Budget 2022: ਇਸ ਵਾਰ ਵੀ ਗ੍ਰੀਨ ਬਜਟ ਪੇਸ਼ ਕਰਨਗੇ ਵਿੱਤ ਮੰਤਰੀ, ਹਲਵਾ ਸਮਾਰੋਹ ਹੋਇਆ ਰੱਦ

Thursday, Jan 27, 2022 - 07:40 PM (IST)

Budget 2022: ਇਸ ਵਾਰ ਵੀ ਗ੍ਰੀਨ ਬਜਟ ਪੇਸ਼ ਕਰਨਗੇ ਵਿੱਤ ਮੰਤਰੀ, ਹਲਵਾ ਸਮਾਰੋਹ ਹੋਇਆ ਰੱਦ

ਨਵੀਂ ਦਿੱਲੀ : ਇਸ ਸਾਲ 1 ਫਰਵਰੀ 2022 ਨੂੰ ਕੇਂਦਰੀ ਬਜਟ 2022-23 ਗ੍ਰੀਨ ਬਜਟ ਭਾਵ ਕਾਗਜ਼ ਰਹਿਤ ਰੂਪ ਵਿੱਚ ਪੇਸ਼ ਕੀਤਾ ਜਾਵੇਗਾ। ਕੋਰੋਨਾ ਦੇ ਕਾਰਨ ਏਸ਼ੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਦੇ ਟੈਕਸ ਪ੍ਰਸਤਾਵਾਂ ਦੀ ਪੇਸ਼ਕਾਰੀ ਅਤੇ ਵਿੱਤੀ ਸਟੇਟਮੈਂਟਾਂ ਨਾਲ ਸਬੰਧਤ ਵੱਡੀ ਗਿਣਤੀ ਵਿੱਚ ਦਸਤਾਵੇਜ਼ਾਂ ਦੀ ਛਪਾਈ ਇਸ ਵਾਰ ਵੀ ਨਹੀਂ ਹੋਵੇਗੀ। ਅਧਿਕਾਰੀਆਂ ਨੇ ਕਿਹਾ ਕਿ ਬਜਟ ਦਸਤਾਵੇਜ਼ ਜ਼ਿਆਦਾਤਰ ਡਿਜੀਟਲ ਰੂਪ ਵਿੱਚ ਉਪਲਬਧ ਹੋਣਗੇ। ਸਿਰਫ਼ ਕੁਝ ਕਾਪੀਆਂ ਹੀ ਭੌਤਿਕ ਤੌਰ 'ਤੇ ਉਪਲਬਧ ਹੋਣਗੀਆਂ। ਪਹਿਲਾਂ ਬਜਟ ਦਸਤਾਵੇਜ਼ ਦੀਆਂ ਕਈ ਸੌ ਕਾਪੀਆਂ ਛਾਪੀਆਂ ਜਾਂਦੀਆਂ ਸਨ। ਗਿਣਤੀ ਪੱਖੋਂ ਇਹ ਇੰਨੀ ਵਿਸਤ੍ਰਿਤ ਪ੍ਰਕਿਰਿਆ ਸੀ ਕਿ ਨਾਰਥ ਬਲਾਕ ਦੇ 'ਬੇਸਮੈਂਟ' ਵਿੱਚ ਪ੍ਰਿੰਟਿੰਗ ਪ੍ਰੈਸ ਦੇ ਅੰਦਰ ਪ੍ਰਿੰਟਿੰਗ ਸਟਾਫ ਨੂੰ  ਕੁਝ ਹਫ਼ਤਿਆਂ ਲਈ ਘਰ-ਪਰਿਵਾਰ ਅਤੇ ਸਮਾਜ ਤੋਂ ਅਲੱਗ-ਥਲੱਗ ਰਹਿਣਾ ਪੈਂਦਾ ਸੀ।

ਇਹ ਵੀ ਪੜ੍ਹੋ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਬਜਟ ਟੀਮ 'ਚ ਸ਼ਾਮਲ ਹਨ ਇਹ ਚਿਹਰੇ, ਜਾਣੋ ਕਿਸ ਨੂੰ ਕਿਹੜੀ ਮਿਲੀ ਜ਼ਿੰਮੇਵਾਰੀ

ਹਲਵਾ ਸੈਰੇਮਨੀ ਰੱਦ ਕਰਕੇ ਮੁਲਾਜ਼ਮਾਂ ਨੂੰ ਵੰਡੀ ਮਠਿਆਈ

ਇਸ ਸਾਲ ਕੋਰੋਨਾ ਦੇ ਨਵੇਂ ਵੇਰੀਐਂਟ ਓਮਾਈਕਰੋਨ ਨੂੰ ਲੈ ਕੇ ਹੋਰ ਪਾਬੰਦੀਆਂ ਲਗਾਈਆਂ ਗਈਆਂ ਹਨ। ਸੂਤਰਾਂ ਅਨੁਸਾਰ ਮਹਾਮਾਰੀ ਕਾਰਨ ਰਵਾਇਤੀ ਹਲਵੇ ਦੀ ਰਸਮ ਰੱਦ ਕਰ ਦਿੱਤੀ ਗਈ ਹੈ। ਦੁਨੀਆ ਭਰ ਵਿਚ ਫੈਲੀ ਮਹਾਮਾਰੀ ਅਤੇ ਸਿਹਤ ਸੁਰੱਖਿਆ ਚਿੰਤਾਵਾਂ ਦੇ ਕਾਰਨ ਹਲਵਾ ਸਮਾਰੋਹ ਦੀ ਬਜਾਏ ਉਹਨਾਂ ਦੇ ਕੰਮ ਵਾਲੀ ਥਾਂ 'ਤੇ "ਲਾਕ-ਇਨ" ਕਾਰਨ ਕੋਰ ਸਟਾਫ ਨੂੰ ਮਠਿਆਈਆਂ ਪ੍ਰਦਾਨ ਕੀਤੀਆਂ ਗਈਆਂ।

ਹਾਲਾਂਕਿ, ਬਜਟ ਦਸਤਾਵੇਜ਼ਾਂ ਦੇ ਸੰਕਲਨ ਨੂੰ ਡਿਜੀਟਾਈਜ਼ ਕਰਨ ਲਈ ਕਰਮਚਾਰੀਆਂ ਦੇ ਇੱਕ ਛੋਟੇ ਸਮੂਹ ਨੂੰ ਅਲੱਗ-ਥਲੱਗ ਰਹਿਣ ਦੀ ਲੋੜ ਹੋਵੇਗੀ। ਇੱਕ ਬਜਟ ਦਸਤਾਵੇਜ਼ ਵਿੱਚ ਆਮ ਤੌਰ 'ਤੇ ਸੰਸਦ ਵਿੱਚ ਵਿੱਤ ਮੰਤਰੀ ਦਾ ਭਾਸ਼ਣ, ਮੁੱਖ ਨੋਟਸ, ਸਾਲਾਨਾ ਵਿੱਤੀ ਸਟੇਟਮੈਂਟਾਂ, ਟੈਕਸ ਪ੍ਰਸਤਾਵਾਂ ਵਾਲਾ ਇੱਕ ਵਿੱਤ ਬਿੱਲ, ਵਿੱਤੀ ਬਿੱਲ ਵਿੱਚ ਉਪਬੰਧਾਂ ਦੀ ਵਿਆਖਿਆ ਕਰਨ ਵਾਲਾ ਇੱਕ ਮੈਮੋਰੰਡਮ ਅਤੇ ਇੱਕ ਮੈਕਰੋ-ਆਰਥਿਕ ਪ੍ਰੋਫਾਈਲ ਸ਼ਾਮਲ ਹੁੰਦਾ ਹੈ। ਇਨ੍ਹਾਂ ਵਿੱਚ ਮੱਧਮ ਮਿਆਦ ਦੀ ਵਿੱਤੀ ਨੀਤੀ ਅਤੇ ਵਿੱਤੀ ਨੀਤੀ ਰਣਨੀਤੀ ਬਿਆਨ, ਯੋਜਨਾਵਾਂ ਲਈ ਨਤੀਜਾ ਰੂਪਰੇਖਾ, ਕਸਟਮ ਨੋਟੀਫਿਕੇਸ਼ਨ, ਪਿਛਲੇ ਬਜਟ ਘੋਸ਼ਣਾਵਾਂ ਨੂੰ ਲਾਗੂ ਕਰਨਾ, ਰਸੀਦ ਬਜਟ, ਖਰਚ ਬਜਟ ਅਤੇ ਬਜਟ ਅਨੁਮਾਨ ਸ਼ਾਮਲ ਹੁੰਦੇ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ 2022 ਨੂੰ ਆਪਣਾ ਚੌਥਾ  ਬਜਟ ਪੇਸ਼ ਕਰਨ ਜਾ ਰਹੀ ਹੈ।

ਇਹ ਵੀ ਪੜ੍ਹੋ: 5 ਸੂਬਿਆਂ ਦੀਆਂ ਚੋਣਾਂ ਤੇ ਕੋਰੋਨਾ ਦਰਮਿਆਨ ਆਏਗਾ ਕੇਂਦਰੀ ਬਜਟ, ਕੀ ਵਿੱਤ ਮੰਤਰੀ ਦੇ ਸਕੇਗੀ ਲੋਕਾਂ ਦੇ ਮਰਜ਼ ਦੀ ਦਵਾਈ!

ਮੋਬਾਈਲ ਐਪ ਉੱਤੇ ਉਪਲੱਬਧ ਹੋਵੇਗਾ ਬਜਟ

ਕੇਂਦਰੀ ਬਜਟ 2022-23 ਸੰਸਦ ਵਿੱਚ ਪੇਸ਼ ਹੋਣ ਤੋਂ ਬਾਅਦ ਮੋਬਾਈਲ ਐਪ 'ਤੇ ਉਪਲਬਧ ਹੋਵੇਗਾ। ਸਾਰੇ ਹਿੱਸੇਦਾਰਾਂ ਨੂੰ ਆਸਾਨ ਅਤੇ ਤੇਜ਼ ਪਹੁੰਚ ਪ੍ਰਦਾਨ ਕਰਨ ਲਈ ਕੇਂਦਰੀ ਬਜਟ ਦੀ ਜਾਣਕਾਰੀ  "ਕੇਂਦਰੀ ਬਜਟ ਮੋਬਾਈਲ ਐਪ" ਉੱਤੇ ਉਪਲੱਬਧ ਹੋਵੇਗੀ। ਮੋਬਾਈਲ ਐਪ ਦੋਭਾਸ਼ੀ (ਅੰਗਰੇਜ਼ੀ ਅਤੇ ਹਿੰਦੀ) ਵਿਚ ਐਂਡਰਾਇਡ ਅਤੇ ਆਈਓਐਸ ਦੋਵਾਂ ਪਲੇਟਫਾਰਮਾਂ 'ਤੇ ਉਪਲਬਧ ਹੈ

ਮੋਬਾਈਲ ਐਪ ਨੂੰ ਕੇਂਦਰੀ ਬਜਟ ਵੈੱਬ ਪੋਰਟਲ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ (www.indiabudget.gov.in)। ਸਾਰੇ ਬਜਟ ਦਸਤਾਵੇਜ਼ ਕੇਂਦਰੀ ਬਜਟ ਵੈੱਬ ਪੋਰਟਲ 'ਤੇ ਡਾਊਨਲੋਡ ਕਰਨ ਲਈ ਵੀ ਉਪਲਬਧ ਹੋਣਗੇ।

ਵਿੱਤ ਮੰਤਰਾਲੇ ਦਾ ਦਫ਼ਤਰ ਨਾਰਥ ਬਲਾਕ ਵਿੱਚ ਹੀ ਸਥਿਤ ਹੈ। ਮੁਲਾਜ਼ਮਾਂ ਨੂੰ ਘਰਾਂ ਤੋਂ ਵੱਖ ਰਹਿਣ ਅਤੇ ਬਜਟ ਦਸਤਾਵੇਜ਼ ਦੀ ਛਪਾਈ ਦਾ ਕੰਮ ਰਵਾਇਤੀ ‘ਹਲਵਾ ਸੈਰੇਮਨੀ’ ਨਾਲ ਸ਼ੁਰੂ ਹੁੰਦਾ ਆ ਰਿਹਾ ਹੈ। ਇਸ ਪ੍ਰੋਗਰਾਮ ਵਿੱਚ ਵਿੱਤ ਮੰਤਰੀ, ਵਿੱਤ ਰਾਜ ਮੰਤਰੀ ਅਤੇ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੁੰਦੇ ਆ ਰਹੇ ਹਨ। ਜਿਸ ਸਮੇਂ ਤੋਂ ਮੋਦੀ ਸਰਕਾਰ ਸੱਤਾ ਵਿੱਚ ਆਈ ਹੈ, ਬਜਟ ਦੀਆਂ ਕਾਪੀਆਂ ਦੀ ਛਪਾਈ ਘੱਟ ਗਈ ਹੈ। ਸ਼ੁਰੂ ਵਿੱਚ ਪੱਤਰਕਾਰਾਂ ਅਤੇ ਬਾਹਰੀ ਵਿਸ਼ਲੇਸ਼ਕਾਂ ਨੂੰ ਵੰਡੀਆਂ ਜਾਣ ਵਾਲੀਆਂ ਕਾਪੀਆਂ ਦੀ ਗਿਣਤੀ ਨੂੰ ਘਟਾ ਦਿੱਤਾ ਗਿਆ ਹੈ ਅਤੇ ਫਿਰ ਮਹਾਂਮਾਰੀ ਦਾ ਹਵਾਲਾ ਦਿੰਦੇ ਹੋਏ ਲੋਕ ਸਭਾ ਅਤੇ ਰਾਜ ਸਭਾ ਦੇ ਸੰਸਦ ਮੈਂਬਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਕਾਪੀਆਂ ਨੂੰ ਵੀ ਘਟਾ ਦਿੱਤਾ ਗਿਆ।

ਇਹ ਵੀ ਪੜ੍ਹੋ: ਸਰਕਾਰ ਨੇ ਮਨੁੱਖੀ ਵਾਲਾਂ ਦੀ ਬਰਾਮਦ 'ਤੇ ਲਗਾਈ ਰੋਕ , ਜਾਣੋ ਵਜ੍ਹਾ

ਨੋਟ - ਇਸ ਖ਼ਬਰ  ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News