‘BSNL ਨੇ ਲਕਸ਼ਦੀਪ ਲਈ ਉੱਚ ਸਮਰੱਥਾ ਦੀ ਸੰਪਰਕ ਸਹੂਲਤ ਸ਼ੁਰੂ ਕੀਤੀ’
Sunday, Aug 15, 2021 - 10:49 AM (IST)
ਤਿਰੂਵਨੰਤਪੁਰਮ, (ਭਾਸ਼ਾ)– ਜਨਤਕ ਖੇਤਰ ਦੀ ਦੂਰਸੰਚਾਰ ਕੰਪਨੀ ਬੀ. ਐੱਸ. ਐੱਨ. ਐੱਲ. ਨੇ ਲਕਸ਼ਦੀਪ ਦੇ ਲੋਕਾਂ ਦੀਆਂ ਬ੍ਰਾਡਬੈਂਡ ਸੇਵਾਵਾਂ ਅਤੇ ਪ੍ਰਸ਼ਾਸਨ ਦੀਆਂ ਈ-ਗਵਰਨੈਂਸ ਸੇਵਾਵਾਂ ਤੱਕ ਬਿਹਤਰ ਪਹੁੰਚ ਯਕੀਨੀ ਕਰਨ ਲਈ ਹਾਈ ਸਪੀਡ ਵਾਲੀ ਸੈਟੇਲਾਈਟ ਆਧਾਰਿਤ ਸੰਪਰਕ ਸਹੂਲਤ ਸ਼ੁਰੂ ਕੀਤੀ ਹੈ। ਇਹ ਪਹਿਲ ਦੂਰਸੰਚਾਰ ਵਿਭਾਗ ਵਲੋਂ ਫੰਡਿਡ ਯੂਨੀਵਰਸਲ ਸਰਵਿਸ ਆਬਲੀਗੇਸ਼ਨ (ਯੂ. ਐੱਸ. ਓ.) ਯੋਜਨਾ ਦੇ ਤਹਿਤ ਸ਼ੁਰੂ ਕੀਤੀ ਗਈ ਹੈ।
ਭਾਰਤੀ ਦੂਰਸੰਚਾਰ ਰੈਗੂਲੇਟਰ ਅਥਾਰਿਟੀ (ਟ੍ਰਾਈ) ਨੇ 2014 ’ਚ ਅਨੁਮਾਨ ਲਗਾਇਆ ਸੀ ਕਿ ਇਸ ਦੀਪ ਸਮੂਹ ਦੀ ਬੈਂਡਵਿਥ ਲੋੜ 7.6 ਜੀ. ਬੀ. ਪੀ. ਐੱਸ. ਹੈ। ਇਸ ਮੁਲਾਂਕਣ ਦੇ ਆਧਾਰ ’ਤੇ ਬੀ. ਐੱਸ. ਐੱਨ. ਐੱਲ. ਨੇ 216 ਐੱਮ. ਬੀ. ਪੀ. ਐੱਸ. ਸਮਰੱਥਾ ਜੋੜ ਕੇ ਲਕਸ਼ਦੀਪ ਦੀ ਕੁੱਲ ਬੈਂਡਵਿਥ ਨੂੰ 2018 ’ਚ 318 ਐੱਮ. ਬੀ. ਪੀ. ਐੱਸ. ਤੱਕ ਪਹੁੰਚਾਇਆ ਸੀ। ਇਸ ਤੋਂ ਬਾਅਦ ਇਸਰੋ ਨੇ ਵਾਧੂ 1,500 ਐੱਮ. ਬੀ. ਪੀ. ਐੱਸ. ਲਈ ਟ੍ਰਾਂਸਪਾਂਡਰ ਦੀ ਅਲਾਟਮੈਂਟ ਕੀਤੀ। ਨਾਲ ਹੀ ਉਸ ਨੇ ਬੀ. ਐੱਸ. ਐੱਨ. ਐੱਲ. ਨੂੰ ਆਪਣਾ ਹਾਰਡਵੇਅਰ ਮੁਹੱਈਆ ਕਰਵਾਇਆ। ਇਸ ਨਾਲ 1,500 ਐੱਮ. ਬੀ. ਪੀ. ਐੱਸ. ਦਾ ਅੰਸ਼ਿਕ ਇਸਤੇਮਾਲ ਸੰਭਵ ਹੋ ਸਕਿਆ।
ਬੀ. ਐੱਸ. ਐੱਨ. ਐੱਲ. ਨੇ ਹੁਣ ਨਵਾਂ ਹਾਰਡਵੇਅਰ ਲਗਾਇਆ ਅਤੇ ਚਾਲੂ ਕੀਤਾ ਹੈ, ਜਿਸ ਨਾਲ ਪੂਰੀ 1,500 ਐੱਮ. ਬੀ. ਪੀ. ਐੱਸ. ਸਮਰੱਥਾ ਦਾ ਇਸਤੇਮਾਲ ਹੋ ਸਕੇਗਾ। ਇਸ ਨਾਲ ਲਕਸ਼ਦੀਪ ਦੀ ਬੈਂਡਵਿਥ 70 ਫੀਸਦੀ ਵਧ ਕੇ 1.71 ਜੀ. ਬੀ. ਪੀ. ਐੱਸ. ਹੋ ਜਾਏਗੀ। ਸੰਚਾਰ ਰਾਜ ਮੰਤਰੀ ਦੇਵ ਸਿੰਘ ਚੌਹਾਨ ਨੇ ਸ਼ਨੀਵਾਰ ਇਹ ਯੋਜਨਾ ਰਾਸ਼ਟਰ ਨੂੰ ਸਮਰਪਿਤ ਕੀਤੀ। ਉਨ੍ਹਾਂ ਨੇ ਰਾਸ਼ਟਰੀ ਮਹੱਤਵ ਦੀ ਇਸ ਯੋਜਨਾ ਨੂੰ ਪੂਰਾ ਕਰਨ ਲਈ ਬੀ. ਐੱਸ. ਐੱਨ. ਐੱਲ. ਦੇ ਯਤਨਾਂ ਦੀ ਸ਼ਲਾਘਾ ਵੀ ਕੀਤੀ।