ਇਸ ਸਾਲ ਮਹਿੰਗਾ ਹੋਵੇਗਾ ਘਰ ਬਣਾਉਣਾ, ਵਧ ਸਕਦੀਆਂ ਹਨ ਸੀਮੈਂਟ ਦੀਆਂ ਕੀਮਤਾਂ
Friday, Jan 16, 2026 - 11:56 PM (IST)
ਨਵੀਂ ਦਿੱਲੀ- ਸੀਮੈਂਟ ਉਦਯੋਗ ’ਚ ਸਾਲ 2026 ਦੀ ਪਹਿਲੀ ਤਿਮਾਹੀ ’ਚ ਕੀਮਤਾਂ ’ਚ ਤੇਜ਼ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਇਸ ਦੀ ਵਜ੍ਹਾ ਮੌਸਮ ਦੇ ਹਿਸਾਬ ਨਾਲ ਮਜ਼ਬੂਤ ਮੰਗ ਅਤੇ ਵੱਡੀ ਸਮਰੱਥਾ ਵਾਧੇ ਦਾ ਅਸਰ ਦੇਰ ਨਾਲ ਪੈਣਾ ਦੱਸਿਆ ਗਿਆ ਹੈ। ਇਹ ਗੱਲ ਐੱਚ. ਐੱਸ. ਬੀ. ਸੀ. ਗਲੋਬਲ ਇਨਵੈਸਟਮੈਂਟ ਰਿਸਰਚ ਦੀ ਇਕ ਰਿਪੋਰਟ ’ਚ ਕਹੀ ਗਈ ਹੈ।
ਰਿਪੋਰਟ ’ਚ ਕਿਹਾ ਗਿਆ ਹੈ ਕਿ ਸਾਨੂੰ ਉਮੀਦ ਹੈ ਕਿ ਸਾਲ 2026 ਦੀ ਪਹਿਲੀ ਤਿਮਾਹੀ ’ਚ ਸੀਮੈਂਟ ਉਦਯੋਗ ਕੀਮਤ ’ਚ ਵਾਧਾ ਕਰੇਗਾ ਅਤੇ ਮਜ਼ਬੂਤ ਮੌਸਮੀ ਮੰਗ ਦੀ ਵਜ੍ਹਾ ਨਾਲ ਇਸ ਵਾਧੇ ਦਾ ਕੁਝ ਅਸਰ ਬਾਜ਼ਾਰ ’ਚ ਆਸਾਨੀ ਨਾਲ ਸਮਾ ਜਾਵੇਗਾ।
ਰਿਪੋਰਟ ’ਚ ਇਹ ਵੀ ਦੱਸਿਆ ਗਿਆ ਹੈ ਕਿ ਭਾਵੇਂ ਹੀ ਸੀਮੈਂਟ ਉਦਯੋਗ ਦੀ ਪ੍ਰੋਡਕਸ਼ਨ ਕੈਪੇਸਿਟੀ ’ਚ ਇਜ਼ਾਫਾ ਹੋਇਆ ਹੈ ਪਰ ਇਸ ਦਾ ਅਸਰ ਤੁਰੰਤ ਨਹੀਂ ਦਿਸੇਗਾ। ਰਿਪੋਰਟ ਮੁਤਾਬਕ ਵਿੱਤੀ ਸਾਲ 2026-27 ਦੌਰਾਨ ਉਦਯੋਗ ’ਚ ਕੁੱਲ ਮਿਲਾ ਕੇ 100 ਮਿਲੀਅਨ ਟਨ ਤੋਂ ਵੱਧ ਨਵੀਂ ਸਮਰੱਥਾ ਜੁੜਨ ਦੀ ਸੰਭਾਵਨਾ ਹੈ, ਜੋ ਵਧਦੀ ਮੰਗ ਤੋਂ ਜ਼ਿਆਦਾ ਹੈ।
ਉਦਯੋਗ ਲਈ ਸੁਸਤ ਰਿਹਾ ਪਿਛਲਾ ਸਾਲ
ਰਿਪੋਰਟ ’ਚ ਇਹ ਵੀ ਕਿਹਾ ਗਿਆ ਕਿ ਸਾਲ 2025 ਦਾ ਦੂਜਾ ਹਿੱਸਾ ਸੀਮੈਂਟ ਸੈਕਟਰ ਲਈ ਕਮਜ਼ੋਰ ਰਿਹਾ। ਇਸ ਦੌਰਾਨ ਕੀਮਤਾਂ ਵਧਾਉਣ ਦੀ ਸਮਰੱਥਾ ਘੱਟ ਰਹੀ ਅਤੇ ਰੀਅਲਾਈਜ਼ੇਸ਼ਨ ਵੀ ਸੁਸਤ ਰਿਹਾ। ਇਸ ਨੂੰ ਨਿਰਾਸ਼ਾਜਨਕ ਦੱਸਿਆ ਗਿਆ, ਜਿਸ ਦੀ ਮੁੱਖ ਵਜ੍ਹਾ ਮੌਸਮ ਨਾਲ ਜੁੜੀਆਂ ਰੁਕਾਵਟਾਂ ਅਤੇ ਇਨਫ੍ਰਾਸਟਰੱਕਚਰ ਪ੍ਰਾਜੈਕਟਸ ’ਤੇ ਸਰਕਾਰੀ ਖਰਚ ’ਚ ਕਮੀ ਰਹੀ। ਅੱਗੇ ਦੀ ਗੱਲ ਕਰੀਏ ਤਾਂ ਮੰਗ ਦੀ ਰਫਤਾਰ ਕੋਵਿਡ ਤੋਂ ਬਾਅਦ ਦੇ ਤੇਜ਼ ਵਾਧੇ ਦੇ ਮੁਕਾਬਲੇ ਹੁਣ ਆਮ ਰਹਿਣ ਦੀ ਉਮੀਦ ਹੈ।
ਵਿਕਰੀ ਵਧਣ ਨਾਲ ਬਿਹਤਰ ਹੋਵੇਗੀ ਸਥਿਤੀ
ਐੱਚ. ਐੱਸ. ਬੀ. ਸੀ. ਦਾ ਮੰਨਣਾ ਹੈ ਕਿ ਦਸੰਬਰ ਤਿਮਾਹੀ ਕਮਜ਼ੋਰ ਰਹਿ ਸਕਦੀ ਹੈ, ਖਾਸ ਕਰ ਕੇ ਪੂਰਬੀ ਅਤੇ ਦੱਖਣੀ ਖੇਤਰਾਂ ’ਚ ਕੀਮਤਾਂ ’ਚ ਗਿਰਾਵਟ ਦੀ ਵਜ੍ਹਾ ਨਾਲ। ਲਾਗਤ ਨਾਲ ਜੁੜਿਆ ਦਬਾਅ ਵੀ ਮੁਨਾਫੇ ’ਤੇ ਅਸਰ ਪਾ ਸਕਦਾ ਹੈ। ਪੈਟ ਕੋਕ ਦੀਆਂ ਕੀਮਤਾਂ ’ਚ ਸੰਭਾਵੀ ਵਾਧੇ ਨਾਲ ਇਨਪੁੱਟ ਲਾਗਤ ਵਧ ਸਕਦੀ ਹੈ। ਹਾਲਾਂਕਿ, ਇਹ ਦਬਾਅ ਆਰਜ਼ੀ ਹੋਣਗੇ ਅਤੇ ਆਉਣ ਵਾਲੀਆਂ ਤਿਮਾਹੀਆਂ ’ਚ ਕੀਮਤਾਂ ਸੁਧਰਨ ਅਤੇ ਵਿਕਰੀ ਵਧਣ ਨਾਲ ਸਥਿਤੀ ਬਿਹਤਰ ਹੋਵੇਗੀ।
ਕੀਮਤ ਵਧਾਉਣ ਦੀ ਪ੍ਰਕਿਰਿਆ ਸ਼ੁਰੂ
ਰਿਪੋਰਟ ’ਚ ਇਹ ਵੀ ਦੱਸਿਆ ਗਿਆ ਹੈ ਕਿ ਸੀਮੈਂਟ ਕੰਪਨੀਆਂ ਨੇ ਪ੍ਰਮੁੱਖ ਬਾਜ਼ਾਰਾਂ ’ਚ ਕੀਮਤਾਂ ਵਧਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਸੀਮੈਂਟ ਕੰਪਨੀਆਂ ਨੇ ਦੱਖਣੀ ਅਤੇ ਪੂਰਬੀ ਭਾਰਤ ’ਚ ਦਸੰਬਰ ਦੇ ਆਖਿਰ ਜਾਂ ਜਨਵਰੀ ਦੀ ਸ਼ੁਰੂਆਤ ’ਚ ਕੀਮਤਾਂ ਵਧਾਈਆਂ ਹਨ ਜਾਂ ਜਨਵਰੀ ਦੌਰਾਨ ਵਧਾਉਣ ਦੀ ਸੰਭਾਵਨਾ ਹੈ। ਹਾਲਾਂਕਿ ਸਾਰੇ ਐਲਾਨੇ ਕੀਮਤ ਵਾਧੇ ਪੂਰੀ ਤਰ੍ਹਾਂ ਲਾਗੂ ਹੋਣਗੇ, ਇਸ ਦੀ ਉਮੀਦ ਨਹੀਂ ਹੈ ਪਰ ਕੁਝ ਵਾਧਾ ਜ਼ਰੂਰ ਅਸਰ ਦਿਖਾਵੇਗਾ।
