ਕੋਵਿਡ-19 ਕਾਰਨ ਵਾਹਨ ਨਿਰਮਤਾਵਾਂ ਨੂੰ ਵਿਕਰੀ 'ਚ ਕਮੀ ਆਉਣ ਦਾ ਡਰ
Monday, Apr 19, 2021 - 02:23 PM (IST)
ਨਵੀਂ ਦਿੱਲੀ- ਮਾਰੂਤੀ ਸੁਜ਼ੂਕੀ, ਟੋਇਟਾ ਕਿਰਲੋਸਕਰ ਮੋਟਰ ਅਤੇ ਹੌਂਡਾ ਕਾਰਜ਼ ਵਰਗੀਆਂ ਪ੍ਰਮੁੱਖ ਆਟੋਮੋਬਾਈਲ ਕੰਪਨੀਆਂ ਨੂੰ ਡਰ ਹੈ ਕਿ ਕੋਵਿਡ-19 ਕਾਰਨ ਵਾਹਨਾਂ ਦੀ ਵਿਕਰੀ ਘੱਟ ਸਕਦੀ ਹੈ।
ਮਾਰੂਤੀ ਸੁਜ਼ੂਕੀ ਇੰਡੀਆ ਦੇ ਕਾਰਜਕਾਰੀ ਡਾਇਰੈਕਟਰ (ਸੇਲਜ਼ ਐਂਡ ਮਾਰਕੀਟਿੰਗ) ਸ਼ਸ਼ਾਂਕ ਸ਼੍ਰੀਵਾਸਤਵ ਨੇ ਕੰਪਨੀ ਦੀ ਵਿਕਰੀ 'ਤੇ ਮਹਾਮਾਰੀ ਦੀ ਦੂਜੀ ਲਹਿਰ ਦੇ ਪ੍ਰਭਾਵ ਬਾਰੇ ਪੁੱਛੇ ਜਾਣ 'ਤੇ ਕਿਹਾ, ''ਕੋਵਿਡ-19 ਸਥਿਤੀ ਖ਼ਰਾਬ ਹੋਣਾ ਸਪੱਸ਼ਟ ਤੌਰ ‘ਤੇ ਗਾਹਕਾਂ ਦੀ ਭਾਵਨਾ ਲਈ ਨਕਾਰਾਤਮਕ ਹੈ ਅਤੇ ਇਸ ਨਾਲ ਵਿਕਰੀ ‘ਤੇ ਮਾੜਾ ਪ੍ਰਭਾਵ ਪੈਂਦਾ ਹੈ।''
ਟੋਇਟਾ ਕਿਰਲੋਸਕਰ ਮੋਟਰ ਦੇ ਸੀਨੀਅਰ ਉਪ ਮੁਖੀ ਨਵੀਨ ਸੋਨੀ ਨੇ ਵੀ ਮੰਨਿਆ ਕਿ ਸਥਾਨਕ ਪਾਬੰਦੀਆਂ ਕਾਰਨ ਕਾਰਾਂ ਦੀ ਬੁਕਿੰਗ ਤੇ ਡਿਲਿਵਰੀ 'ਤੇ ਅਸਰ ਪਿਆ ਹੈ। ਉਨ੍ਹਾਂ ਕਿਹਾ ਕਿ ਮਹੀਨੇ ਕੁ ਤੱਕ ਇਹ ਦੱਸਣਾ ਸੰਭਵ ਹੋਵੇਗਾ ਕਿ ਵਿਕਰੀ ਦਾ ਕੀ ਰੁਝਾਨ ਹੈ ਪਰ ਹੁਣ ਤੱਕ ਸਾਡੇ ਕੋਲ ਜੋ ਪਿਛਲੇ ਆਰਡਰ ਹਨ ਉਹ ਚੰਗੀ ਗਿਣਤੀ ਵਿਚ ਹਨ। ਇਸ ਲਈ ਅਸੀਂ ਸਥਾਨਕ ਪਾਬੰਦੀਆਂ ਅਤੇ ਤਾਲਾਬੰਦੀ ਹੋਣ ਦੇ ਬਾਵਜੂਦ ਗਾਹਕਾਂ ਦੀ ਮੰਗ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਨਿਰਮਾਣ ਕਾਰਜਾਂ ਬਾਰੇ ਸੋਨੀ ਨੇ ਕਿਹਾ ਕਿ ਕੰਪਨੀ ਵਾਹਨਾਂ ਦੇ ਉਤਪਾਦਨ ਵਿਚ ਸਾਵਧਾਨੀ ਨਾਲ ਅੱਗੇ ਵੱਧ ਰਹੀ ਹੈ। ਹੌਂਡਾ ਕਾਰਜ਼ ਇੰਡੀਆ ਨੇ ਵੀ ਕਿਹਾ ਕਿ ਉਹ ਸਥਿਤੀ 'ਤੇ ਨੇੜਿਓ ਨਜ਼ਰ ਰੱਖ ਰਹੀ ਹੈ।