ED ਦੀ ਛਾਪੇਮਾਰੀ ਤੋਂ ਬਾਅਦ ਅਮਰੀਕੀ ਕ੍ਰਿਪਟੋ ਐਕਸਚੇਂਜ ਦਾ ਬਿਆਨ ਆਇਆ ਸਾਹਮਣੇ, ਜਾਣੋ ਕੀ ਹੈ ਮਾਮਲਾ

Sunday, Aug 07, 2022 - 03:32 PM (IST)

ED ਦੀ ਛਾਪੇਮਾਰੀ ਤੋਂ ਬਾਅਦ ਅਮਰੀਕੀ ਕ੍ਰਿਪਟੋ ਐਕਸਚੇਂਜ ਦਾ ਬਿਆਨ ਆਇਆ ਸਾਹਮਣੇ, ਜਾਣੋ ਕੀ ਹੈ ਮਾਮਲਾ

ਨਵੀਂ ਦਿੱਲੀ (ਇੰਟ.) – ਭਾਰਤ ਦੀ ਡਿਜੀਟਲ ਕਰੰਸੀ ਐਕਸਚੇਂਜ ਵਜ਼ੀਰਐਕਸ ’ਤੇ ਈ. ਡੀ. ਦੀ ਛਾਪਮਾਰੀ ਅਤੇ 64 ਕਰੋੜ ਰੁਪਏ ਫ੍ਰੀਜ਼ ਕੀਤੇ ਜਾਣ ਤੋਂ ਬਾਅਦ ਅਮਰੀਕੀ ਕ੍ਰਿਪਟੋ ਐਕਸਚੇਂਜ ਬਾਇਨੈਂਸ ਨੇ ਕਿਹਾ ਕਿ ਉਸ ਦੀ ਵਜ਼ੀਰਐਕਸ ’ਚ ਕੋਈ ਹਿੱਸੇਦਾਰੀ ਨਹੀਂ ਹੈ। ਕੰਪਨੀ ਦੇ ਸੀ. ਈ. ਓ. ਸ਼ਾਂਗਪੇਂਗ ਜਾਓ ਨੇ ਟਵਿਟਰ ’ਤੇ ਲਿਖਿਆ ਕਿ ਉਨ੍ਹਾਂ ਦੀ ਕੰਪਨੀ ਵਜ਼ੀਰਐਕਸ ਦੀ ਮਾਲਕ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ 2019 ’ਚ ਵਜ਼ੀਰਐਕਸ ਦੀ ਐਕਵਾਇਰਮੈਂਟ ਦੀ ਡੀਲ ਸ਼ੁਰੂ ਹੋਈ ਸੀ ਪਰ ਇਹ ਕਦੀ ਪੂਰੀ ਨਹੀਂ ਹੋ ਸਕੀ। ਜਾਓ ਨੇ ਲਿਖਿਆ ਕਿ ਵਜ਼ੀਰਐਕਸ ਦੀ ਆਪ੍ਰੇਟਿੰਗ ਕਰਨ ਵਾਲੀ ਜਨਮਾਈ ਲੈਬਸ ’ਚ ਬਾਇਨੈਂਸ ਦੀ ਕੋਈ ਹਿੱਸੇਦਾਰੀ ਨਹੀਂ ਹੈ।

ਉਨ੍ਹਾਂ ਨੇ ਨਾਲ ਹੀ ਇਹ ਵੀ ਦੱਸਿਆ ਕਿ ਬਾਇਨੈਂਸ ਉਨ੍ਹਾਂ ਨੂੰ ਵਾਲੇਟ ਸਰਵਿਸ ਲਈ ਤਕਨੀਕੀ ਮਦਦ ਮਹੱਈਆ ਕਰਦੀ ਹੈ। ਵਜ਼ੀਰਐਕਸ ’ਤੇ ਕਿਸੇ ਵੀ ਤਰ੍ਹਾਂ ਦੇ ਐਕਸਚੇਂਜ, ਯੂਜ਼ਰ ਸਾਈਨਅਪ, ਕੇ. ਵਾਈ. ਸੀ., ਟ੍ਰੇਡਿੰਗ ਅਤੇ ਵਿਡ੍ਰਾਲ ਲਈ ਵਜ਼ੀਰਐਕਸ ਹੀ ਜ਼ਿੰਮੇਵਾਰ ਹੈ। ਜਾਓ ਨੇ ਵਜ਼ੀਰਐਕਸ ਨਾਲ ਨਾਂ ਜੋੜੇ ਜਾਣ ਨੂੰ ਲੈ ਕੇ ਦੁੱਖ ਪ੍ਰਗਟਾਇਆ ਅਤੇ ਕਿਹਾ ਕਿ ਉਹ ਈ. ਡੀ. ਦੀ ਹਰਸੰਭਵ ਮਦਦ ਲਈ ਤਿਆਰ ਹਨ।

ਕੀ ਹੈ ਪੂਰਾ ਮਾਮਲਾ

ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਕਿਹਾ ਕਿ ਵਜ਼ੀਰਐਕਸ ਖਿਲਾਫ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸਿਲਸਿਲੇ ’ਚ ਉਸ ਨੇ 64.67 ਕਰੋੜ ਰੁਪਏ ਦੇ ਬੈਂਕ ’ਚ ਜਮ੍ਹਾ ’ਤੇ ਰੋਕ ਲਗਾਈ ਹੈ। ਵਜ਼ੀਰਐਕਸ ’ਤੇ ਫਾਰੇਨ ਐਕਸਚੇਂਜ ਮੈਨੇਜਮੈਂਟ ਐਕਟ ਯਾਨੀ ਫੇਮਾ ਦੀ ਉਲੰਘਣਾ ਦਾ ਦੋਸ਼ ਲੱਗਾ ਹੈ। ਈ. ਡੀ. ਨੇ ਕਿਹਾ ਕਿ ਉਸ ਨੇ ਵਜ਼ੀਰਐਕਸ ਦੀ ਮਾਲਕ ਜਨਮਾਈ ਲੈਬ ਪ੍ਰਾਈਵੇਟ ਲਿਮਟਿਡ ਖਿਲਾਫ 3 ਅਗਸਤ ਨੂੰ ਹੈਦਰਾਬਾਦ ’ਚ ਛਾਪੇਮਾਰੀ ਦੀ ਕਾਰਵਾਈ ਕੀਤੀ ਹੈ। ਕ੍ਰਿਪਟੋ ਐਕਸਚੇਂਜ ਖਿਲਾਫ ਏਜੰਸੀ ਦੀ ਜਾਂਚ ਭਾਰਤ ’ਚ ਚੱਲ ਰਹੀਆਂ ਚੀਨ ਦੀਆਂ ਕਈ ਕਰਜ਼ੇ ਦੇਣ ਵਾਲੀਆਂ ਐਪ (ਮੋਬਾਇਲ ਐਪਲੀਕੇਸ਼ਨ) ਖਿਲਾਫ ਜਾਰੀ ਜਾਂਚ ਨਾਲ ਜੁੜੀ ਹੈ। ਦੱਸ ਦਈਏ ਕਿ ਈ. ਡੀ. ਨੇ ਪਿਛਲੇ ਸਾਲ ਵਜ਼ੀਰਐਕਸ ’ਤੇ ਫੇਮਾ ਦੀ ਉਲੰਘਣਾ ਦਾ ਦੋਸ਼ ਲਗਾਇਆ ਸੀ।

ਈ. ਡੀ. ਨੇ ਕਿਹਾ ਕਿ ਵਜ਼ੀਰਐਕਸ ਦੇ ਡਾਇਰੈਕਟਰ ਸਮੀਰ ਮਹਾਤਰੇ ਦੀ ਵਜ਼ੀਰਐਕਸ ਦੇ ਡਾਟਾਬੇਸ ਤੱਕ ਦੂਰ ਰਹਿੰਦੇ ਹੋਏ ਵੀ ਪੂਰੀ ਪਹੁੰਚ ਸੀ। ਇਸ ਦੇ ਬਾਵਜੂਦ ਉਹ ਕ੍ਰਿਪਟੋ ਅਸੈਟਸ ਨਾਲ ਸਬੰਧਤ ਟ੍ਰਾਂਜੈਕਸ਼ਨ ਦਾ ਵੇਰਵਾ ਨਹੀਂ ਦੇ ਰਹੇ ਹਨ। ਇਹ ਅਸੈਟਸ ਇੰਸਟੈਂਟ ਲੋਨ ਮੁਹੱਈਆ ਕਰਵਾਉਣ ਵਾਲੀ ਐਪ ਰਾਹੀਂ ਕੀਤੀ ਗਈ ਅਪਰਾਧ ਦੀ ਕਮਾਈ ਨਾਲ ਖਰੀਦੀਆਂ ਗਈਆਂ ਹਨ। ਪਿਛਲੇ ਹਫਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸੰਸਦ ਨੂੰ ਦੱਸਿਆ ਕਿ ਵਜ਼ੀਰਐਕਸ ਖਿਲਾਫ ਫੇਮਾ ਤਹਿਤ 2 ਮਾਮਲਿਆਂ ਦੀ ਜਾਂਚ ਚੱਲ ਰਹੀ ਹੈ।


author

Harinder Kaur

Content Editor

Related News