ਰੂਸ ਦੀ ਭਾਰਤ ਨੂੰ ਇਕ ਹੋਰ ਸੌਗਾਤ, ਪਹਿਲਾਂ ਸਸਤਾ ਤੇਲ, ਹੁਣ ਦੇਵੇਗਾ ਐਡਵਾਂਸ ਨਿਊਕਲੀਅਰ ਈਂਧਨ

Thursday, Dec 22, 2022 - 10:56 AM (IST)

ਨਵੀਂ ਦਿੱਲੀ–ਭਾਰਤ ਅਤੇ ਰੂਸ ਦੇ ਸਬੰਧ ਲਗਾਤਾਰ ਮਜ਼ਬੂਤ ਹੋ ਰਹੇ ਹਨ। ਰੂਸ ਯੂਕ੍ਰੇਨ ਜੰਗ ਦੇ ਸਮੇਂ ਤੋਂ ਜਿੱਥੇ ਰੂਸ ਨੇ ਭਾਰਤ ਨੂੰ ਸਸਤੇ ’ਚ ਕੱਚਾ ਤੇਲ ਦੇਣਾ ਸ਼ੁਰੂ ਕੀਤਾ ਹੈ, ਉੱਥੇ ਹੀ ਹੁਣ ਖਬਰ ਹੈ ਕਿ ਉਹ ਕੁਡਨਕੁਲਮ ਪ੍ਰਮਾਣੂ ਊਰਜਾ ਪਲਾਂਟ ਲਈ ਇਕ ਖਾਸ ਤਰ੍ਹਾਂ ਦਾ ਨਿਊਕਲੀਅਰ ਫਿਊਲ ਵੀ ਭਾਰਤ ਨੂੰ ਦੇਣ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਭਾਰਤ ’ਚ ਕੁਡਨਕੁਲਮ ਪਰਮਾਣੂ ਊਰਜਾ ਪਲਾਂਟ ਨੂੰ ਰੂਸ ਦੇ ਸਹਿਯੋਗ ਨਾਲ ਹੀ ਸਥਾਪਿਤ ਕੀਤਾ ਗਿਆ ਹੈ। ਇਸ ਨਾਲ ਜੁੜੀ ਨਵੀਂ ਜਾਣਕਾਰੀ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਜਤਿੰਦਰ ਸਿੰਘ ਨੇ ਸੰਸਦ ’ਚ ਦਿੱਤੀ ਹੈ।
ਰੂਸ ਦੀ ਐਡਵਾਂਸ ਫਿਊਲ ਦੇਣ ਦੀ ਪੇਸ਼ਕਸ਼
ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਲੋਕ ਸਭਾ ’ਚ ਇਕ ਪ੍ਰਸ਼ਨ ਦਾ ਲਿਖਤੀ ਜਵਾਬ ਦਿੰਦੇ ਹੋਏ ਦੱਸਿਆ ਕਿ ਰੂਸ ਦੀ ਸਰਕਾਰੀ ਪ੍ਰਮਾਣੂ ਊਰਜਾ ਕੰਪਨੀ ਰੋਸਾਟਾਮ ਨੇ ਕੁਡਨਕੁਲਮ ਨਿਊਕਲੀਅਰ ਪਾਵਰ ਪਲਾਂਟ ਲਈ ਐਡਵਾਂਸ ਫਿਊਲ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਟੀ. ਵੀ. ਐੱਸ.-2 ਐੱਮ. ਨਾਂ ਦੇ ਪ੍ਰਮਾਣੂ ਈਂਧਨ ਦਾ ਪਹਿਲਾ ਲਾਟ ਮਈ-ਜੂਨ 2022 ਦੌਰਾਨ ਪ੍ਰਾਪਤ ਹੋਇਆ। ਇਕ ਖਬਰ ਮੁਤਾਬਕ ਉਨ੍ਹਾਂ ਨੇ ਕਿਹਾ ਕਿ ਇਸ ਨੂੰ ਪ੍ਰਮਾਣੂ ਊਰਜਾ ਪਲਾਂਟ ਦੀ ਯੂਨਿਟ-1 ’ਚ ਲੋਡ ਕੀਤਾ ਜਾ ਚੁੱਕਾ ਹੈ ਅਤੇ ਇਹ ਬਿਹਤਰ ਤਰੀਕੇ ਨਾਲ ਕੰਮ ਕਰ ਰਿਹਾ ਹੈ।
ਕਿਉਂ ਖਾਸ ਹੈ ਟੀ. ਵੀ. ਐੱਸ.-2ਐੱਮ ਫਿਊਲ?
ਮੰਤਰੀ ਜਤਿੰਦਰ ਸਿੰਘ ਨੇ ਦੱਸਿਆ ਕਿ ਟੀ. ਵੀ. ਐੱਸ.-2ਐੱਮ ਤੋਂ ਕੁਡਨਕੁਲਮ ਪ੍ਰਮਾਣੂ ਊਰਜਾ ਪਲਾਂਟ ਨੂੰ 18 ਮਹੀਨੇ ਦੀ ਆਪ੍ਰੇਟਿੰਗ ਸਾਈਕਲ ਮਿਲਦੀ ਹੈ ਜਦ ਕਿ ਯੂਨਿਟ-2 ’ਚ ਇਸਤੇਮਾਲ ’ਚ ਲਿਆਂਦੇ ਜਾ ਰਹੇ ਯੂ. ਟੀ. ਵੀ. ਐੱਸ. ਫਿਊਲ ਦੀ ਸਾਈਕਲ 12 ਮਹੀਨੇ ਦੀ ਹੈ। ਹੁਣ ਰੂਸ ਨੇ ਯੂਨਿਟ-2 ਲਈ ਵੀ ਯੂ. ਟੀ. ਵੀ. ਐੱਸ. ਟਾਈਪ ਦੇ ਈਂਧਨ ਦੀ ਥਾਂ ਟੀ. ਵੀ. ਐੱਸ.-2 ਐੱਮ ਟਾਈਪ ਦਾ ਹੀ ਈਂਧਨ ਦੇਣ ਦੀ ਪੇਸ਼ਕਸ਼ ਕੀਤੀ ਹੈ।
ਪਹਿਲਾਂ ਤੋਂ ਭਾਰਤ ਨੂੰ ਮਿਲ ਰਿਹਾ ਹੈ ਸਸਤਾ ਤੇਲ
ਇਸ ਤੋਂ ਪਹਿਲਾਂ ਰੂਸ ਨੇ ਭਾਰਤ ਨੂੰ ਸਸਤਾ ਕੱਚਾ ਤੇਲ ਮੁਹੱਈਆ ਕਰਵਾਉਣਾ ਸ਼ੁਰੂ ਕੀਤਾ ਹੈ। ਇਹ ਭਾਰਤ ਦੀ ਊਰਜਾ ਸੁਰੱਖਿਆ ਦੀ ਦਿਸ਼ਾ ’ਚ ਇਕ ਵੱਡਾ ਕਦਮ ਹੈ। ਰੂਸ ਤੇ ਯੂਕ੍ਰੇਨ ਦਰਮਿਆਨ ਜੰਗ ਸ਼ੁਰੂ ਹੋਣ ਤੋਂ ਬਾਅਦ ਜਦੋਂ ਪੱਛਮੀ ਦੇਸ਼ਾਂ ਨੇ ਰੂਸ ’ਤੇ ਆਰਥਿਕ ਪਾਬੰਦੀਆਂ ਲਗਾਈਆਂ ਤਾਂ ਉਸ ਨੇ ਚੀਨ ਅਤੇ ਭਾਰਤ ਵਰਗੇ ਵੱਡੇ ਦੇਸ਼ਾਂ ਨੂੰ ਸਸਤਾ ਕੱਚਾ ਤੇਲ ਵੇਚਣਾ ਸ਼ੁਰੂ ਕੀਤਾ। ਭਾਰਤ ਨੂੰ ਰੂਸ ਤੋਂ ਕੱਚਾ ਤੇਲ 70 ਡਾਲਰ ਪ੍ਰਤੀ ਬੈਰਲ ਤੋਂ ਵੀ ਘੱਟ ਕੀਮਤ ’ਤੇ ਮਿਲ ਰਿਹਾ ਹੈ। ਕੌਮਾਂਤਰੀ ਪੱਧਰ ’ਤੇ ਦਬਾਅ ਹੋਣ ਦੇ ਬਾਵਜੂਦ ਭਾਰਤ ਨੇ ਰੂਸ ਤੋਂ ਤੇਲ ਖਰੀਦਣਾ ਜਾਰੀ ਰੱਖਿਆ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


Aarti dhillon

Content Editor

Related News