ਬਜਟ 2021 ਤੋਂ ਖੁਸ਼ ਬਾਜ਼ਾਰ, ਸੈਂਸੈਕਸ 'ਚ 1,400 ਅੰਕ ਦਾ ਜ਼ੋਰਦਾਰ ਉਛਾਲ
Monday, Feb 01, 2021 - 12:59 PM (IST)
ਮੁੰਬਈ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤੇ ਬਜਟ ਨਾਲ ਸ਼ੇਅਰ ਬਾਜ਼ਾਰ ਵਿਚ ਖ਼ੁਸ਼ੀ ਦਾ ਮਾਹੌਲ ਨਜ਼ਰ ਆ ਰਿਹਾ ਹੈ। ਸੈਂਸੈਕਸ 1,433.93 ਅੰਕ ਉਛਲ ਕੇ 47,725 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਉੱਥੇ ਹੀ, ਨਿਫਟੀ 400 ਅੰਕ ਦੀ ਛਲਾਂਗ ਲਾ ਕੇ 14,000 ਤੋਂ ਪਾਰ ਨਿਕਲ ਗਿਆ ਹੈ।
ਸਰਕਾਰ ਵੱਲੋਂ ਕੋਰੋਨਾ ਕਾਰਨ ਪ੍ਰਭਾਵਿਤ ਅਰਥਵਿਵਸਥਾ ਨੂੰ ਬੂਸਟ ਦੇਣ ਲਈ ਚੁੱਕੇ ਗਏ ਕਦਮਾਂ ਨਾਲ ਨਿਵੇਸ਼ਕ ਸ਼ੇਅਰ ਬਾਜ਼ਾਰ ਵਿਚ ਜਮ ਕੇ ਖ਼ਰੀਦਦਾਰੀ ਕਰ ਰਹੇ ਹਨ। ਵਿੱਤੀ ਘਾਟਾ ਦਾ ਟੀਚਾ ਬਾਜ਼ਾਰ ਉਮੀਦਾਂ ਮੁਤਾਬਕ ਹੀ ਰਿਹਾ। ਸਰਕਾਰ ਨੇ ਮੌਜੂਦਾ ਵਿੱਤੀ ਸਾਲ ਵਿਚ ਬਜਟ ਘਾਟਾ 9 ਫ਼ੀਸਦੀ ਰਹਿਣ ਦੀ ਸੰਭਾਵਨਾ ਜਤਾਈ ਹੈ, ਜਦੋਂ ਕਿ ਵਿੱਤੀ ਸਾਲ 2021-22 ਲਈ ਇਸ ਦਾ ਟੀਚਾ 6.8 ਫ਼ੀਸਦੀ ਰੱਖਿਆ ਗਿਆ ਹੈ, ਯਾਨੀ ਸਰਕਾਰ ਨੇ ਇਕ ਸੰਤੁਲਿਤ ਬਜਟ ਪੇਸ਼ ਕੀਤਾ ਹੈ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 2021-22 ਦੇ ਕੇਂਦਰੀ ਬਜਟ ਵਿੱਚ ਵਿੱਤੀ ਸਾਲ 2021-222 ਲਈ ਸਰਕਾਰੀ ਬੈਂਕਾਂ ਵਿਚ 20,000 ਕਰੋੜ ਰੁਪਏ ਦੀ ਪੂੰਜੀ ਨਿਵੇਸ਼ ਦੀ ਘੋਸ਼ਣਾ ਕੀਤੀ ਹੈ।
ਇਸ ਘੋਸ਼ਣਾ ਨਾਲ ਨਿਫਟੀ ਪੀ. ਐੱਸ. ਯੂ. ਬੈਂਕ ਇੰਡੈਕਸ ਆਪਣੇ ਪਿਛਲੇ ਬੰਦ ਦੇ ਮੁਕਾਬਲੇ 6 ਫ਼ੀਸਦੀ ਤੋਂ ਵੱਧ ਚੜ੍ਹ ਗਿਆ। ਐੱਸ. ਬੀ. ਆਈ. ਵਿਚ 8 ਫ਼ੀਸਦੀ, ਬੈਂਕ ਆਫ ਇੰਡੀਆ ਵਿਚ 6.6 ਫ਼ੀਸਦੀ, ਬੈਂਕ ਆਫ ਬੜੌਦਾ ਵਿਚ 5.7 ਫ਼ੀਸਦੀ, ਕੇਨਰਾ ਬੈਂਕ ਵਿਚ 5.5 ਫ਼ੀਸਦੀ, ਇੰਡੀਅਨ ਬੈਂਕ ਵਿਚ 5 ਫ਼ੀਸਦੀ, ਸੈਂਟਰਲ ਬੈਂਕ ਆਫ ਇੰਡੀਆ ਵਿਚ 4.4 ਫ਼ੀਸਦੀ, ਇੰਡੀਅਨ ਓਵਰਸੀਜ਼ ਬੈਂਕ ਵਿਚ 2.8 ਫ਼ੀਸਦੀ, ਪੰਜਾਬ ਨੈਸ਼ਨਲ ਬੈਂਕ ਵਿਚ 2.5 ਫ਼ੀਸਦੀ, ਬੈਂਕ ਆਫ ਮਹਾਰਾਸ਼ਟਰ ਵਿਚ 2.34 ਫ਼ੀਸਦੀ, ਯੂਨੀਅਨ ਬੈਂਕ ਆਫ ਇੰਡੀਆ ਵਿਚ 1.8 ਫ਼ੀਸਦੀ ਅਤੇ ਯੂਕੋ ਬੈਂਕ ਵਿਚ 1.2 ਫ਼ੀਸਦੀ ਬੜ੍ਹਤ ਦਰਜ ਹੋਈ।