ਕਿਸਾਨਾਂ ਨੂੰ ਪਰਮਲ ਦੇ ਨਾਲ ਹੀ ਬਾਸਮਤੀ ਲਾਉਣਾ ਕਰ ਸਕਦਾ ਹੈ ਨੁਕਸਾਨ!
Monday, May 31, 2021 - 03:03 PM (IST)
ਚੰਡੀਗੜ੍ਹ- ਪੰਜਾਬ ਸਣੇ ਦੇਸ਼ ਦੇ ਕਈ ਹਿੱਸਿਆਂ ਵਿਚ ਝੋਨੇ ਦੀ ਬਿਜਾਈ ਦਾ ਮੌਸਮ ਜਲਦ ਸ਼ੁਰੂ ਹੋਣ ਜਾ ਰਿਹਾ ਹੈ। ਇਸ ਵਿਚਕਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰਾਂ ਨੇ ਕਿਸਾਨਾਂ ਨੂੰ 15 ਜੁਲਾਈ ਤੋਂ ਪਹਿਲਾਂ 'ਪੂਸਾ ਬਾਸਮਤੀ 1509' ਦੀ ਬਿਜਾਈ ਨਾ ਕਰਨ ਦੀ ਸਲਾਹ ਦਿੱਤੀ ਹੈ।
ਮਾਹਰਾਂ ਦਾ ਕਹਿਣਾ ਹੈ ਕਿ ਬਾਸਮਤੀ ਪੱਕਣ ਦੌਰਾਨ ਜੋ ਸਹੀ ਤਾਪਮਾਨ ਚਾਹੀਦਾ ਹੈ, ਉਸ ਹਿਸਾਬ ਨਾਲ 15 ਜੁਲਾਈ ਤੋਂ ਬਿਜਾਈ ਹੋਣਾ ਜ਼ਿਆਦਾ ਸਹੀ ਹੈ। ਇਸ ਦੌਰਾਨ ਲਾਈ ਗਈ ਬਾਸਮਤੀ ਜਾ ਕੇ ਸਤੰਬਰ ਦੇ ਅੰਤ ਜਾਂ ਅਕਤੂਬਰ ਦੇ ਸ਼ੁਰੂ ਵਿਚ ਪੱਕਦੀ ਹੈ। ਇਸ ਨਾਲ ਇਕ ਤਾਂ ਝਾੜ ਵਧੀਆ ਹੁੰਦਾ ਹੈ, ਨਾਲ ਹੀ ਖੁਸ਼ਬੂ ਤੇ ਗੁਣਵੱਤਾ ਬਿਹਤਰ ਮਿਲਦੀ ਹੈ। ਗੌਰਤਲਬ ਹੈ ਕਿ ਬਾਮਸਤੀ ਮੁੱਖ ਤੌਰ 'ਤੇ ਪੰਜਾਬ ਤੇ ਹਰਿਆਣਾ ਵਿਚ ਲਾਈ ਜਾਂਦੀ ਹੈ। ਹਾਲਾਂਕਿ, ਪੱਛਮੀ ਯੂ. ਪੀ. ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਦਿੱਲੀ ਦੇ ਖੇਤਰਾਂ ਵਿਚ ਵੀ ਇਸ ਦੀ ਬਿਜਾਈ ਹੁੰਦੀ ਹੈ।
ਇਹ ਵੀ ਪੜ੍ਹੋ- UAE ਜਾਣ ਦੀ ਉਡੀਕ ਹੋਈ ਲੰਮੀ, ਇੰਨੀ ਤਾਰੀਖ਼ ਤੱਕ ਉਡਾਣਾਂ 'ਤੇ ਵਧੀ ਪਾਬੰਦੀ
ਖੇਤੀਬਾੜੀ ਮਾਹਰਾਂ ਦਾ ਕਹਿਣਾ ਹੈ ਕਿ ਬਾਸਮਤੀ ਪੱਕਣ ਵਿਚ ਬਹੁਤ ਘੱਟ ਸਮਾਂ ਲੈਂਦੀ ਹੈ। ਇਹ ਬਿਜਾਈ ਤੋਂ ਤਕਰੀਬਨ 120 ਦਿਨਾਂ ਵਿਚ ਬਣ ਕੇ ਤਿਆਰ ਹੋ ਜਾਂਦੀ ਹੈ ਪਰ ਬਹੁਤ ਸਾਰੇ ਕਿਸਾਨ ਜੂਨ ਵਿਚ ਪਰਮਲ ਦੇ ਨਾਲ ਹੀ ਇਸ ਨੂੰ ਲਾ ਦਿੰਦੇ ਹਨ, ਜਿਸ ਨਾਲ ਇਹ ਸਤੰਬਰ ਦੇ ਸ਼ੁਰੂ ਵਿਚ ਹੀ ਜਾਂ ਇੱਥੋਂ ਤੱਕ ਕਿ ਪਰਮਲ ਤੋਂ ਵੀ ਪਹਿਲਾਂ ਪੱਕ ਜਾਂਦੀ ਹੈ ਜਦੋਂ ਦਿਨ ਤੇ ਰਾਤ ਦੋਵੇਂ ਬਹੁਤ ਗਰਮ ਹੁੰਦੇ ਹਨ। ਇਸ ਕਾਰਨ ਸਭ ਤੋਂ ਜ਼ਿਆਦਾ ਸਮੱਸਿਆ ਮਾਰਕੀਟਿੰਗ ਸਮੇਂ ਆਉਂਦੀ ਹੈ ਕਿਉਂਕਿ ਇਕ ਤਾਂ ਇਸ ਦੀ ਖੁਸ਼ਬੂ ਮਰ ਜਾਂਦੀ ਹੈ ਅਤੇ ਦੂਜਾ ਦਾਣਾ ਟੋਟਾ ਹੋ ਜਾਂਦਾ ਹੈ। ਇਸ ਵਜ੍ਹਾ ਨਾਲ ਬਰਾਮਦ ਵੀ ਨਹੀਂ ਹੁੰਦੀ। ਇਸ ਲਈ ਕਿਸਾਨਾਂ ਨੂੰ 25 ਦਿਨਾਂ ਦੀ ਪੁਰਾਣੀ ਪਨੀਰੀ ਜੁਲਾਈ ਦੇ ਦੂਜੇ ਪੰਦਰਵਾੜੇ ਤੋਂ ਹੀ ਲਾਉਣੀ ਸ਼ੁਰੂ ਕਰਨੀ ਚਾਹੀਦੀ ਹੈ ਤਾਂ ਜੋ ਝਾੜ ਅਤੇ ਗੁਣਵੱਤਾ ਦੋਵੇਂ ਬਿਹਤਰ ਹੋਣ ਅਤੇ ਚੰਗਾ ਮੁੱਲ ਪ੍ਰਾਪਤ ਹੋ ਸਕੇ।
ਇਹ ਵੀ ਪੜ੍ਹੋ- ਪੰਜਾਬ 'ਚ ਪੈਟਰੋਲ 100 ਰੁ: ਹੋਣ ਤੋਂ ਸਿਰਫ਼ 4 ਰੁ: ਦੂਰ, ਡੀਜ਼ਲ 87 ਰੁ: ਤੋਂ ਪਾਰ
►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ