ਆਯੁਰਵੈਦਿਕ ਤੇ ਹੋਮਿਓਪੈਥਿਕ ਕੰਪਨੀਆਂ ਵੱਲੋਂ ਕੋਰੋਨਾ ਦੇ ਇਲਾਜ ਲਈ ਦਿੱਤੇ ਗਏ ਗੁੰਮਰਾਹਕੁੰਨ ਇਸ਼ਤਿਹਾਰ

06/24/2020 3:05:48 PM

ਮੁੰਬਈ (ਭਾਸ਼ਾ) : ਐਡਵਰਟਾਈਜ਼ਿੰਗ ਸਟੈਂਡਰਡਜ਼ ਕਾਊਂਸਲ ਆਫ ਇੰਡੀਆ (ਏ.ਐੱਸ.ਸੀ.ਆਈ.) ਨੇ ਅਪ੍ਰੈਲ ਵਿਚ ਆਯੁਰਵੈਦਿਕ ਅਤੇ ਹੋਮਿਓਪੈਥਿਕ ਦਵਾਈ ਕੰਪਨੀਆਂ ਦੇ ਕੋਵਿਡ-19 ਦੇ ਇਲਾਜ ਦਾ ਦਾਅਵਾ ਕਰਨ ਵਾਲੇ 50 ਇਸ਼ਤਿਹਾਰ ਅਭਿਆਨਾਂ ਨੂੰ ਗੁੰਮਰਾਹਕੁੰਨ ਪਾਇਆ। ਏ.ਐੱਸ.ਸੀ.ਆਈ. ਨੇ ਕਾਰਵਾਈ ਲਈ ਇਸ ਦੀ ਜਾਣਕਾਰੀ ਕੇਂਦਰ ਸਰਕਾਰ ਨੂੰ ਦਿੱਤੀ ਹੈ।

ਏ.ਅੱੈਸ.ਸੀ.ਆਈ. ਨੇ ਬਿਆਨ ਵਿਚ ਕਿਹਾ ਕਿ ਇਹ ਇਸ਼ਤਿਹਾਰ ਵੱਖ-ਵੱਖ ਮੀਡੀਆ ਮੰਚਾਂ 'ਤੇ ਪ੍ਰਸਾਰਿਤ ਹੋਏ ਹਨ। ਏ.ਐਸ.ਸੀ.ਆਈ. ਨੇ ਕਿਹਾ ਕਿ ਇਹ ਇਸ਼ਤਿਹਾਰ ਅਭਿਆਨ ਆਯੁਰਵੈਦ, ਯੋਗ ਅਤੇ ਨੈਚਰੋਥੈਰੇਪੀ, ਯੂਨਾਨੀ, ਸਿੱਧ, ਅਤੇ ਹੋਮਿਓਪੈਥੀ (ਆਯੁਸ਼) ਮੰਤਰਾਲਾ ਦੇ 1 ਅਪ੍ਰੈਲ 2020 ਦੇ ਹੁਕਮ ਦੀ ਉਲੰਘਣਾ ਕਰਦੇ ਹਨ। ਇਸ ਹੁਕਮ ਵਿਚ ਆਯੁਸ਼ ਨਾਲ ਸਬੰਧਤ ਪ੍ਰਚਾਰ ਅਤੇ ਇਸ਼ਤਿਹਾਰ 'ਤੇ ਰੋਕ ਲਗਾਈ ਗਈ ਹੈ। ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਹੀ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਆਯੁਰਵੈਦ ਨੇ ਕੋਵਿਡ-19 ਦੇ ਇਲਾਜ ਦੀ ਦਵਾਈ ਪੇਸ਼ ਕਰਨ ਦੀ ਘੋਸ਼ਣਾ ਕੀਤੀ ਸੀ। ਉਸ ਦੇ ਕੁੱਝ ਘੰਟੇ ਬਾਅਦ ਹੀ ਆਯੁਸ਼ ਮੰਤਰਾਲਾ ਨੇ ਇਸ ਦਵਾਈ ਦਾ ਪ੍ਰਚਾਰ ਕੋਵਿਡ-19 ਦੇ ਇਲਾਜ ਦੀ ਦਵਾਈ ਦੇ ਰੂਪ ਵਿਚ ਕਰਨ 'ਤੇ ਰੋਕ ਲਗਾ ਦਿੱਤੀ ਸੀ। ਏ.ਐੱਸ.ਸੀ.ਆਈ. ਨੇ ਕਿਹਾ ਕਿ ਆਯੁਸ਼ ਮੰਤਰਾਲਾ ਨੇ ਉਸ ਨੂੰ ਇਸ ਤਰ੍ਹਾਂ ਦੇ ਇਸ਼ਤਿਹਾਰਾਂ ਦੀ ਜਾਣਕਾਰੀ ਦੇਣ ਨੂੰ ਕਿਹਾ ਸੀ। ਪਰਿਸ਼ਦ ਨੇ ਇਸ ਦੇ ਨਾਲ ਹੀ 50 ਅਜਿਹੀ ਕੰਪਨੀਆਂ ਦੀ ਸੂਚੀ ਜਾਰੀ ਕੀਤੀ ਹੈ, ਜਿਨ੍ਹਾਂ ਨੇ ਅਪ੍ਰੈਲ ਵਿਚ ਕੋਵਿਡ-19  ਦੇ ਇਲਾਜ ਦੀ ਦਵਾਈ ਪੇਸ਼ ਕਰਨ ਦਾ ਦਾਅਵਾ ਕੀਤਾ ਸੀ।

ਦਿਲਚਸਪ ਗੱਲ ਹੈ ਕਿ ਇਸ ਸੂਚੀ ਵਿਚ ਉਹ ਇਕਾਈਆਂ ਵੀ ਸ਼ਾਮਲ ਹਨ ਜੋ ਹੋਮਿਓਪੈਥਿਕ ਦਵਾਈ 'ਆਰਸੇਨਿਕ ਐਲਬਮ 30' ਦਾ ਪ੍ਰਚਾਰ ਕੋਰੋਨਾ ਵਾਇਰਸ ਦੇ ਇਲਾਜ ਦੀ ਦਵਾਈ ਦੇ ਰੂਪ ਵਿਚ ਕਰ ਰਹੀਆਂ ਸਨ। ਹਾਲਾਂਕਿ ਇਸ ਸੂਚੀ ਵਿਚ ਕੋਈ ਵੱਡਾ ਬਰਾਂਡ ਸ਼ਾਮਲ ਨਹੀਂ ਹੈ। ਇਨ੍ਹਾਂ ਵਿਚ ਜ਼ਿਆਦਾਤਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਤਾਇਨਾਤ ਸਥਾਨਕ ਕੰਪਨੀਆਂ ਹਨ। ਇਸ ਦੇ ਇਲਾਵਾ ਏ.ਐੱਸ.ਸੀ.ਆਈ. ਨੇ ਆਯੁਸ਼ ਮੰਤਰਾਲਾ ਦੇ ਦਵਾਈ ਅਤੇ ਚਮਤਕਾਰੀ ਇਲਾਜ ਦੇ ਨਿਯਮਾਂ ਦੀ ਸੰਭਾਵਿਤ ਉਲੰਘਣਾ ਦੇ 91 ਹੋਰ ਮਾਮਲਿਆਂ ਨੂੰ ਵੀ ਗੁੰਮਰਾਹਕੁੰਨ ਕਰਾਰ ਦਿੱਤਾ। ਇਸ ਸੂਚੀ ਵਿਚ ਉਹ ਕੰਪਨੀਆਂ ਸ਼ਾਮਲ ਹਨ ਜੋ ਸ਼ੂਗਰ, ਕੈਂਸਰ, ਜਿਨਸੀ ਸਮੱਸਿਆਵਾਂ, ਬਲੱਡ ਪ੍ਰੈਸ਼ਰ ਅਤੇ ਮਾਨਸਿਕ ਤਣਾਅ ਦੇ ਇਲਾਜ਼ ਦਾ ਦਾਅਵਾ ਕਰ ਰਹੀਆਂ ਹਨ। ਇਸ ਦੌਰਾਨ ਏ.ਐੱਸ.ਸੀ.ਆਈ. ਨੇ ਹਿੰਦੁਸਤਾਨ ਯੂਨੀਲੀਵਰ ਦੇ 'ਫੇਅਰ ਐਂਡ ਲਵਲੀ' ਬਰਾਂਡ ਦੇ ਐਡਵਾਂਸਡ ਮਲਟੀ ਵਿਟਾਮਿਨ ਨਾਲ ਸਬੰਧਤ ਇਸ਼ਤਿਹਾਰ ਨੂੰ ਵੀ ਗੁੰਮਰਾਹਕੁੰਨ ਕਰਾਰ ਦਿੱਤਾ ਹੈ। ਅਪ੍ਰੈਲ ਵਿਚ ਜਿਨ੍ਹਾਂ ਹੋਰ ਪ੍ਰਮੁੱਖ ਬਰਾਂਡਾਂ ਦੇ ਇਸ਼ਤਿਹਾਰ 'ਤੇ ਪਰਿਸ਼ਦ ਨੇ ਇਤਰਾਜ਼ ਜਤਾਇਆ ਹੈ ਉਨ੍ਹਾਂ ਵਿਚ ਏਸ਼ੀਅਨ ਪੇਂਟਸ, ਰਿਲਾਇੰਸ ਇੰਡਸਟਰੀਜ਼, ਟਾਟਾ ਮੋਟਰਸ, ਐੱਫ.ਸੀ.ਏ. ਇੰਡੀਆ ਆਟੋਮੋਬਾਇਲਸ, ਗ੍ਰੋਫਰਸ, ਮੈਕਮਾਈਟਰਿੱਪ ਅਤੇ ਇੰਡੀਗੋ ਏਅਰਲਾਇਨਜ਼ ਸ਼ਾਮਲ ਹੈ।


cherry

Content Editor

Related News