ਬੈਟਰੀ ਨਿਰਮਾਤਾਵਾਂ ਨੇ ਜ਼ਿੰਮੇਵਾਰੀਆਂ ਪੂਰੀਆਂ ਨਾ ਕੀਤੀਆਂ ਤਾਂ ਲੱਗੇਗਾ ਜੁਰਮਾਨਾ : ਅਧਿਕਾਰੀ
Saturday, Jan 18, 2025 - 11:59 PM (IST)
ਨਵੀਂ ਦਿੱਲੀ (ਭਾਸ਼ਾ) - ਨਿਰਧਾਰਤ ਜ਼ਿੰਮੇਵਾਰੀਆਂ ਨੂੰ ਪੂਰਾ ਨਾ ਕਰਨ ਵਾਲੇ ਨਿਰਮਾਤਾਵਾਂ ’ਤੇ ਵਿੱਤੀ ਜੁਰਮਾਨਾ ਲਾਏ ਜਾਣ ਨਾਲ ਬੈਟਰੀ ਦੀ ਦੁਬਾਰਾ ਵਰਤੋਂ ਕਰਨ ਵਾਲਿਆਂ ਨੂੰ ਉਤਸ਼ਾਹ ਮਿਲੇਗਾ ਅਤੇ ਉਨ੍ਹਾਂ ਦਾ ਲਾਭ ਵਧੇਗਾ। ਇਕ ਉੱਚ ਅਧਿਕਾਰੀ ਨੇ ਇਹ ਗੱਲ ਕਹੀ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ. ਪੀ. ਸੀ. ਬੀ.) ਦੇ ਨਿਰਦੇਸ਼ਕ ਵੀ. ਪੀ. ਯਾਦਵ ਨੇ ਇਥੇ ‘ਇੰਡੀਆ ਬੈਟਰੀ ਰੀਸਾਈਕਲਿੰਗ ਐਂਡ ਰੀਯੂਜ਼ ਸਮਿਟ 2025’ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਿਰਧਾਰਤ ਜ਼ਿੰਮੇਵਾਰੀਆਂ ਨੂੰ ਪੂਰਾ ਨਾ ਕਰਨ ਵਾਲੇ ਬੈਟਰੀ ਨਿਰਮਾਤਾਵਾਂ ’ਤੇ ਜੁਰਮਾਨਾ ਲਾਉਣ ਦੀ ਵਿਵਸਥਾ ਤਿਆਰ ਕਰ ਲਈ ਗਈ ਹੈ।
ਯਾਦਵ ਨੇ ਕਿਹਾ, “ਇਸ ਆਰਥਿਕ ਸਜ਼ਾ ਨਾਲ ਆਖ਼ਿਰਕਾਰ ਬੈਟਰੀ ਦੁਬਾਰਾ ਵਰਤੋਂ ਕਰਨ ਵਾਲਿਆਂ ਨੂੰ ਹੀ ਲਾਭ ਹੋਵੇਗਾ, ਕਿਉਂਕਿ ਉਹ ਕ੍ਰੈਡਿਟ ਪੈਦਾ ਕਰਦੇ ਹਨ, ਜੋ ਮੁਆਵਜ਼ੇ ਦੇ ਬਦਲੇ ਨਿਰਮਾਤਾਵਾਂ ਨੂੰ ਟਰਾਂਸਫਰ ਕੀਤੇ ਜਾਂਦੇ ਹਨ।” ਉਦਯੋਗ ਸੰਗਠਨ ‘ਇੰਡੀਆ ਐਨਰਜੀ ਸਟੋਰੇਜ ਅਲਾਇੰਸ’ ਵੱਲੋਂ ਆਯੋਜਿਤ ਸਿਖਰ ਸੰਮੇਲਨ ’ਚ ਯਾਦਵ ਨੇ ਕਿਹਾ, “ਅਸੀਂ ਬੈਟਰੀ ਦੀ ਨਵੇਂ ਸਿਰਿਓਂ ਵਰਤੋਂ ਕਰਨ ਵਾਲਿਆਂ ਨੂੰ ਵੀ ਉਤਸ਼ਾਹਿਤ ਕਰ ਰਹੇ ਹਾਂ, ਕਿਉਂਕਿ ਅਸੀਂ ਸਮਝਦੇ ਹਾਂ ਕਿ ਲਾਭ ਤੋਂ ਬਿਨਾਂ ਰੀਸਾਈਕਲਿੰਗ ਦਾ ਕਾਰੋਬਾਰ ਅੱਗੇ ਨਹੀਂ ਵਧੇਗਾ। ਸਾਡੀਆਂ ਕੋਸ਼ਿਸ਼ਾਂ ਆਰਥਿਕ ਕਾਰਕਾਂ ਤੋਂ ਪ੍ਰੇਰਿਤ ਹਨ।”