BIS ਨੇ ਤੈਅ ਕੀਤੇ ਨਵੇਂ ਡਾਇਮੰਡ ਨਿਯਮ

Wednesday, Jan 21, 2026 - 05:27 AM (IST)

BIS ਨੇ ਤੈਅ ਕੀਤੇ ਨਵੇਂ ਡਾਇਮੰਡ ਨਿਯਮ

ਨਵੀਂ ਦਿੱਲੀ - ਹੀਰਾ ਖਰੀਦਣ ਵਾਲਿਆਂ ਲਈ ਵੱਡੀ ਖਬਰ ਹੈ। ਭਾਰਤੀ ਮਿਆਰ ਬਿਊਰੋ ਭਾਵ ਬੀ. ਆਈ. ਐੱਸ. ਨੇ ਡਾਇਮੰਡ ਨੂੰ ਲੈ ਕੇ ਇਕ ਨਵਾਂ ਫਰੇਮਵਰਕ ਲਾਗੂ ਕੀਤਾ ਹੈ। ਇਸ ਦਾ ਮਕਸਦ ਗਾਹਕਾਂ ਦੀ ਸੁਰੱਖਿਆ ਕਰਨਾ ਅਤੇ ਜਿਊਲਰੀ ਦੀ ਖਰੀਦ ’ਚ ਪਾਰਦਰਸ਼ਤਾ ਵਧਾਉਣਾ ਹੈ।

 ਭਾਰਤ ਦੇ ਜੈਮ ਅਤੇ ਜਿਊਲਰੀ ਉਦਯੋਗ ’ਚ ਲੰਮੇ ਸਮੇਂ ਤੋਂ ਡਾਇਮੰਡ ਅਤੇ ਉਸ ਦੇ ਬਦਲਾਂ ਨੂੰ ਲੈ ਕੇ ਸ਼ਬਦਾਂ ਦੀ ਗਲਤ ਜਾਂ ਗੁੰਮਰਾਹਕੁੰਨ ਵਰਤੋਂ ਦੀ ਸਮੱਸਿਆ ਰਹੀ ਹੈ। ਖਾਸ ਤੌਰ ’ਤੇ ਆਨਲਾਈਨ ਅਤੇ ਈ-ਕਾਮਰਸ ਪਲੇਟਫਾਰਮਾਂ ’ਤੇ ਗਾਹਕਾਂ ਨੂੰ ਸਹੀ ਜਾਣਕਾਰੀ ਨਹੀਂ ਮਿਲ ਪਾਉਂਦੀ ਸੀ। ਇਸ ਨਵੀਂ ਵਿਵਸਥਾ ਦਾ ਉਦੇਸ਼ ਇਸੇ ਭੰਬਲਭੂਸੇ ਨੂੰ ਦੂਰ ਕਰਨਾ ਹੈ।

ਨੈਚੁਰਲ ਡਾਇਮੰਡ ਕੌਂਸਲ ਭਾਵ ਐੱਨ. ਡੀ. ਸੀ. ਨੇ ਬੀ. ਆਈ. ਐੱਸ. ਵੱਲੋਂ ਅਪਣਾਏ ਮਿਆਰਾਂ ਦਾ ਸਵਾਗਤ ਕੀਤਾ ਹੈ। ਇਹ ਮਿਆਰ ਆਈ. ਐੱਸ. ਓ. 18323:2015 ਦਾ ਅਪਡੇਟ ਕੀਤਾ ਰੂਪ ਹੈ। ਐੱਨ. ਡੀ. ਸੀ. ਅਨੁਸਾਰ ਇਹ ਨਵਾਂ ਨਿਯਮ ਕੁਦਰਤੀ ਹੀਰੇ ਅਤੇ ਲੈਬ ’ਚ ਬਣਾਏ ਹੀਰਿਆਂ ਵਿਚਾਲੇ ਸਾਫ ਅਤੇ ਲਾਗੂ ਕਰਨ ਯੋਗ ਫਰਕ ਤੈਅ ਕਰਦਾ ਹੈ।

ਕੀ ਹਨ ਨਵੇਂ ਨਿਯਮ?
ਨਵੇਂ ਮਿਆਰਾਂ ਤਹਿਤ ਜੇਕਰ ਬਿਨਾਂ ਕਿਸੇ ਵਿਸ਼ੇਸ਼ ਸ਼ਬਦ ਦੇ ਡਾਇਮੰਡ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ, ਤਾਂ ਉਹ ਸਿਰਫ ਕੁਦਰਤੀ ਹੀਰੇ ਲਈ ਹੋਵੇਗੀ। ਵਿਕ੍ਰੇਤਾ ਇਸ ਦੇ ਨਾਲ ਕੁਦਰਤੀ, ਅਸਲੀ ਜਾਂ ਕੀਮਤੀ ਵਰਗੇ ਸ਼ਬਦਾਂ ਦੀ ਵਰਤੋਂ ਕਰ ਸਕਦੇ ਹਨ।

ਲੈਬ ਗ੍ਰੋਨ ਡਾਇਮੰਡ ਰੂਲਜ਼
ਲੈਬ ’ਚ ਬਣਾਏ ਹੀਰਿਆਂ ਲਈ ਪੂਰੀ ਜਾਣਕਾਰੀ ਦੇਣੀ ਜ਼ਰੂਰੀ ਹੋਵੇਗਾ। ਇਨ੍ਹਾਂ ਨੂੰ ਸਿਰਫ ਲੈਬਾਰਟਰੀ ਗ੍ਰੋਨ ਡਾਇਮੰਡ (ਐੱਲ. ਜੀ. ਡੀ.) ਜਾਂ ਲੈਬਾਰਟਰੀ ਕ੍ਰੀਏਟਿਡ ਡਾਇਮੰਡ ਹੀ ਕਿਹਾ ਜਾ ਸਕੇਗਾ। ਐੱਲ. ਜੀ. ਡੀ., ਲੈਬ ਗ੍ਰੋਨ ਜਾਂ ਲੈਬ ਡਾਇਮੰਡ ਵਰਗੇ ਛੋਟੇ ਸ਼ਬਦਾਂ ਦੀ ਵਰਤੋਂ ਹੁਣ ਰਸਮੀ ਜਾਣਕਾਰੀ ’ਚ ਨਹੀਂ ਕੀਤੀ ਜਾ ਸਕੇਗੀ। ਇਸ ਤੋਂ ਇਲਾਵਾ ਗੁੰਮਰਾਹਕੁੰਨ ਸ਼ਬਦਾਂ ’ਤੇ ਵੀ ਰੋਕ ਲਾਈ ਗਈ ਹੈ। ਕੁਦਰਤੀ, ਸ਼ੁੱਧ, ਅਰਥ ਫ੍ਰੈਂਡਲੀ ਜਾਂ ਕਲਚਰਡ ਵਰਗੇ ਸ਼ਬਦ ਲੈਬ ’ਚ ਬਣੇ ਹੀਰਿਆਂ ਲਈ ਵਰਤੇ ਨਹੀਂ ਜਾ ਸਕਣਗੇ। ਸਿਰਫ ਬ੍ਰਾਂਡ ਦਾ ਨਾਂ ਲਿਖਣਾ ਵੀ ਮੁਕੰਮਲ ਜਾਣਕਾਰੀ ਨਹੀਂ ਮੰਨਿਆ ਜਾਵੇਗਾ।

ਐੱਨ. ਡੀ. ਸੀ. ਦੀ ਮੈਨੇਜਿੰਗ ਡਾਇਰੈਕਟਰ ਰਿਚਾ ਸਿੰਘ ਨੇ ਕਿਹਾ ਕਿ ਇਹ ਮਿਆਰ ਗਾਹਕਾਂ ਲਈ ਲੰਮੇ ਸਮੇਂ ਤੋਂ ਲੋੜੀਂਦੀ ਸਪੱਸ਼ਟਤਾ ਲੈ ਕੇ ਆਇਆ ਹੈ। ਜਦੋਂ ਕੋਈ ਹੀਰਾ ਖਰੀਦੇ ਤਾਂ ਉਸ ਨੂੰ ਸਾਫ ਅਤੇ ਈਮਾਨਦਾਰ ਜਾਣਕਾਰੀ ਮਿਲਣੀ ਚਾਹੀਦੀ ਹੈ। ਜਿਊਲਰੀ ਉਦਯੋਗ ਦੇ ਕਈ ਲੋਕਾਂ ਨੇ ਵੀ ਇਸ ਕਦਮ ਦਾ ਸਮਰਥਨ ਕੀਤਾ ਹੈ। ਵੱਖ-ਵੱਖ ਜਿਊਲਰਾਂ ਨੇ ਕਿਹਾ ਕਿ ਇਹ ਨਿਯਮ ਭਰੋਸੇ ਨੂੰ ਮਜ਼ਬੂਤ ਕਰੇਗਾ, ਗਾਹਕਾਂ ਦੀ ਸਮਝ ਵਧਾਏਗਾ ਅਤੇ ਡਾਇਮੰਡ ਬਾਜ਼ਾਰ ’ਚ ਜ਼ਿੰਮੇਵਾਰੀ ਤੈਅ ਕਰੇਗਾ।
 


author

Inder Prajapati

Content Editor

Related News