ਬਿਟਕੁਆਇਨ ਦੀਆਂ ਕੀਮਤਾਂ 'ਚ ਆਈ ਭਾਰੀ ਗਿਰਾਵਟ
Wednesday, Nov 24, 2021 - 12:11 AM (IST)
ਜਲੰਧਰ-ਕੇਂਦਰ ਸਰਕਾਰ ਵੱਲੋਂ 29 ਨਵੰਬਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਸਰਦ ਰੁੱਤ ਸੈਸ਼ਨ 'ਚ ਕ੍ਰਿਪਟੋ ਕਰੰਸੀ 'ਤੇ ਕਾਨੂੰਨ ਲਿਆਏ ਜਾਣ ਦੀ ਖਬਰ ਤੋਂ ਬਾਅਦ ਮੰਗਲਵਾਰ ਦੇਰ ਰਾਤ ਭਾਰਤ 'ਚ ਬਿਟਕੁਆਇਨ ਦੀਆਂ ਕੀਮਤਾਂ 'ਚ 17 ਫੀਸਦੀ ਤੱਕ ਗਿਰਾਵਟ ਦਰਜ ਕੀਤੀ ਗਈ ਜਦਕਿ ਯੂ.ਐੱਸ.ਡੀ.ਟੀ. 'ਚ 12 ਫੀਸਦੀ ਗਿਰਾਵਟ ਆਈ।
ਮੰਗਲਵਾਰ ਦੇਰ ਰਾਤ ਵਜੀਰ ਐਕਸ 'ਤੇ ਇਕ ਬਿਟਕੁਆਇਨ ਦੀ ਕੀਮਤ 37 ਲੱਖ 98 ਹਜ਼ਾਰ ਰੁਪਏ ਦੇ ਕਰੀਬ ਚੱਲ ਰਹੀ ਸੀ ਪਰ ਇਹ 46 ਲੱਖ 35 ਹਜ਼ਾਰ ਦੇ ਆਪਣੇ ਉੱਚਤਮ ਪੱਧਰ ਤੋਂ ਕਰੀਬ 18 ਫੀਸਦੀ ਤੱਕ ਡਿੱਗ ਗਿਆ ਸੀ ਜਦੋਂ ਕਿ ਯੂ.ਐੱਸ.ਡੀ.ਟੀ. ਦੇਰ ਰਾਤ 71 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ ਅਤੇ ਇਹ ਆਪਣੇ 80 ਰੁਪਏ ਦੇ ਵੱਡੇ ਪੱਧਰ ਤੋਂ ਕਰੀਬ 19 ਫ਼ੀਸਦੀ ਡਿੱਗ ਕੇ 65 ਰੁਪਏ ਤੱਕ ਪਹੁੰਚ ਗਿਆ ਸੀ।
ਇਹ ਵੀ ਪੜ੍ਹੋ : ਇਜ਼ਰਾਈਲ ਨੇ 5 ਤੋਂ 11 ਸਾਲ ਦੇ ਬੱਚਿਆਂ ਦਾ ਕੋਰੋਨਾ ਟੀਕਾਕਰਨ ਕੀਤਾ ਸ਼ੁਰੂ
ਭਾਰਤੀ ਨਿਵੇਸ਼ਕਾਂ ਨੂੰ ਡਰ ਹੈ ਕਿ ਸਰਕਾਰ ਇਸ 'ਤੇ ਕਾਬੂ ਪਾਉਣ ਲਈ ਜੇਕਰ ਕਾਨੂੰਨ ਲਿਆਉਂਦੀ ਹੈ ਤਾਂ ਕਾਨੂੰਨ ਵਿੱਚ ਸਖ਼ਤ ਪ੍ਰਬੰਧ ਹੋ ਸਕਦੇ ਹਨ ਲਿਹਾਜ਼ਾ ਨਿਵੇਸ਼ਕਾਂ ਨੇ ਮੰਗਲਵਾਰ ਦੇਰ ਰਾਤ ਆਪਣੀ ਪੋਜਿਸ਼ੰਸ ਸਕਵੇਰ ਆਫ ਕਰਨੀ ਸ਼ੁਰੂ ਕਰ ਦਿੱਤੀ ਹੈ। ਬਿਟਕੁਆਇਨ ਦੇ ਨਾਲ-ਨਾਲ ਹੋਰ ਕਰੰਸੀ ਵੀ ਦੇਰ ਰਾਤ 25 ਫੀਸਦੀ ਤੱਕ ਗਿਰਾਵਟ ਦੇ ਨਾਲ ਕਾਰੋਬਾਰ ਕਰ ਰਹੀ ਸੀ।
ਉਥੇ, ਦੂਜੇ ਪਾਸੇ ਅਮਰੀਕੀ ਸਰਕਾਰ ਨੇ ਕੱਚੇ ਤੇਲ ਦੀਆਂ ਕੀਮਤਾਂ ਨੂੰ ਹੇਠਾਂ ਲਿਆਉਣ ਲਈ ਆਪਣੇ ਰਣਨੀਤਕ ਤੇਲ ਭੰਡਾਰ ਤੋਂ ਪੰਜ ਕਰੋੜ ਬੈਰਲ ਤੇਲ ਜਾਰੀ ਕਰਨ ਦਾ ਹੁਕਮ ਦਿੱਤਾ ਹੈ। ਅਮਰੀਕਾ ਹੋਰ ਦੇਸ਼ਾਂ ਨਾਲ ਤਾਲਮੇਲ ਕਰ ਕੇ ਕੱਚੇ ਤੇਲ ਦੀਆਂ ਕੀਮਤਾਂ ਨੂੰ ਹੇਠਾਂ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਮਰੀਕਨ ਆਟੋਮੋਬਾਇਲ ਐਸੋਸੀਏਸ਼ਨ ਨੇ ਕਿਹਾ ਕਿ ਅਮਰੀਕੀ ਸਰਕਾਰ ਦੇ ਇਸ ਕਦਮ ਦਾ ਮਕਸੱਦ ਗੈਸ ਅਤੇ ਪੈਟਰੋਲ ਦੀਆਂ ਕੀਮਤਾਂ ਹੇਠਾਂ ਲਿਆਉਣੀਆਂ ਹਨ। ਇਸ ਸਮੇਂ ਇਨ੍ਹਾਂ ਦੀ ਕੀਮਤ 3.40 ਪ੍ਰਤੀ ਗੈਲਨ 'ਤੇ ਹੈ ਜੋ ਇਕ ਸਾਲ ਪਹਿਲੇ ਦੀ ਤੁਲਨਾ 'ਚ ਦੁਗਣਾ ਹੈ। ਅਮਰੀਕਾ ਤੋਂ ਇਲਾਵਾ ਭਾਰਤ, ਜਾਪਾਨ, ਕੋਰੀਆ ਅਤੇ ਬ੍ਰਿਟੇਨ ਨੇ ਵੀ ਰਣਨੀਤਕ ਭੰਡਾਰ ਤੋਂ ਕੱਚਾ ਤੇਲ ਜਾਰੀ ਕਰਨ ਦਾ ਐਲਾਨ ਕੀਤਾ ਹੈ।ਐਲਾਨ ਤੋਂ ਬਾਅਦ ਅਮਰੀਕੀ ਤੇਲ 1.9 ਫੀਸਦੀ ਡਿੱਗ ਕੇ 75.30 ਡਾਲਰ ਪ੍ਰਤੀ ਬੈਰਲ ਦੇ ਹੇਠਾਂ ਪੱਧਰ 'ਤੇ ਆ ਗਿਆ। ਪਿਛਲੀ ਵਾਰ 2.5 ਫੀਸਦੀ 78.76 ਡਾਲਰ ਪ੍ਰਤੀ ਬੈਰਲ ਦਾ ਕਾਰੋਬਾਰ ਕਰ ਰਿਹਾ ਸੀ। ਅੰਤਰਰਾਸ਼ਟਰੀ ਬੈਂਚਮਾਰਕ ਬ੍ਰੇਂਟ ਕਰੂਡ 3.2 ਫੀਸਦੀ ਦੀ ਬੜਤ ਨਾਲ 82.31 ਡਾਲਰ ਪ੍ਰਤੀ ਬੈਰਲ 'ਤੇ ਰਿਹਾ।
ਇਹ ਵੀ ਪੜ੍ਹੋ : ਕੋਰੋਨਾ ਇਨਫੈਕਟਿਡ ਫਰਾਂਸ ਦੇ PM ਕਾਸਟੈਕਸ ਦੀ ਲਾਪਰਵਾਹੀ ਦੀ ਹੋ ਰਹੀ ਆਲੋਚਨਾ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।