ਬਜਟ 2024 : ਅੱਜ ਤੋਂ ਸੰਸਦ ਦਾ ਮਾਨਸੂਨ ਸੈਸ਼ਨ ਸ਼ੁਰੂ, ਵਿੱਤ ਮੰਤਰੀ ਪੇਸ਼ ਕਰਨਗੇ ਆਰਥਿਕ ਸਰਵੇਖਣ
Monday, Jul 22, 2024 - 11:38 AM (IST)
ਨਵੀਂ ਦਿੱਲੀ : ਸੰਸਦ ਦਾ ਮਾਨਸੂਨ ਸੈਸ਼ਨ ਸੋਮਵਾਰ ਭਾਵ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਸੰਸਦ ਵਿੱਚ ਆਰਥਿਕ ਸਰਵੇਖਣ ਅਤੇ ਮੰਗਲਵਾਰ ਨੂੰ ਲੋਕ ਸਭਾ ਵਿੱਚ ਕੇਂਦਰੀ ਬਜਟ ਪੇਸ਼ ਕਰੇਗੀ। ਇਸ ਦੇ ਨਾਲ ਹੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਮੰਗਲਵਾਰ ਨੂੰ ਲਗਾਤਾਰ ਸੱਤਵੀਂ ਵਾਰ ਆਮ ਬਜਟ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ ਅਤੇ ਇਸ ਦੇ ਨਵੇਂ ਰਿਕਾਰਡ ਬਣਾਉਣ ਦੀ ਉਮੀਦ ਹੈ।
ਸੈਸ਼ਨ ਦੇ ਮੌਕੇ 'ਤੇ ਵਿਰੋਧੀ ਧਿਰ ਤੋਂ ਸਹਿਯੋਗ ਲੈਣ ਲਈ ਸਰਕਾਰ ਨੇ ਐਤਵਾਰ ਨੂੰ ਸਰਬ ਪਾਰਟੀ ਮੀਟਿੰਗ ਬੁਲਾਈ ਹੈ। ਇਸ ਸੈਸ਼ਨ ਦੌਰਾਨ ਸਰਕਾਰ ਦੀ ਵਿੱਤ ਬਿੱਲ ਸਮੇਤ ਛੇ ਬਿੱਲ ਪਾਸ ਕਰਨ ਦੀ ਯੋਜਨਾ ਹੈ। ਇਸ ਤੋਂ ਇਲਾਵਾ 12 ਅਗਸਤ ਤੱਕ ਚੱਲਣ ਵਾਲੇ ਇਸ ਸੈਸ਼ਨ 'ਚ ਜੰਮੂ-ਕਸ਼ਮੀਰ ਦਾ ਬਜਟ ਵੀ ਪੇਸ਼ ਕੀਤਾ ਜਾਵੇਗਾ ਪਰ ਸਭ ਦੀਆਂ ਨਜ਼ਰਾਂ ਆਮ ਬਜਟ 'ਤੇ ਟਿਕੀਆਂ ਹੋਣਗੀਆਂ।
ਵਿੱਤ ਮੰਤਰਾਲੇ ਦਾ ਆਰਥਿਕ ਮਾਮਲਿਆਂ ਦਾ ਵਿਭਾਗ ਹਰ ਸਾਲ ਕੇਂਦਰੀ ਬਜਟ ਤੋਂ ਠੀਕ ਪਹਿਲਾਂ ਸੰਸਦ ਵਿੱਚ ਆਰਥਿਕ ਸਰਵੇਖਣ ਪੇਸ਼ ਕਰਦਾ ਹੈ। ਇਸ ਨੂੰ ਸੰਸਦ ਦੇ ਦੋਵਾਂ ਸਦਨਾਂ ਵਿੱਚ ਪੇਸ਼ ਕੀਤਾ ਜਾਂਦਾ ਹੈ। ਸਰਵੇਖਣ ਵਿੱਚ ਪਿਛਲੇ 12 ਮਹੀਨਿਆਂ ਵਿੱਚ ਭਾਰਤੀ ਅਰਥਵਿਵਸਥਾ ਵਿੱਚ ਹੋਏ ਵਿਕਾਸ ਦੀ ਸਮੀਖਿਆ ਕੀਤੀ ਗਈ ਹੈ।
ਨਿਰਮਲਾ ਸੀਤਾਰਾਮਨ ਲਗਾਤਾਰ 7ਵੇਂ ਬਜਟ ਨਾਲ ਇਤਿਹਾਸ ਰਚਣ ਨੂੰ ਤਿਆਰ, ਤੋੜੇਗੀ ਮੋਰਾਰਜੀ ਦੇਸਾਈ ਦਾ ਰਿਕਾਰਡ
ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਮੰਗਲਵਾਰ ਨੂੰ ਵਿੱਤੀ ਸਾਲ 2024-25 ਲਈ ਆਪਣਾ ਲਗਾਤਾਰ 7ਵਾਂ ਬਜਟ ਪੇਸ਼ ਕਰ ਕੇ ਇਤਿਹਾਸ ਰਚਣ ਵਾਲੀ ਹੈ। ਇਸ ਤਰ੍ਹਾਂ ਉਹ ਸਾਬਾਕਾ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਦਾ ਰਿਕਾਰਡ ਤੋਡ਼ ਦੇਵੇਗੀ। ਹਾਲਾਂਕਿ, ਸਭ ਤੋਂ ਜ਼ਿਆਦਾ ਵਾਰ ਬਜਟ ਪੇਸ਼ ਕਰਨ ਦਾ ਰਿਕਾਰਡ ਹੁਣ ਵੀ ਦੇਸਾਈ ਕੋਲ ਹੀ ਹੈ।
ਸੀਤਾਰਾਮਨ ਅਗਲੇ ਮਹੀਨੇ 65 ਸਾਲ ਦੀ ਹੋ ਜਾਵੇਗੀ। ਉਨ੍ਹਾਂ ਨੂੰ 2019 ’ਚ ਭਾਰਤ ਦੀ ਪਹਿਲੀ ਫੁੱਲ ਟਾਈਮ ਮਹਿਲਾ ਵਿੱਤ ਮੰਤਰੀ ਬਣਾਇਆ ਗਿਆ ਸੀ। ਇਸ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰ ’ਚ ਲਗਾਤਾਰ ਦੂਜੀ ਵਾਰ ਸਰਕਾਰ ਬਣਾਈ ਸੀ। ਉਦੋਂ ਤੋਂ ਸੀਤਾਰਾਮਨ ਨੇ ਇਸ ਸਾਲ ਫਰਵਰੀ ’ਚ ਇਕ ਅੰਤ੍ਰਿਮ ਸਮੇਤ ਲਗਾਤਾਰ 6 ਬਜਟ ਪੇਸ਼ ਕੀਤੇ ਹਨ।
ਵਿੱਤੀ ਸਾਲ 2024-25 (ਅਪ੍ਰੈਲ, 2024 ਤੋਂ ਮਾਰਚ, 2025) ਦਾ ਪੂਰਨ ਬਜਟ ਉਨ੍ਹਾਂ ਦਾ ਲਗਾਤਾਰ 7ਵਾਂ ਬਜਟ ਹੋਵੇਗਾ। ਉਹ ਦੇਸਾਈ ਦੇ ਰਿਕਾਰਡ ਤੋਂ ਅੱਗੇ ਨਿਕਲ ਜਾਵੇਗਾ, ਜਿਨ੍ਹਾਂ ਨੇ 1959 ਤੋਂ 1964 ਦੇ ’ਚ ਲਗਾਤਾਰ 5 ਪੂਰਨ ਬਜਟ ਅਤੇ ਇਕ ਅੰਤ੍ਰਿਮ ਬਜਟ ਪੇਸ਼ ਕੀਤਾ ਸੀ।
ਬਜਟ ਪੇਸ਼ ਕਰਨ ਨਾਲ ਜੁੜੀ ਕੁੱਝ ਸੱਚਾਈ
ਸੁਤੰਤਰ ਭਾਰਤ ’ਚ ਬਜਟ ਪੇਸ਼ ਕਰਨ ਨਾਲ ਜੁਡ਼ੀ ਕੁੱਝ ਸੱਚਾਈ ਇਸ ਤਰ੍ਹਾਂ ਹੈ। ਸੁਤੰਤਰ ਭਾਰਤ ਦਾ ਪਹਿਲਾ ਆਮ ਬਜਟ 26 ਨਵੰਬਰ, 1947 ਨੂੰ ਦੇਸ਼ ਦੇ ਪਹਿਲੇ ਵਿੱਤ ਮੰਤਰੀ ਆਰ. ਕੇ. ਸ਼ਨਮੁਖਮ ਚੇੱਟੀ ਨੇ ਪੇਸ਼ ਕੀਤਾ ਸੀ। ਸਾਬਕਾ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਨੇ ਪ੍ਰਧਾਨ ਮੰਤਰੀ ਜਵਾਹਰ ਲਾਲ ਨੇਹਿਰੂ ਅਤੇ ਬਾਅਦ ’ਚ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੇ ਕਾਰਜਕਾਲ ’ਚ ਵਿੱਤ ਮੰਤਰੀ ਦੇ ਤੌਰ ’ਤੇ ਕੁਲ 10 ਬਜਟ ਪੇਸ਼ ਕੀਤੇ ਹਨ।
ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ 9 ਮੌਕਿਆਂ ’ਤੇ ਬਜਟ ਪੇਸ਼ ਕੀਤੇ। ਪ੍ਰਣਬ ਮੁਖਰਜੀ ਨੇ ਵਿੱਤ ਮੰਤਰੀ ਦੇ ਰੂਪ ’ਚ ਆਪਣੇ ਕਾਰਜਕਾਲ ਦੌਰਾਨ 8 ਬਜਟ ਪੇਸ਼ ਕੀਤੇ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ 1991 ਤੋਂ 1995 ’ਚ ਲਗਾਤਾਰ 5 ਵਾਰ ਬਜਟ ਪੇਸ਼ ਕੀਤੇ, ਜਦੋਂ ਉਹ ਪੀ. ਵੀ. ਨਰਸਿੰਹਾ ਰਾਵ ਸਰਕਾਰ ’ਚ ਵਿੱਤ ਮੰਤਰੀ ਸਨ।
ਸਭ ਤੋਂ ਲੰਮਾ ਬਜਟ ਭਾਸ਼ਣ ਸੀਤਾਰਾਮਨ ਨੇ ਦਿੱਤਾ
ਸਭ ਤੋਂ ਲੰਮਾ ਬਜਟ ਭਾਸ਼ਣ ਸੀਤਾਰਾਮਨ ਨੇ 1 ਫਰਵਰੀ, 2020 ਨੂੰ 2 ਘੰਟੇ 40 ਮਿੰਟ ਦਾ ਦਿੱਤਾ। ਸਾਲ 1977 ’ਚ ਹੀਰੂਭਾਈ ਮੁਲਜੀਭਾਈ ਪਟੇਲ ਦਾ ਅੰਤ੍ਰਿਮ ਬਜਟ ਭਾਸ਼ਣ ਹੁਣ ਤੱਕ ਦਾ ਸਭ ਤੋਂ ਛੋਟਾ ਭਾਸ਼ਣ ਹੈ, ਜਿਸ ’ਚ ਸਿਰਫ 800 ਸ਼ਬਦ ਸਨ।
ਬਜਟ ਰਸਮੀ ਰੂਪ ਨਾਲ ਫਰਵਰੀ ਦੇ ਆਖਰੀ ਦਿਨ ਸ਼ਾਮ 5 ਵਜੇ ਪੇਸ਼ ਕੀਤਾ ਜਾਂਦਾ ਹੈ। ਸਾਲ 1999 ’ਚ ਸਮਾਂ ਬਦਲਾ ਗਿਆ ਸੀ ਅਤੇ ਅਟਲ ਬਿਹਾਰੀ ਵਾਜਪਾਈ ਸਰਕਾਰ ’ਚ ਉਸ ਸਮੇਂ ਦੇ ਵਿੱਤ ਮੰਤਰੀ ਯਸ਼ਵੰਤ ਸਿੰਘ ਨੇ ਸਵੇਰੇ 11 ਵਜੇ ਬਜਟ ਪੇਸ਼ ਕੀਤਾ। ਉਦੋਂ ਤੋਂ ਬਜਟ ਸਵੇਰੇ 11 ਵਜੇ ਪੇਸ਼ ਕੀਤਾ ਜਾਂਦਾ ਹੈ। ਇਸ ਤੋਂ ਬਾਅਦ 2017 ’ਚ ਬਜਟ ਪੇਸ਼ ਕਰਨ ਦੀ ਤਰੀਕ ਬਦਲ ਕੇ ਇਕ ਫਰਵਰੀ ਕਰ ਦਿੱਤੀ ਗਈ ਸੀ, ਤਾਂਕਿ ਸਰਕਾਰ ਮਾਰਚ ਦੇ ਆਖਿਰ ਤੱਕ ਸੰਸਦੀ ਪ੍ਰਵਾਨਗੀ ਪ੍ਰਕਿਰਿਆ ਪੂਰੀ ਕਰ ਸਕੇ।