ਹੀਰਾ ਕਾਰੋਬਾਰ ’ਚ ਉਤਰਨਗੇ ਅਨਿਲ ਅਗਰਵਾਲ, ਡੀ ਬੀਅਰਜ਼ ਖਰੀਦਣ ਦੀ ਤਿਆਰੀ
Sunday, Jun 08, 2025 - 04:46 AM (IST)

ਨਵੀਂ ਦਿੱਲੀ - ਹੀਰਾ ਕੰਪਨੀ ਡੀ ਬੀਅਰਜ਼ ’ਚ ਵੱਡੀ ਹਲਚਲ ਹੈ। ਖਬਰ ਹੈ ਕਿ ਭਾਰਤੀ ਮੂਲ ਦੇ ਅਰਬਪਤੀ ਅਨਿਲ ਅਗਰਵਾਲ ਅਤੇ ਕਤਰੀ ਨਿਵੇਸ਼ ਫੰਡ ਇਸ ਵੱਕਾਰੀ ਹੀਰਾ ਕੰਪਨੀ ਨੂੰ ਖਰੀਦਣ ’ਚ ਦਿਲਚਸਪੀ ਵਿਖਾ ਰਹੇ ਹਨ। ਡੀ ਬੀਅਰਜ਼ ਦੀ ਮਾਲਕ ਐਂਗਲੋ ਅਮਰੀਕਨ ਕੰਪਨੀ ਨੇ ਹਾਲ ਹੀ ’ਚ ਕਿਹਾ ਹੈ ਕਿ ਉਹ ਆਪਣੇ ਪੋਰਟਫੋਲੀਓ ਦੀ ਸਮੀਖਿਆ ਕਰ ਰਹੀ ਹੈ ਅਤੇ ਡੀ ਬੀਅਰਜ਼ ਨੂੰ ਵੇਚਣ ਦੀ ਸੰਭਾਵਨਾ ’ਤੇ ਵਿਚਾਰ ਕਰ ਰਹੀ ਹੈ। ਉਦੋਂ ਤੋਂ ਹੀ ਪੂਰੀ ਦੁਨੀਆ ਦੇ ਨਿਵੇਸ਼ਕਾਂ ਦੀਆਂ ਨਜ਼ਰਾਂ ਇਸ ਸੌਦੇ ’ਤੇ ਟਿਕੀਆਂ ਹਨ।
ਬਲੂਮਬਰਗ ਦੀ ਰਿਪੋਰਟ ਦੇ ਅਨੁਸਾਰ, ਅਨਿਲ ਅਗਰਵਾਲ ਅਤੇ ਕਤਰੀ ਨਿਵੇਸ਼ਕ ਇਸ ਸੰਭਾਵੀ ਸੌਦੇ ’ਚ ਹਿੱਸਾ ਲੈਣ ਦੀ ਤਿਆਰੀ ਕਰ ਰਹੇ ਹਨ। ਹਾਲਾਂਕਿ, ਕਿਸੇ ਵੀ ਧਿਰ ਨੇ ਅਜੇ ਤੱਕ ਰਸਮੀ ਪ੍ਰਸਤਾਵ ਨਹੀਂ ਦਿੱਤਾ ਹੈ ਅਤੇ ਗੱਲਬਾਤ ਸ਼ੁਰੂਆਤੀ ਪੜਾਅ ’ਚ ਹੈ। ਐਂਗਲੋ ਅਮਰੀਕਨ ਇਸ ਸਬੰਧ ’ਚ ਅਜੇ ਤੱਕ ਕੋਈ ਅੰਤਿਮ ਫੈਸਲਾ ਨਹੀਂ ਲੈ ਸਕੀ ਹੈ।
ਸਭ ਤੋਂ ਪੁਰਾਣੀ ਹੀਰਾ ਕੰਪਨੀ
ਡੀ ਬੀਅਰਜ਼ ਦੁਨੀਆ ਦੀਆਂ ਸਭ ਤੋਂ ਵੱਡੀਆਂ ਅਤੇ ਪੁਰਾਣੀਆਂ ਹੀਰਾ ਕੰਪਨੀਆਂ ’ਚੋਂ ਇਕ ਹੈ। ਇਸ ਕੰਪਨੀ ਨੇ ਨਾ ਸਿਰਫ ਗਲੋਬਲ ਹੀਰਾ ਬਾਜ਼ਾਰ ਨੂੰ ਦਹਾਕਿਆਂ ਤੱਕ ਕੰਟਰੋਲ ਕੀਤਾ, ਸਗੋਂ ‘ਹੀਰੇ ਸਦਾ ਕੇ ਲੀਏ ਹੋਤਾ ਹੈ’ ਵਰਗੀ ਬ੍ਰਾਂਡਿੰਗ ਰਾਹੀਂ ਲੋਕਾਂ ਦੀ ਸੋਚ ’ਤੇ ਵੀ ਡੂੰਘਾ ਪ੍ਰਭਾਵ ਪਾਇਆ।
ਇਕ ਮੀਡੀਆ ਚੈਨਲ ਦੀ ਰਿਪੋਰਟ ਅਨੁਸਾਰ, ਜੇ ਇਹ ਸੌਦਾ ਹੁੰਦਾ ਹੈ, ਤਾਂ ਇਹ ਅਨਿਲ ਅਗਰਵਾਲ ਲਈ ਇਹ ਇਕ ਵੱਡੀ ਵਾਪਸੀ ਹੋਵੇਗੀ। ਉਨ੍ਹਾਂ ਨੇ ਇਸ ਤੋਂ ਪਹਿਲਾਂ ਵੇਦਾਂਤਾ ਰਿਸੋਰਸਿਜ਼ ਰਾਹੀਂ ਮਾਈਨਿੰਗ ਅਤੇ ਵਸਤੂ ਖੇਤਰ ’ਚ ਮਜ਼ਬੂਤ ਪਕੜ ਬਣਾਈ ਸੀ। ਹਾਲਾਂਕਿ, ਐਂਗਲੋ ਅਮਰੀਕਨ ਨੇ ਕਿਹਾ ਹੈ ਕਿ ਉਹ ਰਣਨੀਤਕ ਸਮੀਖਿਆ ਪ੍ਰਕਿਰਿਆ ਦੇ ਹਿੱਸੇ ਵਜੋਂ ਕਈ ਵਿਕਲਪਾਂ ’ਤੇ ਵਿਚਾਰ ਕਰ ਰਹੇ ਹਨ ਅਤੇ ਡੀ ਬੀਅਰਜ਼ ਦੀ ਵਿਕਰੀ ਦੀ ਕੋਈ ਗਾਰੰਟੀ ਨਹੀਂ ਹੈ। ਇਸ ਸੰਭਾਵੀ ਸੌਦੇ ਨੂੰ ਲੈ ਕੇ ਨਿਵੇਸ਼ਕਾਂ ਅਤੇ ਗਲੋਬਲ ਬਾਜ਼ਾਰ ਦੀਆਂ ਨਜ਼ਰਾਂ ਹੁਣ ਐਂਗਲੋ ਅਮਰੀਕਨ ਦੇ ਅਗਲੇ ਕਦਮ ’ਤੇ ਹਨ।
ਕੀ ਹੈ ਪਲਾਨਿੰਗ?
ਡੀ ਬੀਅਰਜ਼ ਨੂੰ ਐਂਗਲੋ ਅਮਰੀਕਨ ਤੋਂ ਵੱਖ ਕੀਤਾ ਜਾ ਰਿਹਾ ਹੈ, ਕਿਉਂਕਿ ਲੰਡਨ ’ਚ ਸੂਚੀਬੱਧ ਇਹ ਮਾਈਨਿੰਗ ਕੰਪਨੀ ਤਾਂਬੇ ਅਤੇ ਅਲੋਹ ਧਾਤੂ ’ਤੇ ਮੁੜ ਧਿਆਨ ਕੇਂਦਰਿਤ ਕਰ ਰਹੀ ਹੈ ਪਰ ਇਹ ਕਦਮ ਵਿਸ਼ਵ ਪੱਧਰ ’ਤੇ ਹੀਰੇ ਦੀਆਂ ਕੀਮਤਾਂ ’ਤੇ ਦਬਾਅ ਕਾਰਨ ਚੁੱਕਿਆ ਗਿਆ ਹੈ। ਦੋ ਸੂਤਰਾਂ ਨੇ ਕਿਹਾ ਕਿ ਵੇਦਾਂਤਾ ਰਿਸੋਰਸਿਜ਼ ਦੇ ਚੇਅਰਮੈਨ ਅਗਰਵਾਲ, ਜਿਨ੍ਹਾਂ ਦੀਆਂ ਜ਼ਾਂਬੀਆ ਅਤੇ ਦੱਖਣੀ ਅਫਰੀਕਾ ’ਚ ਖਾਨਾਂ ਹਨ, ਇਕ ਵੱਡੇ ਸਮੂਹ ਦੇ ਹਿੱਸੇ ਵਜੋਂ ਦਿਲਚਸਪੀ ਰੱਖਣ ਵਾਲੀਆਂ ਧਿਰਾਂ ’ਚੋਂ ਇਕ ਹਨ। ਹਾਲਾਂਕਿ, ਇਸ ਮਾਮਲੇ ’ਤੇ ਐਂਗਲੋ ਅਤੇ ਅਗਰਵਾਲ ਦੋਵਾਂ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਦੋ ਸੂਤਰਾਂ ਨੇ ਕਿਹਾ ਕਿ ਕੇ. ਜੀ. ਕੇ. ਗਰੁੱਪ ਅਤੇ ਕਾਪੂ ਜੈੱਮਜ਼ ਸਮੇਤ ਭਾਰਤੀ ਕੰਪਨੀਆਂ, ਜੋ ਘਰੇਲੂ ਕਟਿੰਗ ਅਤੇ ਪਾਲਿਸ਼ਿੰਗ ਵਪਾਰ ’ਤੇ ਹਾਵੀ ਹਨ ਅਤੇ ਡੀ ਬੀਅਰਜ਼ ਦੀਆਂ ਸਭ ਤੋਂ ਵੱਡੀਆਂ ਗਾਹਕ ਹਨ, ਨੇ ਵੀ ਦਿਲਚਸਪੀ ਦਿਖਾਈ ਹੈ। ਹਾਲਾਂਕਿ, ਕੇ. ਜੀ. ਕੇ. ਗਰੁੱਪ ਅਤੇ ਕਾਪੂ ਜੈੱਮਜ਼ ਨੇ ਵੀ ਟਿੱਪਣੀ ਦੀਆਂ ਅਪੀਲਾਂ ਦਾ ਜਵਾਬ ਨਹੀਂ ਦਿੱਤਾ।
ਐਂਗਲੋ ਅਮਰੀਕਨ, ਜਿਸ ਦਾ ਡੀ ਬੀਅਰਜ਼ ਲਈ ਵਹੀ ਮੁੱਲ 4.9 ਬਿਲੀਅਨ ਡਾਲਰ ਹੈ, ਨੇ ਪਿਛਲੇ ਦੋ ਸਾਲਾਂ ’ਚ 3.5 ਬਿਲੀਅਨ ਡਾਲਰ ਦੇ ਨੁਕਸਾਨ ਤੋਂ ਬਾਅਦ ਕਿਹਾ ਕਿ ਉਸ ਨੇ ਵਿਕਰੀ ਜਾਂ ਵੰਡ ਅਤੇ ਸੰਭਾਵਿਤ ਲਿਸਟਿੰਗ ’ਚ ਮਦਦ ਲਈ ਮੋਰਗਨ ਸਟੈਨਲੀ, ਗੋਲਡਮੈਨ ਸਾਕਸ ਅਤੇ ਸੈਂਟਰਵਿਊ ਵਰਗੇ ਵਿੱਤੀ ਸਲਾਹਕਾਰਾਂ ਨੂੰ ਰੱਖਿਆ ਹੈ।