ਬੋਇੰਗ ਨੇ ਲੁਕਾਈ 737 ਮੈਕਸ ਜੈੱਟਾਂ ''ਚ ਖਾਮੀ, 346 ਲੋਕਾਂ ਦੀ ਹੋਈ ਸੀ ਮੌਤ

Wednesday, Sep 16, 2020 - 07:38 PM (IST)

ਵਾਸ਼ਿੰਗਟਨ— ਪਿਛਲੇ ਸਾਲ ਦੋ 737 ਮੈਕਸ ਜੈੱਟਾਂ ਦੇ ਦੁਰਘਟਨਾਗ੍ਰਸਤ ਹੋਣ ਪਿੱਛੋਂ ਵਿਵਾਦਾਂ 'ਚ ਘਰੀ ਬੋਇੰਗ ਨੂੰ ਲੈ ਕੇ ਚੱਲ ਰਹੀ ਜਾਂਚ ਵਿਚਕਾਰ ਰਿਪੋਰਟ 'ਚ ਇਹ ਗੱਲ ਸਾਹਮਣੇ ਆਈ ਹੈ ਬੋਇੰਗ ਨੇ ਪਾਇਲਟ ਅਤੇ ਰੈਗੂਲੇਟਰਾਂ ਕੋਲੋਂ ਮੈਕਸ ਜੈੱਟਾਂ 'ਚ ਡਿਜ਼ਾਇਨ ਦੀਆਂ ਖਾਮੀਆਂ ਲੁਕਾ ਕੇ ਰੱਖੀਆਂ ਸਨ। ਯੂ. ਐੱਸ. ਹਾਊਫ ਰਿਪ੍ਰੈਜ਼ੇਨਟੇਟਿਵਜ਼ ਟਰਾਂਸਪੋਰਟ ਕਮੇਟੀ ਦੀ ਰਿਪੋਰਟ ਮੁਤਾਬਕ, ਅਮਰੀਕੀ ਹਵਾਈ ਜਹਾਜ਼ ਨਿਰਮਾਤਾ ਬੋਇੰਗ ਨੇ ਯੂਰਪੀ ਮੁਕਾਬਲੇਬਾਜ਼ ਏਅਰਬੱਸ ਤੋਂ ਮੋਹਰੇ ਨਿਕਲਣ ਦੀ ਕੋਸ਼ਿਸ਼ 'ਚ 737 ਮੈਕਸ ਜੈੱਟਾਂ ਦੇ ਨਵੇਂ ਡਿਜ਼ਾਇਨ 'ਚ ਸਮੇਂ ਅਤੇ ਪੈਸੇ ਦੀ ਬਚਤ ਲਈ ਲਾਪਰਵਾਹੀ ਵਰਤੀ ਅਤੇ ਇਸ ਦੀ ਅਣਦੇਖੀ ਲਈ ਰੈਗੂਲੇਟਰਾਂ 'ਤੇ ਦਬਾਅ ਪਾਇਆ।

ਇਥੋਪੀਆ 'ਚ ਮਾਰਚ 2019 'ਚ ਬੋਇੰਗ 737 ਮੈਕਸ ਜਹਾਜ਼ ਦੁਰਘਟਨਾਗ੍ਰਸਤ ਹੋਣ ਮਗਰੋਂ ਕਈ ਦੇਸ਼ਾਂ ਨੇ ਤੁਰੰਤ ਇਨ੍ਹਾਂ ਜਹਾਜ਼ਾਂ ਦੇ ਉਡਾਣ ਭਰਨ 'ਤੇ ਰੋਕ ਲਾ ਦਿੱਤੀ ਸੀ। ਪੰਜ ਮਹੀਨੇ 'ਚ ਬੋਇੰਗ 737 ਮੈਕਸ ਜਹਾਜ਼ ਦੁਰਘਟਨਾਗ੍ਰਸਤ ਹੋਣ ਦੀ ਇਹ ਦੂਜੀ ਘਟਨਾ ਸੀ। ਇਸ ਤੋਂ ਪਹਿਲਾਂ ਇੰਡੋਨੇਸ਼ੀਆ 'ਚ ਇਸੇ ਤਰ੍ਹਾਂ ਦੀ ਦੁਰਘਟਨਾ ਵਾਪਰੀ ਸੀ। ਇਨ੍ਹਾਂ ਦੋਹਾਂ ਦੁਰਘਟਨਾਵਾਂ 'ਚ ਕੁੱਲ 346 ਲੋਕਾਂ ਦੀ ਮੌਤ ਹੋ ਗਈ ਸੀ।

ਰਿਪੋਰਟ ਦਾ ਕਹਿਣਾ ਹੈ ਕਿ ਬੋਇੰਗ ਦੇ ਇੰਜੀਨੀਅਰਾਂ ਵੱਲੋਂ ਤਕਨੀਕ ਨੂੰ ਲੈ ਕੇ ਵਰਤੀ ਗਈ ਲਾਪਰਵਾਹੀ, ਬੋਇੰਗ ਦੇ ਪ੍ਰਬੰਧਨ 'ਚ ਪਾਰਦਰਸ਼ਤਾ ਦੀ ਕਮੀ ਅਤੇ ਫੈਡਰਲ ਹਵਾਬਾਜ਼ੀ ਪ੍ਰਸ਼ਾਸਨ ਵੱਲੋਂ ਨਿਗਰਾਨੀ ਦੀ ਘਾਟ ਦੇ ਸਿੱਟੇ ਵਜੋਂ ਦੋ ਵੱਡੀਆਂ ਦੁਰਘਟਨਾਵਾਂ ਵਾਪਰੀਆਂ। ਜਾਂਚਕਰਤਾਵਾਂ ਨੇ ਪਾਇਆ ਕਿ ਦੋਹਾਂ ਮੌਕਿਆਂ 'ਤੇ ਨੁਕਸਦਾਰ ਸੈਂਸਰ ਕਾਰਨ ਆਟੋਮੈਟਿਕ ਐਂਟੀ ਸਟਾਲ ਸਿਸਟਮ ਨੇ ਸਹੀ ਕੰਮ ਨਹੀਂ ਕੀਤਾ ਅਤੇ ਜਹਾਜ਼ ਦੀ ਨੋਜ਼ ਥੱਲ੍ਹੇ ਵੱਲ ਨੂੰ ਹੋ ਗਈ। ਲਾਇਨ ਏਅਰ ਤੇ ਇਥੋਪੀਅਨ ਏਅਰਲਾਇੰਸ ਦੋਹਾਂ ਦੇ ਪਾਇਲਟਾਂ ਨੇ ਆਪਣੇ ਜਹਾਜ਼ ਨੂੰ ਸਹੀ ਦਿਸ਼ਾ 'ਚ ਕਰਨ ਲਈ ਕਾਫ਼ੀ ਜੱਦੋ-ਜਹਿਦ ਕੀਤੀ ਪਰ ਆਟੋਮੈਟਿਕ ਸਿਸਟਮ 'ਚ ਨੁਕਸ ਨੇ ਹਰ ਵਾਰ ਇਸ ਨੂੰ ਅਸਫਲ ਕਰ ਦਿੱਤਾ। ਜਾਂਚ 'ਚ ਇਹ ਗੱਲ ਸਾਹਮਣੇ ਆਈ ਕਿ ਬੋਇੰਗ ਬੜੀ ਚਾਲਾਕੀ ਨਾਲ ਯੂ. ਐੱਸ. ਫੈਡਰਲ ਹਵਾਬਾਜ਼ੀ ਪ੍ਰਸ਼ਾਸਨ ਤੋਂ ਤਕੀਨੀਕ ਖਾਮੀ ਨੂੰ ਲੁਕਾਉਣ 'ਚ ਸਫਲ ਰਿਹਾ ਤਾਂ ਜੋ ਐਂਟੀ-ਸਟਾਲ ਸਿਸਟਮ ਨੂੰ 'ਸੁਰੱਖਿਆ ਲਈ ਗੰਭੀਰ' ਵਜੋਂ ਸ਼੍ਰੇਣੀਬੱਧ ਨਾ ਕੀਤਾ ਜਾਵੇ। ਇਸ ਮਤਲਬ ਹੈ ਕਿ ਮੈਕਸ ਨੂੰ ਉਡਾਣ ਤੋਂ ਪਹਿਲਾਂ ਕਈ ਪਾਇਲਟਾਂ ਨੂੰ ਇਸ ਬਾਰੇ ਕੁਝ ਪਤਾ ਨਹੀਂ ਸੀ।


Sanjeev

Content Editor

Related News