ਚੌਲਾਂ ਦੇ ਨਿਰਯਾਤ ''ਤੇ ਜਾਰੀ ਰਹਿ ਸਕਦੀ ਹੈ ਪਾਬੰਦੀ! El Nino ਦੇ ਪ੍ਰਭਾਵ ਨੂੰ ਲੈ ਕੇ ਸਰਕਾਰ ਸੁਚੇਤ
Thursday, Aug 17, 2023 - 02:01 PM (IST)

ਬਿਜ਼ਨੈੱਸ ਡੈਸਕ : ਭਾਰਤ ਸਰਕਾਰ ਇਸ ਸਾਲ ਘੱਟੋ-ਘੱਟ ਨਵੰਬਰ ਤੱਕ ਗੈਰ-ਬਾਸਮਤੀ ਸਫ਼ੇਦ ਚੌਲਾਂ ਦੀ ਨਿਰਯਾਤ 'ਤੇ ਪਾਬੰਦੀ ਜਾਰੀ ਰੱਖ ਸਕਦੀ ਹੈ। ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਸਰਕਾਰੀ ਸੂਤਰਾਂ ਨੇ ਦੱਸਿਆ ਕਿ ,'ਸਾਉਣੀ ਦੀਆਂ ਫ਼ਸਲਾਂ 'ਤੇ ਅਲ ਨੀਨੋ ਦੇ ਪ੍ਰਭਾਵ ਦੇ ਡਰੋਂ ਸਰਕਾਰ ਇਹ ਫ਼ੈਸਲਾ ਲੈ ਸਕਦੀ ਹੈ। ਸਾਉਣੀ ਦੀਆਂ ਫ਼ਸਲਾਂ 'ਤੇ ਅਲ ਨੀਨੋ ਦਾ ਕੀ ਅਸਰ ਹੋਵੇਗਾ, ਇਸ ਬਾਰੇ ਭਵਿੱਖ ਬਾਣੀ ਕੀਤੀ ਜਾ ਰਹੀ ਹੈ। ਸਰਕਾਰ ਇਸ ਨੂੰ ਲੈ ਕੇ ਸੁਚੇਤ ਹੈ। ਜੇਕਰ ਅਲ ਨੀਨੋ ਦਾ ਅਸਰ ਹੋਵੇ ਤਾਂ ਸਰਕਾਰ ਉਸ ਲਈ ਪਹਿਲਾਂ ਹੀ ਤਿਆਰ ਹੋਵੇ।'
ਸਰਕਾਰ ਚੌਲਾਂ ਦੇ ਨਿਰਯਾਤ 'ਤੇ ਲੱਗੀ ਪਾਬੰਦੀ ਹਟਾਉਣ ਦਾ ਉਦੋਂ ਹੀ ਵਿਚਾਰ ਕਰੇਗੀ ਜਦੋਂ ਸਾਉਣੀ ਦੀ ਬੀਜਾਈ ਦਾ ਸੀਜ਼ਨ ਖ਼ਤਮ ਹੋ ਜਾਵੇਗਾ। ਇਸ ਨਾਲ ਸਰਕਾਰ ਇਹ ਅੰਦਾਜਾ ਲੱਗਾ ਸਕਦੀ ਹੈ ਕਿ ਇਸ ਸਾਲ ਚੌਲਾਂ ਦੀ ਪੈਦਾਵਾਰ ਕਿਹੋ ਜਿਹੀ ਹੋਵੇਗੀ। ਸਰਕਾਰੀ ਅਧਿਕਾਰੀ ਨੇ ਦੱਸਿਆ,'ਮਾਨਸੂਨ ਫ਼ਸਲ ਦੀ ਪੈਦਾਵਾਰ ਦੇਖਣ 'ਤੋਂ ਬਾਅਦ ਹੀ ਸਰਕਾਰ ਪਾਬੰਦੀ ਹਟਾਉਣ ਦਾ ਫ਼ੈਸਲਾ ਕਰੇਗੀ।'
ਜਾਣੋ ਕੀ ਹੈ ਚੌਲਾਂ ਦਾ ਰੇਟ
7 ਅਗਸਤ ਤੱਕ ਪ੍ਰਚੂਨ ਬਾਜ਼ਾਰ 'ਚ ਚੌਲ ਦੀ ਕੀਮਤ ਪਿਛਲੇ ਇੱਕ ਸਾਲ 'ਚ 10.63 ਫ਼ੀਸਦੀ ਵਧ ਚੁੱਕੀ ਹੈ, ਜਦਕਿ ਥੋਕ ਬਾਜ਼ਾਰ 'ਚ ਇਸ ਦੌਰਾਨ ਚੌਲਾਂ ਦੀ ਕੀਮਤ 'ਚ 11.12 ਫ਼ੀਸਦੀ ਦਾ ਵਾਧਾ ਹੋਇਆ ਹੈ। ਸਰਕਾਰ ਨੇ 20 ਜੁਲਾਈ ਨੂੰ ਕੁਝ ਖ਼ਾਸ ਤਰ੍ਹਾਂ ਦੇ ਚੌਲਾਂ ਦੇ ਨਿਰਯਾਤ 'ਤੇ ਰੋਕ ਲਗਾਉਣ ਦਾ ਫ਼ੈਸਲਾ ਕੀਤਾ ਸੀ। ਇਸਦੇ ਨਾਲ ਹੀ ਸਰਕਾਰ ਓਪਨ ਮਾਰਕਿਟ ਸੇਲ ਸਕੀਮ ਦੇ ਤਹਿਤ ਕੁਝ ਜ਼ਰੂਰੀ ਚੀਜ਼ਾਂ ਦੀ ਵੀ ਕੀਮਤ ਘਟਾਏਗੀ। ਸਰਕਾਰ ਨੇ ਅਨਾਜਾਂ ਦਾ ਰਾਖਵਾਂ ਮੁੱਲ ਵੀ ਘਟਾ ਦਿੱਤਾ ਤਾਂ ਜੋ ਬੋਲੀ 'ਚ ਬਿਹਤਰ ਪ੍ਰਤੀਕਿਰਿਆ ਮਿਲ ਸਕੇ।
Al Nino ਦਾ ਖ਼ਤਰਾ ਬਰਕਰਾਰ
ਵਿੱਤ ਮੰਤਰਾਲੇ ਨੇ ਜੂਨ 2023 ਦੇ ਆਪਣੇ ਮਹੀਨਾਵਰ ਆਰਥਿਕ ਰਿਪੋਰਟ 'ਚ ਲਿਖਿਆ ਕਿ ਅਲ ਨੀਨੋ ਦੇ ਕਾਰਨ ਸਪਲਾਈ 'ਤੇ ਅਸਰ ਪੈ ਸਕਦਾ ਹੈ। ਅਲ ਨੀਨੋ ਹਰ 3-6 ਸਾਲ ਤੱਕ ਨਜ਼ਰ ਆਉਂਦਾ ਹੈ। ਇਸ ਨਾਲ ਸਮੁੰਦਰ ਉੱਪਰ ਲੋੜ 'ਤੋਂ ਜ਼ਿਆਦਾ ਗਰਮੀ ਹੁੰਦੀ ਹੈ ਜਿਸ ਦੇ ਕਾਰਨ ਹਵਾਵਾਂ ਦਾ ਪੈਟਰਨ ਬਦਲ ਜਾਂਦਾ ਹੈ। ਇਸ ਦਾ ਅਸਰ ਸਾਰੀ ਦੁਨੀਆ ਦੇ ਤਾਪਮਾਨ 'ਤੇ ਪੈਂਦਾ ਹੈ। ਅਮਰੀਕੀ ਸਰਕਾਰ ਦੀ ਰਾਸ਼ਟਰੀ ਸਮੁੰਦਰੀ ਅਤੇ ਵਾਯੂਮੰਡਲ ਪ੍ਰਸ਼ਾਸਨ ਨੇ ਪਹਿਲਾਂ ਹੀ ਇਹ ਸੰਕੇਤ ਦਿੱਤਾ ਸੀ ਕਿ ਇਸ ਸਾਲ ਅਲ ਨੀਨੋ ਦੇ ਹਾਲਾਤ ਪੈਦਾ ਹੋ ਸਕਦੇ ਹਨ।
31 ਜੁਲਾਈ ਨੂੰ ਭਾਰਤੀ ਮੌਸਮ ਵਿਭਾਗ ਨੇ ਕਿਹਾ ਸੀ ਕਿ ਅਗਸਤ 'ਚ ਭਾਰਤ 'ਚ ਆਮ ਨਾਲੋਂ ਘੱਟ ਮਾਨਸੂਨ ਵਰਖਾ ਹੋ ਸਕਦੀ ਹੈ। ਫਿਲਹਾਲ ਭੂ-ਮੱਧ ਪ੍ਰਸ਼ਾਂਤ ਸਾਗਰ 'ਚ ਕਮਜ਼ੋਰ ਅਲ ਨੀਨੋ ਦੀ ਸਥਿਤੀ ਬਣੀ ਹੋਈ ਹੈ। ਤਾਜ਼ਾ ਮਾਡਲ 'ਤੋਂ ਸੰਕੇਤ ਮਿਲ ਰਿਹਾ ਹੈ ਕਿ ਇਨ੍ਹਾਂ ਹਾਲਾਤਾਂ ਨਾਲ ਅੱਗੇ ਹਾਲਾਤ ਹੋਰ ਵਿਗੜ ਸਕਦੇ ਹਨ ਜੋ ਅਗਲੇ ਸਾਲ ਤੱਕ ਜਾਰੀ ਰਹਿਣਗੇ।