ਮਦਰਾਸ ਹਾਈ ਕੋਰਟ ਨੂੰ ਏਅਰ ਇੰਡੀਆ ਦੇ ਵਿਨਿਵੇਸ਼ ''ਤੇ ਰੋਕ ਲਗਾਉਣ ਦੀ ਕੀਤੀ ਅਪੀਲ
Saturday, Dec 04, 2021 - 12:06 PM (IST)
ਨਵੀਂ ਦਿੱਲੀ : ਏਅਰ ਇੰਡੀਆ ਦੇ ਕਰਮਚਾਰੀਆਂ ਦੇ ਇੱਕ ਸੰਗਠਨ ਨੇ ਸ਼ੁੱਕਰਵਾਰ ਨੂੰ ਮਦਰਾਸ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਂਦਿਆਂ ਬੇਨਤੀ ਕੀਤੀ ਕਿ ਸਰਕਾਰ ਨੂੰ ਕਰਮਚਾਰੀਆਂ ਦੇ ਹਿੱਤਾਂ ਦੀ ਪਰਵਾਹ ਕੀਤੇ ਬਿਨਾਂ ਏਅਰਲਾਈਨ ਦਾ ਵਿਨਿਵੇਸ਼ ਕਰਨ ਤੋਂ ਰੋਕਿਆ ਜਾਵੇ। ਜਸਟਿਸ ਵੀ ਪਾਰਟੀਬਨ ਨੇ ਪਟੀਸ਼ਨਰ ਨੂੰ ਅੰਤਰਿਮ ਰਾਹਤ ਦਿੰਦੇ ਹੋਏ ਕਿਹਾ ਕਿ ਏਅਰ ਕਾਰਪੋਰੇਸ਼ਨ ਇੰਪਲਾਈਜ਼ ਯੂਨੀਅਨ ਦੇ ਮੈਂਬਰਾਂ ਨੂੰ ਮਦਰਾਸ ਦੇ ਮੀਨੰਬਕਮ ਸਥਿਤ ਏਅਰ ਇੰਡੀਆ ਸੁਸਾਇਟੀ ਤੋਂ ਬਾਹਰ ਨਹੀਂ ਕੱਢਿਆ ਜਾਣਾ ਚਾਹੀਦਾ। ਜ਼ਿਕਰਯੋਗ ਹੈ ਕਿ ਏਅਰ ਇੰਡੀਆ ਮੈਨੇਜਮੈਂਟ ਨੇ ਕਰਮਚਾਰੀਆਂ ਨੂੰ ਰਿਹਾਇਸ਼ ਮੁਹੱਈਆ ਕਰਵਾਈ ਹੋਈ ਹੈ।
ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਸੀ ਉਦੈਸ਼ੰਕਰ ਵੱਲੋਂ ਦਾਇਰ ਰਿੱਟ ਪਟੀਸ਼ਨ ਨੂੰ ਸਵੀਕਾਰ ਕਰਦਿਆਂ ਅਦਾਲਤ ਨੇ ਕਿਹਾ ਕਿ ਅਧਿਕਾਰੀ ਇਨ੍ਹਾਂ ਮੈਂਬਰਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਨੂੰ ਬੰਦ ਨਾ ਕਰਨ। ਸਰਕਾਰ ਨੇ ਕਰਜ਼ੇ ਵਿੱਚ ਡੁੱਬੀ ਏਅਰ ਇੰਡੀਆ ਦਾ ਵਿਨਿਵੇਸ਼ ਕਰਨ ਅਤੇ ਇਸਨੂੰ ਟਾਟਾ ਸਮੂਹ ਨੂੰ ਸੌਂਪਣ ਦਾ ਫੈਸਲਾ ਕੀਤਾ ਹੈ। ਪਟੀਸ਼ਨ ਵਿੱਚ ਮੰਗ ਕੀਤੀ ਗਈ ਹੈ ਕਿ ਅਦਾਲਤ ਨਾਗਰਿਕ ਹਵਾਬਾਜ਼ੀ ਮੰਤਰਾਲੇ ਅਤੇ ਏਅਰ ਇੰਡੀਆ ਪ੍ਰਬੰਧਨ ਨੂੰ ਵਿਨਿਵੇਸ਼ ਪ੍ਰਕਿਰਿਆ ਨੂੰ ਅੱਗੇ ਵਧਾਉਣ ਤੋਂ ਰੋਕੇ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।