ਕ੍ਰਿਪਟੋਕਰੰਸੀ ਵਿਚ ਡੀਲ ਕਰਨ ਵਾਲੇ ਰਹਿਣ ਸੁਚੇਤ! RBI ਨੇ ਡਿਜੀਟਲ ਕਰੰਸੀ ਨੂੰ ਦੱਸਿਆ ਖ਼ਤਰਾ

Friday, Nov 12, 2021 - 10:22 AM (IST)

ਕ੍ਰਿਪਟੋਕਰੰਸੀ ਵਿਚ ਡੀਲ ਕਰਨ ਵਾਲੇ ਰਹਿਣ ਸੁਚੇਤ! RBI ਨੇ ਡਿਜੀਟਲ ਕਰੰਸੀ ਨੂੰ ਦੱਸਿਆ ਖ਼ਤਰਾ

ਨਵੀਂ ਦਿੱਲੀ (ਇੰਟ) - ਕ੍ਰਿਪਟੋਕਰੰਸੀ ਵਿਚ ਡੀਲ ਕਰਨ ਵਾਲੇ ਲੋਕਾਂ ਲਈ ਇਹ ਖਬਰ ਝਟਕਾ ਦੇਣ ਵਾਲੀ ਸਾਬਤ ਹੋ ਸਕਦੀ ਹੈ। ਭਾਰਤ ਵਿਚ ਕ੍ਰਿਪਟੋਕਰੰਸੀ ਨੂੰ ਕਾਨੂੰਨੀ ਮਾਨਤਾ ਨੂੰ ਲੈ ਕੇ ਰਿਜ਼ਰਵ ਬੈਂਕ ਨੇ ਸਵਾਲ ਖੜ੍ਹੇ ਕਰਦੇ ਹੋਏ ਇਸ ਨੂੰ ਲੈ ਕੇ ਇਕ ਵਾਰ ਫਿਰ ਚਿਤਾਵਨੀ ਜਾਰੀ ਕੀਤੀ ਹੈ।

ਰਿਜ਼ਰਵ ਬੈਂਕ ਆਫ ਇੰਡੀਆ (ਆਰ. ਬੀ. ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਹੈ ਕਿ ਕ੍ਰਿਪਟੋਕਰੰਸੀ ਨੇ ਆਰ. ਬੀ. ਆਈ. ਲਈ ਗੰਭੀਰ ਚਿੰਤਾਵਾਂ ਪੈਦਾ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਇਕ ਰੈਗੂਲੇਟਰ ਦੇ ਤੌਰ ਉੱਤੇ ਆਰ. ਬੀ. ਆਈ. ਦੇ ਸਾਹਮਣੇ ਕ੍ਰਿਪਟੋਕਰੰਸੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚੁਣੌਤੀਆਂ ਹਨ। ਆਰ. ਬੀ. ਆਈ. ਗਵਰਨਰ ਨੇ ਮਾਈਕ੍ਰੋਇਕਨਾਮਿਕ ਸੰਤੁਲਨ ਅਤੇ ਵਿੱਤੀ ਸਥਿਰਤਾ ਦੇ ਲਿਹਾਜ਼ ਨਾਲ ਕ੍ਰਿਪਟੋਕਰੰਸੀ ਨੂੰ ਗੰਭੀਰ ਖਤਰਾ ਦੱਸਿਆ ਹੈ।

ਇਹ ਵੀ ਪੜ੍ਹੋ : ਗੂਗਲ ਨੂੰ ਇਕ ਹੋਰ ਵੱਡਾ ਝਟਕਾ, ਲੱਗਾ 2.8 ਬਿਲੀਅਨ ਡਾਲਰ ਦਾ ਜੁਰਮਾਨਾ

ਨਿਵੇਸ਼ਕਾਂ ਦੀ ਗਿਣਤੀ ਨੂੰ ਵਧਾ-ਚੜ੍ਹਾ ਕੇ ਦੱਸਿਆ ਜਾ ਰਿਹਾ

ਆਰ. ਬੀ. ਆਈ. ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਕ੍ਰਿਪਟੋਕਰੰਸੀ ਵਿਚ ਨਿਵੇਸ਼ਕਾਂ ਦੀ ਗਿਣਤੀ ਨੂੰ ਵਧਾ-ਚੜ੍ਹਾ ਕੇ ਦੱਸਿਆ ਜਾ ਰਿਹਾ ਹੈ। ਵੱਡੀ ਗਿਣਤੀ ਵਿਚ ਅਜਿਹੇ ਨਿਵੇਸ਼ਕ ਹਨ, ਜਿਨ੍ਹਾਂ ਨੇ ਕ੍ਰਿਪਟੋਕਰੰਸੀ ਵਿਚ ਸਿਰਫ 1,000 ਜਾਂ 2,000 ਰੁਪਏ ਲਾਏ ਹਨ। ਆਰ. ਬੀ. ਆਈ. ਨੇ ਕ੍ਰਿਪਟੋਕਰੰਸੀ ਉੱਤੇ ਸਰਕਾਰ ਨੂੰ ਇਕ ਵਿਸਤ੍ਰਿਤ ਰਿਪੋਰਟ ਸੌਂਪੀ ਹੈ। ਕ੍ਰਿਪਟੋਕਰੰਸੀ ਉੱਤੇ ਸਰਕਾਰ ਤੇਜ਼ੀ ਨਾਲ ਵਿਚਾਰ ਕਰ ਰਹੀ ਹੈ।

ਦੱਸ ਦੇਈਏ ਕਿ ਕੁੱਝ ਸਮਾਂ ਪਹਿਲਾਂ ਆਰ. ਬੀ. ਆਈ. ਗਵਰਨਰ ਨੇ ਕਿਹਾ ਸੀ ਕਿ ਬਾਜ਼ਾਰ ਵਿਚ ਜਿਸ ਤਰ੍ਹਾਂ ਕ੍ਰਿਪਟੋਕਰੰਸੀ ਵਿਚ ਟਰੇਡ ਹੋ ਰਿਹਾ ਹੈ, ਉਸ ਨਾਲ ਆਰ. ਬੀ. ਆਈ. ਨੂੰ ਚਿੰਤਾ ਹੈ। ਆਰ. ਬੀ. ਆਈ. ਦੀ ਡਿਜੀਟਲ ਕਰੰਸੀ ਇਕ ਗੱਲ ਹੈ ਅਤੇ ਕ੍ਰਿਪਟੋਕਰੰਸੀ ਬਿਲਕੁੱਲ ਵੱਖ ਹੈ। ਸਰਕਾਰ ਅਤੇ ਆਰ. ਬੀ. ਆਈ., ਦੋਵਾਂ ਵਿੱਤੀ ਸਥਿਰਤਾ ਨੂੰ ਲੈ ਕੇ ਵਚਨਬੱਧ ਹਨ। ਅਸੀਂ ਕ੍ਰਿਪਟੋਕਰੰਸੀ ਨਾਲ ਜੁਡ਼ੀਆਂ ਤਮਾਮ ਚਿੰਤਾਵਾਂ ਬਾਰੇ ਸਰਕਾਰ ਨੂੰ ਜਾਣਕਾਰੀ ਦਿੱਤੀ ਹੈ।

ਇਹ ਵੀ ਪੜ੍ਹੋ : Tesla ਦੇ ਮਾਲਕ Elon Musk ਨੇ ਵੇਚੇ ਸ਼ੇਅਰ, ਜਾਣੋ ਕਿੰਨੀ ਮਿਲੀ ਰਕਮ

ਆਰ. ਬੀ. ਆਈ. ਇਕ ਫਿਏਟ ਕਰੰਸੀ ਦੇ ਡਿਜੀਟਲ ਵਰਜਨ ਉੱਤੇ ਕਰ ਰਿਹੈ ਕੰਮ

ਸ਼ਕਤੀਕਾਂਤ ਦਾਸ ਨੇ ਕਿਹਾ ਕਿ ਆਰ. ਬੀ. ਆਈ. ਇਕ ਫਿਏਟ ਕਰੰਸੀ ਦੇ ਡਿਜੀਟਲ ਵਰਜਨ ਉੱਤੇ ਕੰਮ ਕਰ ਰਿਹਾ ਹੈ ਅਤੇ ਇਸ ਵਿਚ ਅਜੇ ਇਸ ਗੱਲ ਦੀ ਸਟੱਡੀ ਕੀਤੀ ਜਾ ਰਹੀ ਹੈ ਕਿ ਡਿਜੀਟਲ ਕਰੰਸੀ ਨੂੰ ਬਾਜ਼ਾਰ ਵਿਚ ਲਿਆਉਣ ਉੱਤੇ ਵਿੱਤੀ ਸਥਿਰਤਾ ਉੱਤੇ ਕੀ ਅਸਰ ਪੈ ਸਕਦਾ ਹੈ। ਕ੍ਰਿਪਟੋਕਰੰਸੀ ਦੀ ਕੀਮਤ ਵਿਚ ਭਾਰੀ ਉਤਾਰ-ਚੜ੍ਹਾਅ ਹੁੰਦਾ ਰਹਿੰਦਾ ਹੈ, ਇਸ ਲਈ ਇਸ ਤਰ੍ਹਾਂ ਦੀਆਂ ਆਵਾਜ਼ਾਂ ਉੱਠ ਰਹੀਆਂ ਹਨ ਕਿ ਇਨ੍ਹਾਂ ਨੂੰ ਵਿਦੇਸ਼ੀ ਜਾਇਦਾਦ ਵਰਗਾ ਮੰਨਿਆ ਜਾਵੇ। ਸਰਕਾਰ ਨੂੰ ਇਸ ਗੱਲ ਉੱਤੇ ਫੈਸਲਾ ਕਰਨਾ ਹੈ ਕਿ ਇਨ੍ਹਾਂ ਨੂੰ ਪੂਰੀ ਤਰ੍ਹਾਂ ਆਗਿਆ ਦਿੱਤੀ ਜਾਵੇ ਜਾਂ ਨਹੀਂ।

ਇਹ ਵੀ ਪੜ੍ਹੋ : UK ਅਤੇ US ਯਾਤਰਾ ਦੀ ਮੰਗ ’ਚ ਭਾਰੀ ਉਛਾਲ, ਕੋਵਿਡ ਨਿਯਮਾਂ ’ਚ ਛੋਟ ਨੇ ਬਦਲੇ ਹਾਲਾਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News