ਅਨੀਲ ਅੰਬਾਨੀ ਦੀ ਵਧੀ ਮੁਸ਼ਕਿਲ, SBI ਨੇ RCom ਨੂੰ ਐਲਾਨਿਆ ''Fraud''

Monday, Jul 21, 2025 - 09:38 PM (IST)

ਅਨੀਲ ਅੰਬਾਨੀ ਦੀ ਵਧੀ ਮੁਸ਼ਕਿਲ, SBI ਨੇ RCom ਨੂੰ ਐਲਾਨਿਆ ''Fraud''

ਨਵੀਂ ਦਿੱਲੀ – ਸਟੇਟ ਬੈਂਕ ਆਫ ਇੰਡੀਆ (SBI) ਨੇ ਰਿਲਾਇੰਸ ਕਮਿਊਨੀਕੇਸ਼ਨ (RCom) ਅਤੇ ਇਸਦੇ ਪ੍ਰਮੋਟਰ ਡਾਇਰੈਕਟਰ ਅਨੀਲ ਧੀਰੂਭਾਈ ਅੰਬਾਨੀ ਨੂੰ ‘ਧੋਖਾਧੜੀ ਵਾਲੀ ਸੰਸਥਾ’ ਵਜੋਂ ਦਰਜ ਕਰ ਦਿੱਤਾ ਹੈ। ਇਹ ਜਾਣਕਾਰੀ ਸੋਮਵਾਰ ਨੂੰ ਸੰਸਦ ਵਿੱਚ ਦਿੱਤੀ ਗਈ।

13 ਜੂਨ, 2025 ਨੂੰ ਇਹ ਘੋਸ਼ਣਾ ਕੀਤੀ ਗਈ ਸੀ ਜੋ ਕਿ ਰਿਜ਼ਰਵ ਬੈਂਕ ਆਫ ਇੰਡੀਆ (RBI) ਵੱਲੋਂ ਜਾਰੀ ਧੋਖਾਧੜੀ ਰਿਸਕ ਪ੍ਰਬੰਧਨ ਦਿਸ਼ਾ-ਨਿਰਦੇਸ਼ਾਂ ਅਤੇ ਬੈਂਕ ਦੀ ਆਪਣੀ ਧੋਖਾਧੜੀ ਨੀਤੀ ਅਨੁਸਾਰ ਹੈ। ਇਹ ਗੱਲ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਲੋਕ ਸਭਾ ਵਿੱਚ ਲਿਖਤੀ ਜਵਾਬ ਦੇ ਕੇ ਦੱਸੀ।

ਉਨ੍ਹਾਂ ਕਿਹਾ, “24 ਜੂਨ 2025 ਨੂੰ ਐਸਬੀਆਈ ਨੇ ਇਹ ਜਾਣਕਾਰੀ ਆਰਬੀਆਈ ਨੂੰ ਦਿੱਤੀ ਸੀ ਅਤੇ ਹੁਣ ਬੈਂਕ ਸੀਬੀਆਈ ਕੋਲ ਸ਼ਿਕਾਇਤ ਦਰਜ ਕਰਵਾਉਣ ਦੀ ਪ੍ਰਕਿਰਿਆ ਵਿੱਚ ਹੈ।”

ਇਸ ਦੇ ਨਾਲ ਹੀ, 1 ਜੁਲਾਈ 2025 ਨੂੰ ਆਰਕਾਮ ਦੇ ਰਿਜ਼ੋਲੂਸ਼ਨ ਪ੍ਰੋਫੈਸ਼ਨਲ ਨੇ ਬੌੰਬੇ ਸਟਾਕ ਐਕਸਚੇਂਜ (BSE) ਨੂੰ ਇਸ ਧੋਖਾਧੜੀ ਕਲਾਸੀਫਿਕੇਸ਼ਨ ਦੀ ਸੂਚਨਾ ਦਿੱਤੀ।

ਐਸਬੀਆਈ ਦੇ ਮੁਤਾਬਕ, ਆਰਕਾਮ ਉਤੇ ਕਰਜ਼ਾ ₹2,227.64 ਕਰੋੜ ਦਾ ਹੈ, ਜੋ ਕਿ 26 ਅਗਸਤ 2016 ਤੋਂ ਲੰਬਿਤ ਹੈ, ਇਸ ਵਿੱਚ ਬਿਆਜ ਅਤੇ ਹੋਰ ਖਰਚੇ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ₹786.52 ਕਰੋੜ ਦੀ ਗੈਰ-ਫੰਡ ਆਧਾਰਤ ਬੈਂਕ ਗੈਰੰਟੀ ਵੀ ਬੈਂਕ ਨੇ ਦਿੱਤੀ ਹੋਈ ਹੈ।

ਇਸ ਕਾਰਵਾਈ ਨਾਲ ਅਨੀਲ ਅੰਬਾਨੀ ਦੇ ਕਾਰੋਬਾਰੀ ਸਾਮਰਾਜ ਨੂੰ ਝਟਕਾ ਲੱਗਣ ਦੀ ਸੰਭਾਵਨਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਮਾਮਲੇ ਦੀ ਜਾਂਚ ਤੇ ਕਾਰਵਾਈਆਂ ’ਤੇ ਸਭ ਦੀ ਨਜ਼ਰ ਰਹੇਗੀ।
 


author

Inder Prajapati

Content Editor

Related News