹਰ ਮਹੀਨੇ 900 ਰੁਪਏ ਨਿਵੇਸ਼ ਦੇ ਨਾਲ ਹੀਰਾ ਆਪਣਾ ਬਣਾ ਸਕਦਾ ਹੈ। ਇਸ ਦਾ ਸਭ ਤੋਂ ਵੱਧ ਫਾਇਦਾ ਉਨ੍ਹਾਂ ਲੋਕਾਂ ਨੂੰ ਹੋਵੇਗਾ ਜੋ ਆਪਣੇ ਵਿਆਹ ਦੀ ਯੋਜਨਾ ਬਣਾ ਰਹੇ ਹਨ ਅਤੇ ਹੀਰਾ ਖਰੀਦਣ ਦੀ ਸੋਚ ਰਹੇ ਹਨ। ਹਾਲਾਂਕਿ ਆਈ. ਸੀ. ਈ. ਐਕਸ 'ਚ ਹੀਰੇ ਦੀ ਕੀਮਤ ਦੇ ਆਧਾਰ 'ਤੇ ਹਰ ਮਹੀਨੇ ਰਕਮ ਘੱਟ-ਵੱਧ ਹੋ ਸਕਦੀ ਹੈ। ਜਾਣਕਾਰੀ ਮੁਤਾਬਕ, ਇਸ ਸਕੀਮ ਤਹਿਤ ਖਰੀਦਦਾਰ ਨੂੰ ਪਹਿਲਾਂ ਈ. ਸੀ. ਈ. ਐਕਸ ਬ੍ਰੋਕਰ (ਦਲਾਲ) ਨਾਲ ਆਪਣਾ ਖਾਤਾ ਖੋਲ੍ਹਣਾ ਹੋਵੇਗਾ ਅਤੇ ਕੇ. ਵਾਈ. ਸੀ. ਪ੍ਰਕਿਰਿਆ ਪੂਰੀ ਕਰਨੀ ਹੋਵੇਗੀ। ਇਸ ਦੇ ਬਾਅਦ ਉਸ ਨੂੰ ਬ੍ਰੋਕਰ ਕੋਲ ਕੁਝ ਰਕਮ ਜਮ੍ਹਾ ਕਰਾਉਣੀ ਹੋਵੇਗੀ। ਖਰੀਦਦਾਰ ਨੂੰ ਇਹ ਵੀ ਦੱਸਣਾ ਹੋਵੇਗਾ ਕਿ ਬ੍ਰੋਕਰ ਉਸ ਲਈ ਹਰ ਮਹੀਨੇ ਦੀ ਕਿਹੜੀ ਤਰੀਕ ਨੂੰ ਇਲੈਕਟ੍ਰਾਨਿਕ ਰੂਪ 'ਚ ਹੀਰਾ ਖਰੀਦੇ।
ਕਿਵੇਂ ਹੋਵੇਗੀ ਕਮਾਈ?
ਖਬਰਾਂ ਮੁਤਾਬਕ, ਹੁਣ ਤਕ ਸੋਨੇ-ਚਾਂਦੀ ਅਤੇ ਦੂਜੀਆਂ ਵਸਤਾਂ ਦੇ ਕਾਰੋਬਾਰ ਹੁੰਦਾ ਸੀ। ਹੁਣ ਹੀਰੇ ਦਾ ਵਾਇਦਾ ਕਾਰੋਬਾਰ ਸ਼ੁਰੂ ਹੋਣ ਨਾਲ ਤੁਸੀਂ ਇਸ ਨਾਲ ਵੀ ਕਮਾਈ ਕਰ ਸਕੋਗੇ। ਹੀਰਾ ਵਾਇਦਾ ਕਾਰੋਬਾਰ ਦੀ ਸ਼ੁਰੂਆਤ ਹੋਣ ਦੇ ਬਾਅਦ ਤੁਸੀਂ ਇਸ ਦੀ ਭਵਿੱਖ ਕੀਮਤ ਵਾਇਦਾ 'ਚ ਲਗਾਤਾਰ ਸੋਨੇ-ਚਾਂਦੀ ਦੀ ਤਰ੍ਹਾਂ ਪੈਸਾ ਕਮਾ ਸਕਦੇ ਹੋ। ਆਈ. ਸੀ. ਈ. ਐਕਸ ਨੇ ਤਿੰਨ ਵੱਖ-ਵੱਖ ਆਕਾਰ ਦੇ ਹੀਰੇ ਦਾ ਕਾਰੋਬਾਰ ਸ਼ੁਰੂ ਕੀਤਾ ਹੈ, ਜਿਸ ਤਹਿਤ 30 ਸੈਂਟ, 50 ਸੈਂਟ ਅਤੇ 100 ਸੈਂਟ (1 ਕੈਰੇਟ) ਦਾ ਹੀਰਾ ਖਰੀਦਿਆ ਜਾ ਸਕਦਾ ਹੈ।