ਬਿੱਗ ਸਮਾਰਟ TV ''ਤੇ ਮਿਲਣ ਜਾ ਰਿਹਾ ਵੱਡਾ ਤੋਹਫਾ, ਇੰਨਾ ਹੋਵੇਗਾ ਸਸਤਾ
Monday, Aug 26, 2019 - 03:49 PM (IST)

ਨਵੀਂ ਦਿੱਲੀ— ਬਿੱਗ ਸਕ੍ਰੀਨ ਵਾਲਾ ਸਮਾਰਟ ਟੀ. ਵੀ. ਖਰੀਦਣ ਦੀ ਸੋਚ ਰਹੇ ਹੋ ਪਰ ਮਹਿੰਗਾ ਹੋਣ ਕਾਰਨ ਪਲਾਨ ਨਹੀਂ ਬਣ ਰਿਹਾ ਤਾਂ ਹੁਣ ਗੁੱਡ ਨਿਊਜ਼ ਹੈ। ਜਲਦ ਹੀ ਇਨ੍ਹਾਂ ਦੀ ਕੀਮਤ 10 ਫੀਸਦੀ ਤਕ ਘੱਟ ਹੋਣ ਜਾ ਰਹੀ ਹੈ। ਸਤੰਬਰ ਤੋਂ ਸਮਾਰਟ ਫੋਨ ਦਿੱਗਜ ਵਨਪਲਸ ਅਤੇ ਮਟਰੋਲਾ ਆਨਲਾਈਨ ਵਿਕਰੀ ਜ਼ਰੀਏ ਟੀ. ਵੀ. ਬਾਜ਼ਾਰ 'ਚ ਕਦਮ ਰੱਖਣ ਜਾ ਰਹੇ ਹਨ, ਜਿਸ ਨਾਲ ਪ੍ਰਾਈਸ ਵਾਰ ਸ਼ੁਰੂ ਹੋਣ ਵਾਲਾ ਹੈ। ਪਿਛਲੇ ਕਈ ਮਹੀਨਿਆਂ ਤੋਂ ਵਿਕਰੀ 'ਚ ਸੁਸਤੀ ਵਿਚਕਾਰ ਹੋਰ ਬਰਾਂਡ ਵੀ ਕੀਮਤਾਂ ਘਟਾਉਣ ਦਾ ਵਿਚਾਰ ਕਰ ਰਹੇ ਹਨ।
ਬਾਜ਼ਾਰ ਜਾਣਕਾਰਾਂ ਮੁਤਾਬਕ, ਪਿਛਲੇ ਸਾਲ ਸ਼ਿਓਮੀ ਵੱਲੋਂ ਇਸ ਬਾਜ਼ਾਰ 'ਚ ਉਤਰਨ ਨਾਲ 42 ਇੰਚ ਤਕ ਦੇ ਟੀ. ਵੀ. ਸਸਤੇ ਹੋਏ ਹਨ। ਇਸੇ ਤਰ੍ਹਾਂ ਦਾ ਹੀ ਰੁਝਾਨ ਵਨਪਲਸ ਟੀ. ਵੀ. ਨਾਲ 50 ਇੰਚ ਤੇ ਇਸ ਤੋਂ ਵੱਡੇ ਟੀ. ਵੀ. ਦੀਆਂ ਕੀਮਤਾਂ 'ਚ ਦੇਖਣ ਨੂੰ ਮਿਲੇਗਾ।
ਤਿਉਹਾਰੀ ਸੀਜ਼ਨ ਦੌਰਾਨ ਕੋਡਕ, ਥਾਮਸਨ ਤੇ ਬੀ. ਪੀ. ਐੱਲ. ਬਰਾਂਡ ਵੀ ਕੀਮਤਾਂ 'ਚ 5-10 ਫੀਸਦੀ ਤਕ ਦੀ ਕਮੀ ਕਰ ਸਕਦੇ ਹਨ, ਖਾਸ ਕਰਕੇ 50 ਇੰਚ ਅਤੇ ਇਸ ਤੋਂ ਵੱਡੇ ਸਾਈਜ਼ ਵਾਲੇ ਮਾਡਲਾਂ 'ਚ ਕਟੌਤੀ ਦੇਖਣ ਨੂੰ ਮਿਲ ਸਕਦੀ ਹੈ। ਇੰਡਸਟਰੀ ਜਾਣਕਾਰਾਂ ਦਾ ਕਹਿਣਾ ਹੈ ਕਿ 32 ਤੇ 42 ਇੰਚ ਮਾਡਲ ਪਹਿਲਾਂ ਹੀ ਘੱਟ ਕੀਮਤਾਂ 'ਤੇ ਵਿਕ ਰਹੇ ਹਨ ਇਸ ਲਈ ਇਨ੍ਹਾਂ ਦੀ ਕੀਮਤ ਹੋਰ ਘਟਣ ਦੀ ਉਮੀਦ ਸੀਮਤ ਹੈ।
ਸਤੰਬਰ ਅਖੀਰ 'ਚ ਈ-ਕਾਮਰਸ ਦਿੱਗਜਾਂ ਵੱਲੋਂ ਤਿਉਹਾਰੀ ਸੀਜ਼ਨ ਦੀ ਸਭ ਤੋਂ ਵੱਡੀ ਸੇਲ ਦੌਰਾਨ ਵਨਪਲਸ ਟੀ. ਵੀ. ਦੀ ਐਮਾਜ਼ੋਨ ਤੇ ਮਟਰੋਲਾ ਟੀ. ਵੀ. ਦੀ ਫਲਿੱਪਕਾਰਟ 'ਤੇ ਵਿਕਰੀ ਸ਼ੁਰੂ ਹੋਵੇਗੀ। ਰਿਪੋਰਟਾਂ ਮੁਤਾਬਕ, ਵਨਪਲਸ 55 ਇੰਚ ਦਾ 4K ਟੀ. ਵੀ. ਲਾਂਚ ਕਰ ਸਕਦੀ ਹੈ, ਜਿਸ ਦੀ ਕੀਮਤ ਬਾਜ਼ਾਰ ਲੀਡਰ ਸੈਮਸੰਗ ਤੋਂ 20-30 ਫੀਸਦੀ ਘੱਟ ਹੋਵੇਗੀ।