ਦਿੱਲੀ-ਮੁੰਬਈ 'ਚ 1 ਮਾਰਚ 2021 ਤੋਂ BSNL ਦੇਵੇਗੀ ਲੈਂਡਲਾਈਨ ਸੇਵਾਵਾਂ

Tuesday, Jan 19, 2021 - 10:11 PM (IST)

ਦਿੱਲੀ-ਮੁੰਬਈ 'ਚ 1 ਮਾਰਚ 2021 ਤੋਂ BSNL ਦੇਵੇਗੀ ਲੈਂਡਲਾਈਨ ਸੇਵਾਵਾਂ

ਨਵੀਂ ਦਿੱਲੀ- ਭਾਰਤ ਸੰਚਾਰ ਨਿਗਮ ਲਿਮਟਿਡ (ਬੀ. ਐੱਸ. ਐੱਨ. ਐੱਲ.) ਹੁਣ ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਮੁੰਬਈ ਵਿਚ 1 ਮਾਰਚ ਤੋਂ ਲੈਂਡਲਾਈਨ ਸੇਵਾਵਾਂ ਮੁਹੱਈਆ ਕਰਾਉਣਾ ਸ਼ੁਰੂ ਕਰੇਗੀ। ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ ਬੀ. ਐੱਸ. ਐੱਨ. ਐੱਲ. ਮਹਾਨਗਰ ਟੈਲੀਫੋਨ ਨਿਗਮ ਲਿਮਟਿਡ (ਐੱਮ. ਟੀ. ਐੱਨ. ਐੱਲ.) ਦੇ ਮਾਧਿਅਮ ਨਾਲ 1 ਜਨਵਰੀ 2021 ਤੋਂ ਸੇਵਾਵਾਂ ਮੁਹੱਈਆ ਕਰਾਏਗੀ ਪਰ ਦੋਹਾਂ ਕੰਪਨੀਆਂ ਵਿਚਕਾਰ ਅੰਦਰੂਨੀ ਸਮੱਸਿਆਵਾਂ ਦੀ ਵਜ੍ਹਾ ਨਾਲ ਅਜਿਹਾ ਨਹੀਂ ਕੀਤਾ ਜਾ ਸਕਿਆ।

ਇਕ ਅਧਿਕਾਰੀ ਨੇ ਵਿਸਥਾਰ ਵੇਰਵਾ ਦਿੱਤੇ ਬਿਨਾਂ ਕਿਹਾ, ''ਹੁਣ ਬੀ. ਐੱਸ. ਐੱਨ. ਐੱਲ. ਸੇਵਾਵਾਂ ਦੇਣ 'ਤੇ ਸਹਿਮਤ ਹੋ ਗਈ ਹੈ। ਦੋਹਾਂ ਕੰਪਨੀਆਂ ਵਿਚਕਾਰ ਤਕਨੀਕ ਨਾਲ ਜੁੜਿਆ ਮਸਲਾ ਸੀ ਅਤੇ ਇਸ ਦੀ ਵਜ੍ਹਾ ਨਾਲ ਦੇਰੀ ਹੋ ਰਹੀ ਸੀ।''

ਦਸੰਬਰ ਵਿਚ ਦੂਰਸੰਚਾਰ ਵਿਭਾਗ ਨੇ ਬੀ. ਐੱਸ. ਐੱਨ. ਐੱਲ. ਨੂੰ ਦਿੱਲੀ ਅਤੇ ਮੁੰਬਈ ਸਣੇ ਦੇਸ਼ ਭਰ ਵਿਚ ਮੋਬਾਇਲ, ਫਿਕਸਡ ਲਾਈਨ, ਸੈਟੇਲਾਈਟ ਅਤੇ ਹੋਰ ਸੰਚਾਰ ਸੇਵਾਵਾਂ ਦੇਣ ਲਈ 20 ਸਾਲ ਦਾ ਲਾਇਸੈਂਸ ਦਿੱਤਾ ਸੀ, ਜੋ 29 ਫਰਵਰੀ 2020 ਤੋਂ ਪ੍ਰਭਾਵੀ ਹੈ। ਬੀ. ਐੱਸ. ਐੱਨ. ਐੱਲ. ਨੂੰ ਦਿੱਲੀ, ਗਾਜ਼ੀਆਬਾਦ, ਫਰੀਦਾਬਾਦ, ਨੋਇਡਾ ਅਤੇ ਗੁੜਗਾਓਂ ਟੈਲੀਫੋਨ ਐਕਸਚੇਂਜਾਂ ਅਤੇ ਮੁੰਬਈ, ਨਵੀਂ ਮੁੰਬਈ ਅਤੇ ਕਲਿਆਣ ਟੈਲੀਫੋਨ ਐਕਸਚੇਂਜਾਂ ਵਰਗੇ ਸਥਾਨਕ ਖੇਤਰ ਦੀਆਂ ਸੇਵਾਵਾਂ ਲਈ ਅਧਿਕਾਰਤ ਕੀਤਾ ਗਿਆ ਹੈ। ਇਸ ਸਮੇਂ ਐੱਮ. ਟੀ. ਐੱਨ. ਐੱਲ. ਦਿੱਲੀ ਅਤੇ ਮੁੰਬਈ ਵਿਚ ਟੈਲੀਕਾਮ ਸੇਵਾਵਾਂ ਦੇ ਰਹੀ ਹੈ ਅਤੇ ਬੀ. ਐੱਸ. ਐੱਨ. ਐੱਲ. ਬਾਕੀ ਭਾਰਤ ਵਿਚ ਸੇਵਾਵਾਂ ਦਿੰਦੀ ਹੈ।


author

Sanjeev

Content Editor

Related News