ਬੈਂਕ 'ਚ ਹੈ ਜ਼ਰੂਰੀ ਕੰਮ ਤਾਂ ਹੁਣ ਹੀ ਲਓ ਕਰ, ਬੁੱਧਵਾਰ ਹੋ ਸਕਦੀ ਹੈ ਮੁਸ਼ਕਲ
Monday, Jan 06, 2020 - 12:06 PM (IST)

ਨਵੀਂ ਦਿੱਲੀ— 8 ਜਨਵਰੀ ਨੂੰ ਕਈ ਬੈਂਕ ਕਰਮਚਾਰੀ ਸੰਗਠਨਾਂ ਵੱਲੋਂ 'ਭਾਰਤ ਬੰਦ' 'ਚ ਸ਼ਾਮਲ ਹੋਣ ਦਾ ਫੈਸਲਾ ਲੈਣ ਨਾਲ ਬੁੱਧਵਾਰ ਨੂੰ ਬੈਂਕਿੰਗ ਕੰਮਕਾਜ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।
ਖੱਬੇ ਪੱਖੀ ਪਾਰਟੀਆਂ ਦੇ ਸਮਰਥਨ ਨਾਲ 10 ਕੇਂਦਰੀ ਟਰੇਡ ਸੰਗਠਨਾਂ ਨੇ ਨਰਿੰਦਰ ਮੋਦੀ ਸਰਕਾਰ ਦੀਆਂ ਆਰਥਿਕ ਨੀਤੀਆਂ ਦੇ ਵਿਰੋਧ 'ਚ ਹੜਤਾਲ ਦਾ ਫੈਸਲਾ ਕੀਤਾ ਹੈ। ਜਿਨ੍ਹਾਂ ਬੈਂਕ ਬਰਾਂਚਾਂ ਦੇ ਕਰਮਚਾਰੀ ਅਤੇ ਅਧਿਕਾਰੀ ਇਸ ਹੜਤਾਲ 'ਚ ਸ਼ਾਮਲ ਹੋਣਗੇ ਉੱਥੇ ਗਾਹਕਾਂ ਨੂੰ ਬੈਂਕਿੰਗ ਸੇਵਾਵਾਂ 'ਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਬੈਂਕ 'ਚ ਕੋਈ ਜ਼ਰੂਰੀ ਕੰਮ ਹੈ ਤਾਂ ਉਸ ਨੂੰ ਪਹਿਲਾਂ ਹੀ ਕਰ ਲਓ, ਤਾਂ ਕਿ ਤੁਹਾਨੂੰ ਇਸ ਦਾ ਨੁਕਸਾਨ ਨਾ ਸਹਿਣਾ ਪਵੇ। ਬੁੱਧਵਾਰ ਨੂੰ ਕਈ ਬਰਾਂਚਾਂ ਬੰਦ ਰਹਿਣ ਦਾ ਖਦਸ਼ਾ ਹੈ।
ਕਈ ਥਾਵਾਂ 'ਤੇ ਏ. ਟੀ. ਐੱਮ. ਸੇਵਾਵਾਂ ਵੀ ਪ੍ਰਭਾਵਿਤ ਹੋ ਸਕਦੀਆਂ ਹਨ ਪਰ ਨੈੱਟ ਬੈਂਕਿੰਗ 'ਚ ਕੋਈ ਵੀ ਰੁਕਾਵਟ ਨਹੀਂ ਹੋਣ ਜਾ ਰਹੀ ਕਿਉਂਕਿ ਐੱਨ. ਈ. ਐੱਫ. ਟੀ. ਪੈਸੇ ਟਰਾਂਸਫਰ ਸੁਵਿਧਾ ਹੁਣ 24*7 ਉਪਲੱਬਧ ਹੋ ਗਈ ਹੈ।
ਇਸ ਹੜਤਾਲ ਦਾ ਪ੍ਰਭਾਵ ਜਿੱਥੇ ਭਾਰਤੀ ਸਟੇਟ ਬੈਂਕ ਨੂੰ ਘੱਟ ਰਹਿਣ ਦੀ ਸੰਭਾਵਨਾ ਹੈ, ਉੱਥੇ ਹੀ ਬੜੌਦਾ ਬੈਂਕ ਨੂੰ ਖਦਸ਼ਾ ਹੈ ਕਿ ਉਸ ਦਾ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦਾ ਹੈ। ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਕਿਹਾ, ''ਹੜਤਾਲ 'ਚ ਹਿੱਸਾ ਲੈਣ ਵਾਲੇ ਸੰਗਠਨਾਂ 'ਚ ਸਾਡੇ ਬੈਂਕ ਕਰਮਚਾਰੀਆਂ ਦੀ ਮੈਂਬਰਸ਼ਿਪ ਬਹੁਤ ਘੱਟ ਹੈ। ਇਸ ਲਈ ਸਾਡੀ ਬੈਂਕ ਦੇ ਕੰਮਕਾਜ 'ਤੇ ਹੜਤਾਲ ਦਾ ਪ੍ਰਭਾਵ ਘੱਟ ਹੋਵੇਗਾ।'' ਉੱਥੇ ਹੀ, ਬੜੌਦਾ ਬੈਂਕ ਨੇ ਕਿਹਾ ਕਿ ਉਹ ਹੜਤਾਲ ਦੇ ਦਿਨ ਸੁਚਾਰੂ ਕੰਮਕਾਜ ਲਈ ਜ਼ਰੂਰੀ ਕਦਮ ਉਠਾ ਰਿਹਾ ਹੈ ਪਰ ਜੇਕਰ ਹੜਤਾਲ ਸਫਲ ਹੁੰਦੀ ਹੈ ਤਾਂ ਉਸ ਦੀਆਂ ਬਰਾਂਚਾਂ ਅਤੇ ਦਫਤਰਾਂ ਦਾ ਕੰਮ ਪ੍ਰਭਾਵਿਤ ਜਾਂ ਠੱਪ ਰਹਿ ਸਕਦਾ ਹੈ।