ਭਾਰਤ ’ਚ ਦੁੱਗਣਾ ਹੋਇਆ ਐਪਲ ਦਾ ਕਾਰੋਬਾਰ

Saturday, Oct 30, 2021 - 11:05 AM (IST)

ਨਵੀਂ ਦਿੱਲੀ,(ਭਾਸ਼ਾ)– ਤਕਨਾਲੋਜੀ ਖੇਤਰ ਦੀ ਪ੍ਰਮੁੱਖ ਕੰਪਨੀ ਐਪਲ ਨੇ ਵਿੱਤੀ ਸਾਲ 2021 ’ਚ ਆਪਣੇ ਮਾਲੀਏ ਦਾ ਲਗਭਗ ਇਕ ਤਿਹਾਈ ਉਭਰਦੇ ਬਾਜ਼ਾਰਾਂ ਤੋਂ ਕਮਾਇਆ ਅਤੇ ਭਾਰਤ ਅਤੇ ਵੀਅਤਨਾਮ ’ਚ ਉਸ ਦਾ ਕਾਰੋਬਾਰ ਦੁੱਗਣਾ ਹੋ ਗਿਆ। ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਟਿਮ ਕੁਕ ਨੇ ਇਹ ਜਾਣਕਾਰੀ ਦਿੱਤੀ। ਅਮਰੀਕੀ ਕੰਪਨੀ ਨੇ 25 ਸਤੰਬਰ 2021 ਨੂੰ ਸਮਾਪਤ ਚੌਥੀ ਤਿਮਾਹੀ ’ਚ ਸਾਲਾਨਾ ਆਧਾਰ ’ਤੇ 29 ਫੀਸਦੀ ਦੇ ਵਾਧੇ ਨਾਲ 83.4 ਅਰਬ ਡਾਲਰ ਦਾ ਮਾਲੀਆ ਕਮਾਇਆ। ਇਸ ਤਿਮਾਹੀ ’ਚ ਉਸ ਦੀ ਸ਼ੁੱਧ ਆਮਦਨ 20.55 ਅਰਬ ਡਾਲਰ ਸੀ ਜਦ ਕਿ ਇਕ ਸਾਲ ਪਹਿਲਾਂ ਇਸੇ ਤਿਮਾਹੀ ’ਚ ਇਹ 12.67 ਅਰਬ ਡਾਲਰ ਸੀ। ਸਤੰਬਰ 2021 ’ਚ ਸਮਾਪਤ ਵਿੱਤੀ ਸਾਲ ਦੌਰਾਨ ਕੰਪਨੀ ਦੀ ਕੁੱਲ ਸ਼ੁੱਧ ਵਿਕਰੀ 365.8 ਅਰਬ ਡਾਲਰ ਰਹੀ।

ਕੁਕ ਨੇ ਕਿਹਾ ਕਿ ਅਸੀਂ ਸਾਰੇ ਖੇਤਰਾਂ ’ਚ ਮਜ਼ਬੂਤ ਦੋਹਰੇ ਅੰਕ ਦੇ ਵਾਧੇ ਨਾਲ ਹਰ ਭੂਗੋਲਿਕ ਖੇਤਰ ’ਚ ਤਿਮਾਹੀ ਦਾ ਰਿਕਾਰਡ ਸਥਾਪਿਤ ਕੀਤਾ ਹੈ। ਵਿੱਤੀ ਸਾਲ 2021 ਦੌਰਾਨ ਅਸੀਂ ਉਭਰਦੇ ਬਾਜ਼ਾਰਾਂ ਤੋਂ ਆਪਣੇ ਮਾਲੀਏ ਦਾ ਲਗਭਗ ਇਕ ਤਿਹਾਈ ਹਿੱਸਾ ਕਮਾਇਆ ਅਤੇ ਭਾਰਤ ਅਤੇ ਵੀਅਤਨਾਮ ’ਚ ਆਪਣੇ ਕਾਰੋਬਾਰ ਨੂੰ ਦੁੱਗਣਾ ਕਰ ਦਿੱਤਾ। ਕਾਊਂਟਰਪੁਆਇੰਟ ਰਿਸਰਚ ਮੁਤਾਬਕ ਸਤੰਬਰ 2021 ਦੀ ਤਿਮਾਹੀ ’ਚ ਐਪਲ ਭਾਰਤ ’ਚ ਸਾਲਾਨਾ ਆਧਾਰ ’ਤੇ 212 ਫੀਸਦੀ ਦੇ ਵਾਧੇ ਨਾਲ ਸਭ ਤੋਂ ਜ਼ਿਆਦਾ ਵਧਣ ਵਾਲਾ ਬ੍ਰਾਂਡ ਸੀ ਅਤੇ ਪ੍ਰੀਮੀਅਮ ਸਮਾਰਟਫੋਨ (30,000 ਰੁਪਏ ਤੋਂ ਉੱਪਰ) ਦੇ ਬਾਜ਼ਾਰ ’ਚ ਉਸ ਦੀ ਹਿੱਸੇਦਾਰੀ ਸਭ ਤੋਂ ਵੱਧ 44 ਫੀਸਦੀ ਸੀ।


Rakesh

Content Editor

Related News