ਬੈਂਕਾਂ ਨੂੰ 13 ਕੰਪਨੀਆਂ ਦੇ ਬੈਡ ਲੋਨ ਕਾਰਨ 2.85 ਲੱਖ ਕਰੋੜ ਦਾ ਨੁਕਸਾਨ, ਦੋ ਦਿਨਾਂ ਹੜਤਾਲ ਦਾ ਸੱਦਾ

Monday, Dec 13, 2021 - 06:16 PM (IST)

ਬੈਂਕਾਂ ਨੂੰ 13 ਕੰਪਨੀਆਂ ਦੇ ਬੈਡ ਲੋਨ ਕਾਰਨ 2.85 ਲੱਖ ਕਰੋੜ ਦਾ ਨੁਕਸਾਨ, ਦੋ ਦਿਨਾਂ ਹੜਤਾਲ ਦਾ ਸੱਦਾ

ਹੈਦਰਾਬਾਦ (ਭਾਸ਼ਾ) – ਜਨਤਕ ਖੇਤਰ ਦੇ ਬੈਂਕਾਂ ਨੂੰ 13 ਕੰਪਨੀਆਂ ਦੇ ਕਰਜ਼ੇ ਦੇ ਬਕਾਏ ਕਾਰਨ ਲਗਭਗ 2.85 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਜਦ ਕਿ ਬੈਂਕ ਯੈੱਸ ਬੈਂਕ ਅਤੇ ਆਈ. ਐੱਲ. ਐਂਡ ਐੱਫ. ਐੱਸ. ਵਰਗੇ ਸੰਕਟ ਪੀੜਤ ਸੰਸਥਾਨਾਂ ਨੂੰ ਉਭਾਰਨ ਦਾ ਕੰਮ ਕਰਦੇ ਰਹੇ ਹਨ। ਬੈਂਕਾਂ ਦੇ ਸੰਘ ਯੂਨਾਈਟੇਡ ਫੋਰਮ ਆਫ ਬੈਂਕ ਯੂਨੀਅਨਜ਼ (ਯੂ. ਐੱਫ. ਬੀ. ਯੂ.) ਨੇ ਇਹ ਦੋਸ਼ ਲਾਇਆ।

ਯੂ. ਐੱਫ. ਬੀ. ਯੂ. ਦੇ ਕਨਵੀਨਰ ਬੀ. ਰਾਮਬਾਬੂ ਨੇ ਇਕ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਸੰਗਠਨ ਨੇ ਬੈਂਕਿੰਗ ਕਾਨੂੰਨ (ਸੋਧ) ਬਿੱਲ 2021 ਦੇ ਵਿਰੋਧ ’ਚ ਅਤੇ ਸਰਕਾਰੀ ਬੈਂਕਾਂ ਦੇ ਨਿੱਜੀਕਰਨ ਦੇ ਕੇਂਦਰ ਦੇ ਕਥਿਤ ਕਦਮ ਦਾ ਵਿਰੋਧ ਕਰਦੇ ਹੋਏ 16 ਅਤੇ 17 ਦਸੰਬਰ ਨੂੰ ਪੂਰੇ ਦੇਸ਼ ’ਚ ਬੈਂਕਾਂ ਦੀ ਦੋ ਦਿਨਾਂ ਦੀ ਹੜਤਾਲ ਦਾ ਸੱਦਾ ਦਿੱਤਾ ਹੈ। ਯੂ. ਐੱਫ. ਬੀ. ਯੂ. ਵਲੋਂ ਦਿੱਤੇ ਗਏ ਅੰਕੜਿਆਂ ਮੁਤਾਬਕ 13 ਨਿੱਜੀ ਕੰਪਨੀਆਂ ਦਾ ਬਕਾਇਆ 4,86,800 ਕਰੋੜ ਰੁਪਏ ਸੀ ਅਤੇ ਇਸ ਨੂੰ 1,61,820 ਕਰੋੜ ਰੁਪਏ ’ਚ ਨਿਪਟਾਇਆ ਗਿਆ, ਜਿਸ ਦੇ ਨਤੀਜੇ ਵਜੋਂ 2,84,980 ਕਰੋੜ ਰੁਪਏ ਦਾ ਨੁਕਸਾਨ ਹੋਇਆ।

ਉਨ੍ਹਾਂ ਨੇ ਕਿਹਾ ਕਿ ਇਹ ਵੀ ਇਕ ਸੱਚਾਈ ਹੈ ਕਿ ਜਨਤਕ ਖੇਤਰ ਦੇ ਬੈਂਕਾਂ ਦਾ ਇਸਤੇਮਾਲ ਨਿੱਜੀ ਖੇਤਰ ਦੇ ਸੰਕਟ ਪੀੜਤ ਬੈਂਕਾਂ ਜਿਵੇਂ ਗਲੋਬਲ ਟਰੱਸਟ ਬੈਂਕ, ਯੂਨਾਈਟੇਡ ਵੈਸਟਰਨ ਬੈਂਕ, ਬੈਂਕ ਆਫ ਕਰਾਡ ਆਦਿ ਨੂੰ ਰਾਹਤ ਦੇਣ ਲਈ ਕੀਤਾ ਗਿਆ ਹੈ। ਹਾਲ ਹੀ ਦੇ ਦਿਨਾਂ ’ਚ ਯੈੱਸ ਬੈਂਕ ਨੂੰ ਸਰਕਾਰੀ ਬੈਂਕ ਐੱਸ. ਬੀ.ਆਈ. (ਭਾਰਤੀ ਸਟੇਟ ਬੈਂਕ) ਨੇ ਸੰਕਟ ’ਚੋਂ ਕੱਢਿਆ। ਇਸ ਤਰ੍ਹਾਂ ਨਿੱਜੀ ਖੇਤਰ ਦੀ ਸਭ ਤੋਂ ਵੱਡੀ ਐੱਨ. ਬੀ. ਐੱਫ. ਸੀ. (ਗੈਰ-ਬੈਂਕਿੰਗ ਵਿੱਤੀ ਕੰਪਨੀ), ਆਈ. ਐੱਲ. ਐਂਡ ਐੱਫ. ਐੱਸ. ਨੂੰ ਜਨਤਕ ਖੇਤਰ ਦੇ ਐੱਸ. ਬੀ. ਆਈ. ਅਤੇ ਐੱਲ. ਆਈ. ਸੀ. ਨੇ ਸੰਕਟ ’ਚੋਂ ਕੱਢਿਆ।


author

Harinder Kaur

Content Editor

Related News