ਜਲਦ ਹੋਵੇਗਾ ਇਸ ਬੈਂਕ ਦਾ ਪ੍ਰਾਈਵੇਟਾਈਜ਼ੇਸ਼ਨ, ਨਿਵੇਸ਼ਕਾਂ ਲਈ ਰੋਡ-ਸ਼ੋਅ ਆਯੋਜਿਤ ਕਰਨ ਦੀ ਤਿਆਰੀ ''ਚ ਸਰਕਾਰ
Tuesday, Mar 22, 2022 - 03:41 PM (IST)
ਨਵੀਂ ਦਿੱਲੀ (ਇੰਟ) - ਜਨਤਕ ਖੇਤਰ ਦੇ ਆਈ. ਡੀ. ਬੀ. ਆਈ. ਬੈਂਕ ਦੇ ਨਿਜੀਕਰਣ (ਪ੍ਰਾਈਵੇਟਾਈਜ਼ੇਸ਼ਨ) ਦੀ ਪ੍ਰਕਿਰਿਆ ਵਿਚ ਤੇਜ਼ੀ ਲਿਆਈ ਜਾ ਰਹੀ ਹੈ। ਬੈਂਕ ਵਿਚ ਆਪਣੀ ਹਿੱਸੇਦਾਰੀ ਵੇਚਣ ਲਈ ਕੇਂਦਰ ਸਰਕਾਰ ਜਲਦ ਹੀ ਨਿਵੇਸ਼ਕਾਂ ਲਈ ਰੋਡ-ਸ਼ੋਅ ਆਯੋਜਿਤ ਕਰਨ ਦੀ ਤਿਆਰੀ ਵਿਚ ਹੈ। ਵਿੱਤ ਰਾਜ ਮੰਤਰੀ ਭਗਵਤ ਕਿਸ਼ਨਰਾਵ ਕਰਾਡ ਨੇ ਲੋਕਸਭਾ ਵਿਚ ਇਕ ਸਵਾਲ ਦੇ ਜਵਾਬ ਵਿਚ ਇਹ ਜਾਣਕਾਰੀ ਦਿੱਤੀ। ਸਰਕਾਰ ਦੀ ਯੋਜਨਾ ਰਣਨੀਤਕ ਨਿਵੇਸ਼ ਜ਼ਰੀਏ ਆਈ. ਡੀ. ਬੀ. ਆਈ. ਬੈਂਕ ਦਾ ਨਿਜੀਕਰਣ ਕਰਨ ਦੀ ਹੈ। ਉਨ੍ਹਾਂ ਨੇ ਸਦਨ ਨੂੰ ਭਰੋਸਾ ਦਿਵਾਇਆ ਕਿ ਬੈਂਕ ਦੇ ਕਰਮਚਾਰੀਆਂ ਅਤੇ ਸ਼ੇਅਰਧਾਰਕਾਂ ਦੇ ਹਿੱਤਾਂ ਦਾ ਪੂਰਾ ਖਿਆਲ ਰੱਖਿਆ ਜਾਵੇਗਾ।
ਕਰਾਡ ਨੇ ਦੱਸਿਆ ਕਿ ਸਰਕਾਰ ਆਈ. ਡੀ. ਬੀ. ਆਈ. ਬੈਂਕ ਵਿਚ ਰਣਨੀਤਕ ਪ੍ਰਵੇਸ਼ ਕਰੇਗੀ। ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਪਿਛਲੇ ਸਾਲ 5 ਮਈ ਨੂੰ ਬੈਂਕ ਦਾ ਨਿਜੀਕਰਣ ਕਰਨ ਅਤੇ ਮੈਨੇਜਮੈਂਟ ਕੰਟਰੋਲ ਬਦਲਣ ਦੀ ਮਨਜ਼ੂਰੀ ਦਿੱਤੀ ਸੀ। ਆਈ. ਡੀ. ਬੀ. ਆਈ. ਬੈਂਕ ਵਿਚ ਸਰਕਾਰ ਦੀ 45.48 ਫੀਸਦੀ ਅਤੇ ਸਰਕਾਰੀ ਜੀਵਨ ਬੀਮਾ ਕੰਪਨੀ ਐੱਲ. ਆਈ. ਸੀ. ਦੀ 49.24 ਫੀਸਦੀ ਹਿੱਸੇਦਾਰੀ ਹੈ।ਕੇਂਦਰ ਸਰਕਾਰ ਅਤੇ ਐੱਲ. ਆਈ. ਸੀ. ਕਿੰਨਾ ਹਿੱਸਾ ਵੇਚੇਗੀ, ਇਸ ਬਾਰੇ ਅਜੇ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪਿਛਲੇ ਮਹੀਨੇ ਐੱਲ. ਆਈ. ਸੀ. ਨੇ ਇਹ ਜ਼ਰੂਰ ਕਿਹਾ ਸੀ ਕਿ ਉਹ ਬੈਂਕ ਵਿਚ ਆਪਣੀ ਕੁੱਝ ਹਿੱਸੇਦਾਰੀ ਰੱਖੇਗੀ ਤਾਂਕਿ ਬੈਂਕ ਜ਼ਰੀਏ ਬੀਮਾ ਯੋਜਨਾਵਾਂ ਨੂੰ ਵੇਚਣ ਦਾ ਫਾਇਦਾ ਚੁੱਕਿਆ ਜਾ ਸਕੇ। ਸਰਕਾਰ ਐੱਲ. ਆਈ. ਸੀ. ਵਿਚ ਵੀ ਆਪਣੀ 5 ਫੀਸਦੀ ਹਿੱਸੇਦਾਰੀ ਆਈ. ਪੀ. ਓ. ਜ਼ਰੀਏ ਵੇਚਣ ਜਾ ਰਹੀ ਹੈ। ਇਸ ਲਈ ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਨੇ ਸੋਮਵਾਰ ਨੂੰ ਫਿਰ ਬਾਜ਼ਾਰ ਰੈਗੂਲੇਟਰੀ ਸੇਬੀ ਕੋਲ ਡੀ. ਆਰ. ਐੱਚ. ਪੀ. ਜਮ੍ਹਾ ਕੀਤਾ ਹੈ।
ਨਿੱਜੀਕਰਣ ਨਾਲ ਸੁਧਰੇਗੀ ਹਾਲਤ : ਕਰਾਡ
ਵਿੱਤ ਰਾਜ ਮੰਤਰੀ ਭਗਵਤ ਕਰਾਡ ਨੇ ਦੱਸਿਆ ਕਿ ਸੰਭਾਵਿਕ ਨਿਵੇਸ਼ਕਾਂ ਵੱਲੋਂ ਰੁਚੀ ਪੱਤਰ ਜਮ੍ਹਾ ਕਰਵਾਉਣ ਤੋਂ ਬਾਅਦ ਰੋਡ-ਸ਼ੋਅ ਆਯੋਜਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਬੈਂਕ ਦੇ ਨਿਵੇਸ਼ਕ ਤੋਂ ਇਹ ਉਮੀਦ ਰਹੇਗੀ ਕਿ ਉਹ ਬੈਂਕ ਵਿਚ ਕੈਪੀਟਲ ਇਨਫਿਊਜ਼ਨ ਕਰਨ। ਇਸ ਤੋਂ ਇਲਾਵਾ ਟੈਕਨਾਲੋਜੀ ਨੂੰ ਐਡਵਾਂਸ ਕਰੇ ਅਤੇ ਉਸ ਦਾ ਮੈਨੇਜਮੈਂਟ ਬਿਹਤਰ ਹੋਵੇ ਤਾਂਕਿ ਉਹ ਬੈਂਕ ਦੇ ਕੰਮਧੰਦੇ ਨੂੰ ਚੰਗੀ ਤਰ੍ਹਾਂ ਚਲਾਏ। ਇਸ ਨਾਲ ਬੈਂਕ ਦਾ ਭਵਿੱਖ ਉੱਜਵਲ ਹੋਵੇਗਾ ਅਤੇ ਇਸ ਦੀ ਹਾਲਤ ਵਿਚ ਸੁਧਾਰ ਹੋਵੇਗਾ।