ਬਜਟ ਤੋਂ ਪਹਿਲਾਂ ਸਰਕਾਰੀ ਖਜ਼ਾਨੇ ’ਚ ਵੱਡਾ ਵਾਧਾ, ਡਾਇਰੈਕਟ ਟੈਕਸ ਕੁਲੈਕਸ਼ਨ ਨਾਲ ਮਿਲੇ 5.74 ਲੱਖ ਕਰੋੜ
Sunday, Jul 14, 2024 - 02:34 PM (IST)
ਨਵੀਂ ਦਿੱਲੀ (ਭਾਸ਼ਾ) - ਬਜਟ ਤੋਂ ਪਹਿਲਾਂ ਸਰਕਾਰੀ ਖਜ਼ਾਨੇ ’ਚ ਵੱਡਾ ਵਾਧਾ ਹੋਇਆ ਹੈ। ਦਰਅਸਲ, ਕਾਰਪੋਰੇਟ ਕੰਪਨੀਆਂ ਦੇ ਐਡਵਾਂਸ ਟੈਕਸ ਪੇਮੈਂਟ ’ਚ ਵਾਧੇ ਕਾਰਨ ਚਾਲੂ ਵਿੱਤੀ ਸਾਲ (2024-25) ’ਚ ਹੁਣ ਤੱਕ ਡਾਇਰੈਕਟ ਟੈਕਸ ਕੁਲੈਕਸ਼ਨ 19.54 ਫੀਸਦੀ ਵਧ ਕੇ 5.74 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਹੋ ਗਈ ਹੈ।
ਡਾਇਰੈਕਟ ਟੈਕਸ ਕੁਲੈਕਸ਼ਨ ਦੀ ਪਹਿਲੀ ਕਿਸ਼ਤ 27.34 ਫੀਸਦੀ ਵਧ ਕੇ 1.48 ਲੱਖ ਕਰੋੜ ਰੁਪਏ ਹੋ ਗਈ। ਇਹ 15 ਜੂਨ ਨੂੰ ਦੇਣੀ ਹੁੰਦੀ ਹੈ। ਇਸ ’ਚ 1.14 ਲੱਖ ਕਰੋੜ ਰੁਪਏ ਦਾ ਕਾਰਪੋਰੇਸ਼ਨ ਆਮਦਨ ਕਰ (ਸੀ. ਆਈ. ਟੀ.) ਅਤੇ 34,470 ਕਰੋਡ਼ ਰੁਪਏ ਦਾ ਨਿੱਜੀ ਆਮਦਨ ਕਰ (ਪੀ. ਆਈ. ਟੀ.) ਸ਼ਾਮਿਲ ਹੈ।
ਪਿਛਲੇ ਸਾਲ ਤੋਂ ਕਰੀਬ 1 ਲੱਖ ਕਰੋੜ ਦਾ ਵਾਧਾ
ਕੇਂਦਰੀ ਪ੍ਰਤੱਖ ਕਰ ਬੋਰਡ (ਸੀ. ਬੀ. ਡੀ. ਟੀ.) ਦੁਆਰਾ ਜਾਰੀ ਅੰਕੜਿਆਂ ਅਨੁਸਾਰ 11 ਜੁਲਾਈ, 2024 ਤੱਕ ਦਾ ਡਾਇਰੈਕਟ ਟੈਕਸ ਕੁਲੈਕਸ਼ਨ 5,74,357 ਕਰੋੜ ਰੁਪਏ ਹੈ। ਇਸ ’ਚ 2,10,274 ਕਰੋਡ਼ ਰੁਪਏ ਦਾ ਸੀ. ਆਈ. ਟੀ. ਅਤੇ 3,46,036 ਕਰੋਡ਼ ਰੁਪਏ ਦਾ ਪੀ. ਆਈ. ਟੀ. ਸ਼ਾਮਿਲ ਹੈ। ਇਸ ’ਚ ਕਿਹਾ ਗਿਆ ਹੈ ਕਿ ਸਕਿਓਰਿਟੀ ਲੈਣ-ਦੇਣ ਟੈਕਸ (ਐੱਸ. ਟੀ. ਟੀ.) ਨੇ ਡਾਇਰੈਕਟ ਟੈਕਸ ਕੁਲੈਕਸ਼ਨ ’ਚ 16,634 ਕਰੋੜ ਰੁਪਏ ਦਾ ਯੋਗਦਾਨ ਦਿੱਤਾ। ਪਿਛਲੇ ਸਾਲ ਇਸੇ ਮਿਆਦ ’ਚ ਨੈੱਟ ਡਾਇਰੈਕਟ ਟੈਕਸ ਕੁਲੈਕਸ਼ਨ 4,80,458 ਕਰੋਡ਼ ਰੁਪਏ ਸੀ।
70,902 ਕਰੋੜ ਰੁਪਏ ਦਾ ਦਿੱਤਾ ਗਿਆ ਰਿਫੰਡ
ਚਾਲੂ ਵਿੱਤੀ ਸਾਲ ’ਚ 11 ਜੁਲਾਈ ਤੱਕ 70,902 ਕਰੋੜ ਰੁਪਏ ਦਾ ਰਿਫੰਡ ਵੀ ਜਾਰੀ ਕੀਤਾ ਗਿਆ ਹੈ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ ਜਾਰੀ ਰਿਫੰਡ ਤੋਂ 64.4 ਫੀਸਦੀ ਜ਼ਿਆਦਾ ਹੈ। ਅਪ੍ਰੈਲ ਤੋਂ 11 ਜੁਲਾਈ ਤੱਕ ਡਾਇਰੈਕਟ ਟੈਕਸਾਂ ਦੀ ਕੁਲ ਕੁਲੈਕਸ਼ਨ (ਰਿਫੰਡ ਵਿਵਸਥਾ ਤੋਂ ਪਹਿਲਾਂ) 6.45 ਲੱਖ ਕਰੋਡ਼ ਰੁਪਏ ਰਹੀ, ਜਦੋਂਕਿ ਇਕ ਸਾਲ ਪਹਿਲਾਂ ਇਸੇ ਮਿਆਦ ’ਚ ਇਹ 5.23 ਲੱਖ ਕਰੋੜ ਰੁਪਏ ਸੀ, ਜੋ 23.24 ਫੀਸਦੀ ਦਾ ਵਾਧਾ ਹੈ। ਪੂਰੇ ਵਿੱਤੀ ਸਾਲ ਲਈ ਅੰਤ੍ਰਿਮ ਬਜਟ ’ਚ ਡਾਇਰੈਕਟ ਟੈਕਸ ਕੁਲੈਕਸ਼ਨ 21.99 ਲੱਖ ਕਰੋਡ਼ ਰੁਪਏ ਰਹਿਣ ਦਾ ਅਨੁਮਾਨ ਲਾਇਆ ਗਿਆ ਹੈ।