ਮਾਰਚ ''ਚ ਹੜਤਾਲ ਤੇ ਛੁੱਟੀ ਕਾਰਨ ਲਗਾਤਾਰ 6 ਦਿਨ ਬੰਦ ਰਹਿਣਗੇ ਬੈਂਕ

02/26/2020 6:07:29 PM

ਨਵੀਂ ਦਿੱਲੀ — ਜੇਕਰ ਤੁਹਾਨੂੰ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਹੈ ਤਾਂ ਉਸ ਨੂੰ ਜਲਦੀ ਪੂਰਾ ਕਰ ਲਓ ਕਿਉਂਕਿ ਮਾਰਚ ਵਿਚ ਲਗਾਤਾਰ 6 ਦਿਨ ਬੈਂਕ ਬੰਦ ਰਹਿਣ ਵਾਲੇ ਹਨ। ਇਸ ਕਾਰਨ ਪੈਸੇ ਕਢਵਾਉਣ ਸਮੇਤ ਬੈਂਕ ਨਾਲ ਜੁੜਿਆ ਕੋਈ ਵੀ ਕੰਮ ਨਹੀਂ ਹੋ ਸਕੇਗਾ। ਇਸ ਤੋਂ ਇਲਾਵਾ ਏ.ਟੀ.ਐਮ. 'ਚ ਨਕਦੀ ਦੀ ਕਮੀ ਹੋਣ ਵਰਗੀ ਸਮੱਸਿਆ ਵੀ ਸਾਹਮਣੇ ਆ ਸਕਦੀ ਹੈ। ਅਜਿਹੇ 'ਚ ਆਮ ਆਦਮੀ ਦੀ ਪਰੇਸ਼ਾਨੀ ਵਧ ਸਕਦੀ ਹੈ। ਲਗਾਤਾਰ 6 ਦਿਨ ਤੱਕ ਬੈਂਕ ਬੰਦ ਰਹਿਣ ਪਿੱਛੇ ਤਿੰਨ ਕਾਰਨ ਹਨ। ਪਹਿਲਾ-ਹੋਲੀ , ਦੂਜਾ-ਬੈਂਕ ਕਰਮਚਾਰੀਆਂ ਦੀ ਹੜਤਾਲ ਅਤੇ ਤੀਜਾ ਦੋ ਦਿਨ ਦੀ ਬੈਂਕ ਛੁੱਟੀ ਹੈ। ਕੁੱਲ ਮਿਲਾ ਕੇ 10 ਮਾਰਚ ਤੋਂ ਲੈ ਕੇ 15 ਮਾਰਚ ਤੱਕ ਬੈਂਕ ਬੰਦ ਰਹਿਣ ਵਾਲੇ ਹਨ। ਹਾਲਾਂਕਿ ਇਸ ਦੌਰਾਨ 11 ਤੋਂ 13 ਮਾਰਚ ਤੱਕ ਨਿੱਜੀ ਬੈਂਕ ਖੁੱਲ੍ਹੇ ਰਹਿਣਗੇ।

10 ਮਾਰਚ ਨੂੰ ਮੰਗਲਵਾਰ ਹੈ ਅਤੇ ਇਸ ਦਿਨ ਦੇਸ਼ ਭਰ ਦੇ ਬੈਂਕਾਂ ਵਿਚ ਹੋਲੀ ਦੀ ਛੁੱਟੀ ਰਹਿਣ ਵਾਲੀ ਹੈ। ਇਸ ਤੋਂ ਬਾਅਦ ਆਪਣੀਆਂ ਮੰਗਾਂ ਨੂੰ ਲੈ ਕੇ 11 ਤੋਂ 13 ਮਾਰਚ ਤੱਕ ਬੈਂਕ ਯੂਨੀਅਨ ਹੜਤਾਲ 'ਤੇ ਰਹੇਗੀ ਯਾਨੀ ਕਿ ਬੈਂਕ ਦਾ ਕੰਮਕਾਜ ਬੰਦ ਰਹੇਗਾ। ਬੈਂਕ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ ਹੈ ਇਸ ਕਾਰਨ ਸਾਰੇ ਕਰਮਚਾਰੀ ਫਿਰ ਤੋਂ ਹੜਤਾਲ ਕਰਨਗੇ।

ਇਸ ਤੋਂ ਬਾਅਦ 14 ਮਾਰਚ ਅਤੇ 15 ਮਾਰਚ ਨੂੰ ਵੀ ਬੈਂਕ ਬੰਦ ਰਹਿਣਗੇ ਕਿਉਂਕਿ 14 ਮਾਰਚ ਨੂੰ ਮਹੀਨੇ ਦਾ ਦੂਜਾ ਸ਼ਨੀਵਾਰ ਹੈ ਅਤੇ 15 ਮਾਰਚ ਨੂੰ ਐਤਵਾਰ ਦੀ ਛੁੱਟੀ ਹੈ। ਇਸ ਕਾਰਨ ਜੇਕਰ ਤੁਹਾਨੂੰ ਬੈਂਕ ਨਾਲ ਜੁੜਿਆ ਕੰਮ ਹੈ ਤਾਂ ਫਿਰ 9 ਮਾਰਚ ਤੱਕ ਪੂਰਾ ਕਰ ਲਓ ਨਹੀਂ ਤਾਂ ਉਹ ਕੰਮ 6 ਦਿਨਾਂ ਬਾਅਦ 16 ਮਾਰਚ ਨੂੰ ਹੀ ਹੋ ਸਕਣਗੇ।

ਜ਼ਿਕਰਯੋਗ ਹੈ ਕਿ ਸਰਕਾਰੀ ਬੈਂਕਾਂ ਦੇ ਕਰਮਚਾਰੀਆਂ ਦੀ ਸੈਲਰੀ ਨੂੰ ਹਰ ਪੰਜ ਸਾਲ 'ਚ ਰਿਵਾਈਜ਼ ਕੀਤਾ ਜਾਂਦਾ ਹੈ। ਇਸ ਤੋਂ ਪਹਿਲਾਂ ਸਾਲ 2012 ਵਿਚ ਸੈਲਰੀ ਰਿਵਾਈਜ਼ ਕੀਤੀ ਗਈ ਸੀ। ਉਸ ਦੇ ਬਾਅਦ ਤੋਂ ਹੁਣ ਤੱਕ ਸੈਲਰੀ ਨੂੰ ਰਿਵਾਈਜ਼ ਨਹੀਂ ਕੀਤਾ ਗਿਆ ਹੈ। ਇਸੇ ਮੰਗ ਨੂੰ ਲੈ ਕੇ ਬੈਂਕ ਕਰਮਚਾਰੀ ਹੜਤਾਲ ਕਰ ਰਹੇ ਹਨ। ਦੂਜੇ ਪਾਸੇ ਬੈਂਕ ਸੰਗਠਨਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀ ਮੰਗ 'ਤੇ ਮਾਰਚ ਤੱਕ ਕੋਈ ਫੈਸਲਾ ਨਾ ਲਿਆ ਗਿਆ ਤਾਂ ਬੈਂਕ ਕਰਮਚਾਰੀ 1 ਅਪ੍ਰੈਲ ਤੋਂ ਅਣਮਿੱਥੇ ਸਮੇਂ ਲਈ ਹੜਾਤਲ 'ਤੇ ਚਲੇ ਜਾਣਗੇ। ਹਾਲਾਂਕਿ ਉਮੀਦ ਕੀਤੀ ਜਾ ਰਹੀ ਹੈ ਕਿ ਸਰਕਾਰ ਅਤੇ ਯੂਨੀਅਨਾਂ ਵਿਚਕਾਰ ਜਲਦੀ ਹੀ ਸਹਿਮਤੀ ਬਣ ਸਕਦੀ ਹੈ।


Related News