ਕਾਰਾਂ 'ਤੇ ਬੰਦ ਹੋਵੇਗੀ ਛੋਟ ਦੀ ਝੜੀ, ਮਾਰੂਤੀ ਲੈ ਸਕਦੀ ਹੈ ਵੱਡਾ ਫੈਸਲਾ!

Monday, Jan 28, 2019 - 11:30 AM (IST)

ਕਾਰਾਂ 'ਤੇ ਬੰਦ ਹੋਵੇਗੀ ਛੋਟ ਦੀ ਝੜੀ, ਮਾਰੂਤੀ ਲੈ ਸਕਦੀ ਹੈ ਵੱਡਾ ਫੈਸਲਾ!

ਨਵੀਂ ਦਿੱਲੀ— ਹੁਣ ਜਲਦ ਹੀ ਕਾਰਾਂ 'ਤੇ ਪਹਿਲੇ ਦੀ ਤਰ੍ਹਾਂ ਭਾਰੀ ਡਿਸਕਾਊਂਟ ਨਹੀਂ ਮਿਲੇਗਾ। ਮਾਰੂਤੀ ਸੁਜ਼ੂਕੀ ਨੇ ਕਾਰਾਂ 'ਤੇ ਛੋਟ ਦੇਣ ਦੀ ਰਣਨੀਤੀ ਦੀ ਸਮੀਖਿਆ ਕਰਨ ਦੀ ਯੋਜਨਾ ਬਣਾਈ ਹੈ। ਮਾਰੂਤੀ-ਸੁਜ਼ੂਕੀ ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਹੈ। ਕੰਪਨੀ ਮੁਨਾਫੇ 'ਚ ਆਈ ਗਿਰਾਵਟ ਕਾਰਨ ਇਸ ਦਿਸ਼ਾ 'ਚ ਵਿਚਾਰ ਕਰ ਰਹੀ ਹੈ। ਦਸੰਬਰ 'ਚ ਖਤਮ ਹੋਈ ਤਿਮਾਹੀ 'ਚ ਮਾਰੂਤੀ ਸੁਜ਼ੂਕੀ ਦਾ ਮੁਨਾਫਾ 17 ਫੀਸਦੀ ਘੱਟ ਕੇ 1,489 ਕਰੋੜ ਰੁਪਏ ਰਹਿ ਗਿਆ। ਇਸ ਦੌਰਾਨ ਉਸ ਨੇ ਰਿਕਾਰਡ ਛੋਟ ਦੀ ਪੇਸ਼ਕਸ਼ ਕੀਤੀ ਸੀ, ਜਿਸ ਕਾਰਨ ਕੰਪਨੀ ਦਾ ਮੁਨਾਫਾ ਡਿੱਗਾ ਹੈ।

ਕੰਪਨੀ ਹੁਣ ਡਿਸਕਾਊਂਟ ਦੇਣ ਦੀ ਰਣਨੀਤੀ ਬਦਲਣ 'ਤੇ ਵਿਚਾਰ ਕਰ ਰਹੀ ਹੈ। ਮਾਰੂਤੀ ਸੁਜ਼ੂਕੀ ਮੁਤਾਬਕ, ਭਾਰੀ ਡਿਸਕਾਊਂਟ 'ਤੇ ਕਾਰ ਵੇਚਣਾ ਸਹੀ ਤਰੀਕਾ ਨਹੀਂ ਹੈ। ਕੰਪਨੀ ਦੇ ਚੇਅਰਮੈਨ ਆਰ. ਸੀ. ਭਾਰਗਵ ਨੇ ਕਿਹਾ ਕਿ ਜਦੋਂ ਤੁਸੀਂ ਭਾਰੀ ਛੋਟ ਦੇਣਾ ਸ਼ੁਰੂ ਕਰਦੇ ਹੋ ਤਾਂ ਗਾਹਕਾਂ ਦੀ ਧਾਰਣਾ 'ਚ ਬਦਲਾਵ ਆਉਂਦਾ ਹੈ ਤੇ ਉਹ ਸਾਲ ਭਰ ਛੋਟ ਦੀ ਉਮੀਦ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਸਾਨੂੰ ਛੋਟ ਘੱਟ ਕਰਨ ਦੀ ਜ਼ਰੂਰਤ ਹੈ। ਤਿਉਹਾਰੀ ਮੌਸਮ 'ਚ ਕਮਜ਼ੋਰ ਮੰਗ ਅਤੇ ਸਟਾਕ ਕੱਢਣ ਲਈ ਕੰਪਨੀ ਨੇ 24,300 ਰੁਪਏ ਤਕ ਦੀ ਛੋਟ ਦਿੱਤੀ ਸੀ। ਭਾਰੀ ਡਿਸਕਾਊਂਟ ਕਾਰਨ ਡੀਲਰਾਂ ਨੂੰ ਸਟਾਕ ਕੱਢਣ 'ਚ ਮਦਦ ਮਿਲੀ ਪਰ ਕੰਪਨੀ ਦਾ ਮੁਨਾਫਾ ਕਾਫੀ ਘੱਟ ਰਿਹਾ। ਮਾਰੂਤੀ ਸੁਜ਼ੂਕੀ ਵੱਲੋਂ ਡਿਸਕਾਊਂਟ ਘੱਟ ਕਰਨ ਦੇ ਫੈਸਲੇ ਨੂੰ ਦੇਖਦੇ ਹੋਏ ਦੂਜੀਆਂ ਕੰਪਨੀਆਂ ਵੀ ਇਹ ਕਦਮ ਉਠਾ ਸਕਦੀਆਂ ਹਨ ਕਿਉਂਕਿ ਛੋਟ ਦੇ ਬਾਵਜੂਦ ਦਸੰਬਰ 'ਚ ਵਿਕਰੀ ਦੀ ਰਫਾਤਰ ਜ਼ੋਰ ਨਹੀਂ ਫੜੀ ਸਕੀ।
 

ਦਸੰਬਰ 'ਚ ਕਾਰਾਂ ਦੀ ਵਿਕਰੀ 2 ਫੀਸਦੀ ਘਟੀ-
ਦਸੰਬਰ ਮਹੀਨਾ ਆਟੋਮੋਬਾਇਲ ਕੰਪਨੀਆਂ ਲਈ ਵਿਕਰੀ ਦੇ ਲਿਹਾਜ ਨਾਲ ਨਿਰਾਸ਼ਾ ਵਾਲਾ ਰਿਹਾ। ਕਾਰਾਂ ਦੀ ਵਿਕਰੀ ਦੇ ਨਾਲ-ਨਾਲ ਦੋਪਹੀਆ ਵਾਹਨਾਂ ਦੀ ਵਿਕਰੀ 'ਚ ਵੀ ਗਿਰਾਵਟ ਦਰਜ ਕੀਤੀ ਗਈ। ਪਿਛਲੇ ਮਹੀਨੇ ਕਾਰਾਂ ਦੀ ਘਰੇਲੂ ਵਿਕਰੀ 2 ਫੀਸਦੀ ਘੱਟ ਕੇ 1,55,159 ਰਹਿ ਗਈ, ਜੋ ਦਸੰਬਰ 2017 'ਚ 1,58,338 ਯੂਨਿਟ ਸੀ। ਉੱਥੇ ਹੀ ਦਸੰਬਰ ਦੌਰਾਨ ਕੁੱਲ ਦੋਪਹੀਆ ਵਾਹਨਾਂ ਦੀ ਵਿਕਰੀ ਦੀ ਗੱਲ ਕਰੀਏ ਤਾਂ ਇਹ 2.23 ਫੀਸਦੀ ਘਟ ਰਹੀ। ਕੁੱਲ ਦੋਪਹੀਆ ਵਿਕਰੀ ਪਿਛਲੇ ਮਹੀਨੇ 12,59,026 ਰਹੀ, ਜੋ ਦਸੰਬਰ 2017 'ਚ 12,87,766 ਸੀ।


Related News