ਬ੍ਰੈਂਟ ਕਰੂਡ 60 ਡਾਲਰ 'ਤੇ ਪੁੱਜਾ, ਪੈਟਰੋਲ-ਡੀਜ਼ਲ ਹੋ ਸਕਦਾ ਹੈ ਹੋਰ ਮਹਿੰਗਾ
Monday, Feb 08, 2021 - 03:00 PM (IST)
ਨਵੀਂ ਦਿੱਲੀ- ਕੌਮਾਂਤਰੀ ਬਾਜ਼ਾਰ ਵਿਚ ਬ੍ਰੈਂਟ ਕਰੂਡ ਦੀ ਕੀਮਤ 60 ਡਾਲਰ ਪ੍ਰਤੀ ਬੈਰਲ ਹੋ ਗਈ ਹੈ। ਇਹ ਇਸ ਦਾ ਇਕ ਸਾਲ ਵਿਚ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਹੈ। ਇਸ ਨਾਲ ਪੈਟਰੋਲ-ਡੀਜ਼ਲ ਹੋਰ ਮਹਿੰਗਾ ਹੋ ਸਕਦਾ ਹੈ। ਨਤੀਜੇ ਵਜੋਂ ਸਬਜ਼ੀਆਂ, ਦਾਲਾਂ ਸਣੇ ਹੋਰ ਖਾਣ-ਪੀਣ ਦੀਆਂ ਕਈ ਚੀਜ਼ਾਂ ਦੀ ਕੀਮਤ ਵੀ ਵੱਧ ਸਕਦੀ ਹੈ।
ਸੋਮਵਾਰ ਨੂੰ ਕਾਰੋਬਾਰ ਦੌਰਾਨ ਜਿੱਥੇ ਬ੍ਰੈਂਟ 60.06 ਡਾਲਰ ਪ੍ਰਤੀ ਬੈਰਲ 'ਤੇ ਜਾ ਪੁੱਜਾ, ਉੱਥੇ ਹੀ, ਡਬਲਿਊ. ਟੀ. ਆਈ. ਕਰੂਡ ਵੀ 57.45 ਡਾਲਰ ਪ੍ਰਤੀ ਬੈਰਲ ਨੂੰ ਛੂਹ ਗਿਆ। ਉਤਪਾਦਨ ਵਿਚ ਕਟੌਤੀ, ਵਿਸ਼ਵ ਭਰ ਵਿਚ ਆਰਥਿਕ ਗਤੀਵਧੀਆਂ ਵਿਚ ਤੇਜ਼ੀ ਅਤੇ ਅਮਰੀਕਾ ਵਿਚ ਨਵੇਂ ਰਾਹਤ ਪੈਕੇਜ ਨੂੰ ਲੈ ਕੇ ਮੰਗ ਪ੍ਰਤੀ ਹਾਂ-ਪੱਖੀ ਸੰਕੇਤਾਂ ਨਾਲ ਕੱਚੇ ਤੇਲ ਦੀਆਂ ਕੀਮਤਾਂ ਚੜ੍ਹ ਰਹੀਆਂ ਹਨ।
ਸਾਊਦੀ ਫਰਵਰੀ ਤੇ ਮਾਰਚ ਵਿਚ ਸਪਲਾਈ ਵਿਚ ਹੋਰ ਕਟੌਤੀ ਕਰੇਗਾ, ਲਿਹਾਜਾ ਕੀਮਤਾਂ ਹੋਰ ਚੜ੍ਹਨ ਦਾ ਖ਼ਦਸ਼ਾ ਹੈ। ਸਾਊਦੀ ਇਸ ਦੌਰਾਨ ਰੋਜ਼ਾਨਾ ਦਾ ਉਤਪਾਦਨ 10 ਲੱਖ ਬੈਰਲ ਘਟਾ ਦੇਵੇਗਾ। ਉੱਥੇ ਹੀ, ਪੈਟਰੋਲ-ਡੀਜ਼ਲ ਦੀ ਗੱਲ ਕਰੀਏ ਤਾਂ ਲਗਾਤਾਰ ਤੀਜੇ ਦਿਨ ਕੀਮਤਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ। ਹਾਲਾਂਕਿ, ਇਸ ਸਾਲ ਪੈਟਰੋਲ 3.24 ਰੁਪਏ ਤੇ ਡੀਜ਼ਲ 3.26 ਰੁਪਏ ਮਹਿੰਗਾ ਹੋ ਚੁੱਕਾ ਹੈ। ਪਿਛਲੀ ਵਾਰ ਪੈਟਰੋਲ-ਡੀਜ਼ਲ ਕੀਮਤਾਂ 4 ਅਕਤੂਬਰ 2018 ਨੂੰ ਰਿਕਾਰਡ 'ਤੇ ਪਹੁੰਚ ਗਈਆਂ ਸਨ, ਜਦੋਂ ਬ੍ਰੈਂਟ 80 ਡਾਲਰ ਪ੍ਰਤੀ ਬੈਰਲ 'ਤੇ ਸੀ।