ਸਰਕਾਰ ਵੱਲੋਂ ਵਿਸ਼ੇਸ਼ ਪੈਕੇਜ ਤਹਿਤ 1.5 ਕਰੋੜ ਕਿਸਾਨਾਂ ਨੂੰ ਵੱਡੀ ਸੌਗਾਤ

Monday, Oct 19, 2020 - 11:09 PM (IST)

ਸਰਕਾਰ ਵੱਲੋਂ ਵਿਸ਼ੇਸ਼ ਪੈਕੇਜ ਤਹਿਤ 1.5 ਕਰੋੜ ਕਿਸਾਨਾਂ ਨੂੰ ਵੱਡੀ ਸੌਗਾਤ

ਨਵੀਂ ਦਿੱਲੀ— ਸਰਕਾਰ ਆਤਮਨਿਰਭਰ ਭਾਰਤ ਪੈਕੇਜ ਤਹਿਤ ਵਿਸ਼ੇਸ਼ ਮੁਹਿੰਮ ਚਲਾ ਕਿਸਾਨ ਕ੍ਰੈਡਿਟ ਕਾਰਡ ਦੇ ਰਹੀ ਹੈ, ਜਿਸ 'ਤੇ ਸਭ ਤੋਂ ਸਸਤੀ ਦਰ 'ਤੇ ਲੋਨ ਮਿਲਦਾ ਹੈ। ਇਸ ਵਿਸ਼ੇਸ਼ ਮੁਹਿੰਮ ਤਹਿਤ ਸਰਕਾਰ ਹੁਣ ਤੱਕ 1.5 ਕਰੋੜ ਕਿਸਾਨਾਂ ਨੂੰ ਕ੍ਰੈਡਿਟ ਕਾਰਡ ਜਾਰੀ ਕਰ ਚੁੱਕੀ ਹੈ।

ਵਿੱਤ ਮੰਤਰਾਲਾ ਦੇ ਸੂਤਰਾਂ ਮੁਤਾਬਕ, ਇਸ ਪੈਕੇਜ ਤਹਿਤ 2 ਲੱਖ ਕਰੋੜ ਰੁਪਏ ਦੀ ਕੁੱਲ ਖਰਚ ਲਿਮਟ ਨਾਲ 2.5 ਕਰੋੜ ਕਿਸਾਨ ਕ੍ਰੈਡਿਟ ਜਾਰੀ ਕੀਤੇ ਜਾਣੇ ਹਨ।

ਕਿਸਾਨ ਕ੍ਰੈਡਿਟ ਕਾਰਡ ਜ਼ਰੀਏ ਖੇਤੀ ਕਰਨ ਵਾਲੇ ਕਿਸਾਨਾਂ, ਮੱਛੀ ਪਾਲਕਾਂ, ਪਸ਼ੂ ਪਾਲਕਾਂ ਨੂੰ ਸਸਤੀ ਵਿਆਜ ਦਰ 'ਤੇ ਬੈਂਕਾਂ ਵੱਲੋਂ ਕਰਜ਼ਾ ਦਿੱਤਾ ਜਾਂਦਾ ਹੈ। ਸਰਕਾਰ ਵੱਲੋਂ ਆਤਮਨਿਰਭਰ ਭਾਰਤ ਪੈਕੇਜ ਤਹਿਤ ਜਾਰੀ ਕੀਤੇ ਗਏ 1.5 ਕਰੋੜ ਕਿਸਾਨ ਕ੍ਰੈਡਿਟ ਕਾਰਡਾਂ ਲਈ ਖਰਚ ਦੀ ਕੁੱਲ ਲਿਮਟ 1.35 ਲੱਖ ਕਰੋੜ ਰੁਪਏ ਹੈ।

ਕਿਸਾਨ ਕ੍ਰੈਡਿਟ ਕਾਰਡ ਯੋਜਨਾ 1998 'ਚ ਸ਼ੁਰੂ ਕੀਤੀ ਗਈ ਸੀ। ਇਸ ਦਾ ਉਦੇਸ਼ ਕਿਸਾਨਾਂ ਨੂੰ ਖੇਤੀ ਕੰਮਾਂ ਲਈ ਬਿਨਾਂ ਕਿਸੇ ਰੁਕਾਵਟ ਦੇ ਸਮੇਂ 'ਤੇ ਕਰਜ਼ ਉਪਲਬਧ ਕਰਾਉਣਾ ਹੈ। ਭਾਰਤ ਸਰਕਾਰ ਕਿਸਾਨ ਕ੍ਰੈਡਿਟ ਕਾਰਡ ਤਹਿਤ ਕਿਸਾਨਾਂ ਨੂੰ ਵਿਆਜ 'ਤੇ 2 ਫੀਸਦੀ ਦੀ ਆਰਥਿਕ ਸਹਾਇਤਾ ਦਿੰਦੀ ਹੈ ਅਤੇ ਸਮੇਂ 'ਤੇ ਕਰਜ਼ ਚੁਕਾਉਣ ਵਾਲੇ ਕਿਸਾਨਾਂ ਨੂੰ 3 ਫੀਸਦੀ ਦੀ ਹੋਰ ਛੋਟ ਦਿੰਦੀ ਹੈ। ਇਸ ਤਰ੍ਹਾਂ ਕਿਸਾਨ ਕ੍ਰੈਡਿਟ ਕਾਰਡ 'ਤੇ ਸਾਲਾਨਾ ਵਿਆਜ ਦਰ 4 ਫੀਸਦੀ ਦੀ ਰਹਿ ਜਾਂਦੀ ਹੈ। ਕਿਸਾਨ ਕ੍ਰੈਡਿਟ ਕਾਰਡ ਨੂੰ ਲੈ ਕੇ 2019 'ਚ ਵਿਆਜ ਦਰ 'ਚ ਆਰਥਿਕ ਸਹਾਇਤਾ ਦੀ ਵਿਵਸਥਾ ਸ਼ਾਮਲ ਕਰਦੇ ਹੋਏ ਇਸ ਦਾ ਫਾਇਦਾ ਡੇਅਰੀ ਉਦਯੋਗ ਸਮੇਤ ਪਸ਼ੂ ਪਾਲਕਾਂ ਅਤੇ ਮੱਛੀ ਪਾਲਕਾਂ ਨੂੰ ਵੀ ਦੇਣ ਦੀ ਵਿਵਸਥਾ ਕਰ ਦਿੱਤੀ ਗਈ ਸੀ, ਨਾਲ ਹੀ ਬਿਨਾਂ ਕਿਸੇ ਗਾਰੰਟੀ ਦੇ ਦਿੱਤੇ ਜਾਣ ਵਾਲੇ ਕਰਜ਼ ਦੀ ਲਿਮਟ ਨੂੰ 1 ਲੱਖ ਤੋਂ ਵਧਾ ਕੇ 1.60 ਲੱਖ ਰੁਪਏ ਕਰ ਦਿੱਤਾ।


author

Sanjeev

Content Editor

Related News