ਵਾਹਨ ਉਦਯੋਗ 'ਤੇ ਕੋਰੋਨਾ ਲਹਿਰ ਦਾ ਵੱਡਾ ਅਸਰ, ਵਿਕਰੀ 30 ਫ਼ੀਸਦੀ ਘਟੀ
Wednesday, May 12, 2021 - 01:48 PM (IST)
ਨਵੀਂ ਦਿੱਲੀ- ਕੋਵਿਡ-19 ਦੀ ਦੂਜੀ ਲਹਿਰ ਨੇ ਅਪ੍ਰੈਲ ਵਿਚ ਪੂਰੇ ਵਾਹਨ ਉਦਯੋਗ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਅਤੇ ਇਸ ਸਾਲ ਮਾਰਚ ਦੇ ਮੁਕਾਬਲੇ ਵਿਕਰੀ 30.18 ਫ਼ੀਸਦੀ ਘੱਟ ਕੇ 12,70,458 ਇਕਾਈ ਰਹਿ ਗਈ। ਵਾਹਨ ਨਿਰਮਾਤਾਵਾਂ ਦੇ ਸੰਗਠਨ ਸਿਆਮ ਵੱਲੋਂ ਅੱਜ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਸਾਰੀਆਂ ਸ਼੍ਰੇਣੀਆਂ ਦੇ ਵਾਹਨਾਂ ਦੀ ਵਿਕਰੀ ਵਿਚ ਗਿਰਾਵਟ ਦੇਖਣ ਨੂੰ ਮਿਲੀ ਹੈ।
ਯਾਤਰੀ ਵਾਹਨਾਂ ਦੀ ਵਿਕਰੀ 10.07 ਫ਼ੀਸਦੀ ਘੱਟ ਕੇ 2,61,633 ਇਕਾਈ ਰਹਿ ਗਈ। ਇਸ ਵਿਚ ਕਾਰਾਂ ਦੀ ਵਿਕਰੀ 10.06 ਫ਼ੀਸਦੀ ਘੱਟ ਕੇ 1,41,194, ਯੂਟਿਲਟੀ ਵਾਹਨਾਂ ਦੀ 11.02 ਫ਼ੀਸਦੀ ਦੀ ਗਿਰਾਵਟ ਨਾਲ 1,08,871 ਅਤੇ ਵੈਨਸ ਦੀ 0.31 ਫ਼ੀਸਦੀ ਦੀ ਗਿਰਾਵਟ ਨਾਲ 11,568 'ਤੇ ਆ ਗਈ।
ਪਿਛਲੇ ਸਾਲ ਦੇਸ਼ ਭਰ ਵਿਚ ਤਾਲਾਬੰਦੀ ਕਾਰਨ ਦੇਸ਼ ਵਿਚ ਸਿਰਫ 23 ਤਿੰਨ ਪਹੀਆ ਵਾਹਨ ਵਿਕੇ ਸਨ, ਜਦੋਂ ਕਿ ਹੋਰ ਸ਼੍ਰੇਣੀਆਂ ਵਿਚ ਵਿਕਰੀ ਜ਼ੀਰੋ ਸੀ। ਇਸ ਲਈ ਸਿਆਮ ਨੇ ਅਪ੍ਰੈਲ 2021 ਦੇ ਅੰਕੜਿਆਂ ਦੀ ਤੁਲਨਾ ਇਸ ਸਾਲ ਮਾਰਚ ਦੇ ਅੰਕੜਿਆਂ ਨਾਲ ਕੀਤੀ ਹੈ। ਦੋਪਹੀਆ ਵਾਹਨਾਂ ਦੀ ਵਿਕਰੀ ਅਪ੍ਰੈਲ ਵਿਚ 9,95,097 ਰਹੀ, ਜੋ ਮਾਰਚ ਦੇ ਮੁਕਾਬਲੇ 33.52 ਫ਼ੀਸਦੀ ਘੱਟ ਹੈ। ਇਲੈਕਟ੍ਰਿਕ ਦੋਪਹੀਆ ਵਾਹਨਾਂ ਦੀ ਵਿਕਰੀ ਜਿੱਥੇ 83.60 ਫ਼ੀਸਦੀ ਵੱਧ ਕੇ 817 'ਤੇ ਪਹੁੰਚ ਗਈ, ਉੱਥੇ ਹੀ ਰਿਵਾਇਤੀ ਦੋਪਹੀਆ ਵਾਹਨਾਂ ਦੀ ਸਾਰੀਆਂ ਸ਼੍ਰੇਣੀ ਵਿਚ ਗਿਰਾਵਟ ਦੇਖੀ ਗਈ। ਸਕੂਟਰਾਂ ਦੀ ਵਿਕਰੀ 34.35 ਫ਼ੀਸਦੀ ਘੱਟ ਕੇ 3,00,462, ਮੋਟਰਸਾਈਕਲਾਂ ਦੀ 32.81 ਫ਼ੀਸਦੀ ਘੱਟ ਹੋ ਕੇ 6,67,841 ਅਤੇ ਮੋਪੇਡ ਦੀ 41.87 ਫ਼ੀਸਦੀ ਘੱਟ ਕੇ 25,977 'ਤੇ ਆ ਗਈ। ਤਿੰਨ ਪਹੀਆ ਵਾਹਨਾਂ ਦੀ ਵਿਕਰੀ 57.01 ਫ਼ੀਸਦੀ ਦੀ ਗਿਰਾਵਟ ਨਾਲ 13,728 ਇਕਾਈ ਰਹੀ। ਕਈ ਜਗ੍ਹਾ ਤਾਲਾਬੰਦੀ ਵਾਹਨ ਉਦਯੋਗ ਲਈ ਮਾਰੂ ਸਾਬਤ ਹੋ ਰਹੀ ਹੈ।