ਈਸ਼ਾ ਅੰਬਾਨੀ ਦੇ ਵਿਆਹ 'ਚ ਪੌਪ ਸਟਾਰ ਬਿਓਂਸ ਪਾਵੇਗੀ ਧਮਾਲਾਂ

10/23/2018 10:46:18 AM

ਮੁੰਬਈ—  ਈਸ਼ਾ ਅੰਬਾਨੀ ਅਤੇ ਆਨੰਦ ਪਿਰਾਮਲ ਦੇ ਵਿਆਹ 'ਚ ਮਹਿਫਲ ਜਮਾਉਣ ਲਈ ਅਮਰੀਕੀ ਪੌਪ ਸਟਾਰ ਸਿੰਗਰ ਬਿਓਂਸ ਸ਼ਿਰਕਤ ਕਰ ਸਕਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਬਿਓਂਸ ਈਸ਼ਾ ਅਤੇ ਆਨੰਦ ਦੇ ਵਿਆਹ ਦੇ ਸੰਗੀਤ ਪ੍ਰੋਗਰਾਮ 'ਚ ਧਮਾਲਾਂ ਪਾਉਣ ਲਈ ਭਾਰਤ ਆਵੇਗੀ। ਰਿਲਾਇੰਸ ਇੰਡਸਟਰੀਜ ਦੇ ਮਾਲਕ ਮੁਕੇਸ਼ ਅੰਬਾਨੀ ਦੀ ਬੇਟੀ ਈਸ਼ਾ ਅੰਬਾਨੀ ਅਤੇ ਪਿਰਾਮਲ ਗਰੁੱਪ ਦੇ ਮਾਲਕ ਅਜੇ ਪਿਰਾਮਲ ਦੇ ਬੇਟੇ ਆਨੰਦ ਪਿਰਾਮਲ ਦਸੰਬਰ 'ਚ ਵਿਆਹ ਦੇ ਬੰਧਨ 'ਚ ਬੰਨ ਸਕਦੇ ਹਨ। ਰਿਪੋਰਟਾਂ ਮੁਤਾਬਕ ਵਿਆਹ ਅਤੇ ਇਸ ਨਾਲ ਜੁੜੀਆਂ ਸਾਰੀਆਂ ਰਸਮਾਂ ਰਾਜਸਥਾਨ ਦੇ ਉਦੈਪੁਰ 'ਚ ਨਿਭਾਈਆਂ ਜਾਣਗੀਆਂ। ਕਿਹਾ ਜਾ ਰਿਹਾ ਹੈ ਕਿ 8 ਅਤੇ 9 ਦਸੰਬਰ ਨੂੰ ਵਿਆਹ ਨਾਲ ਜੁੜੀਆਂ ਰਸਮਾਂ ਨਿਭਾਈਆਂ ਜਾਣਗੀਆਂ ਅਤੇ 10 ਦਸੰਬਰ ਨੂੰ ਉਨ੍ਹਾਂ ਦਾ ਵਿਆਹ ਹੋਵੇਗਾ।

ਹਾਲਾਂਕਿ ਵਿਆਹ ਦੀ ਤਰੀਕ, ਸੰਗੀਤ 'ਚ ਬਿਓਂਸ ਦੇ ਭਾਰਤ ਆਉਣ ਅਤੇ ਉਨ੍ਹਾਂ ਦੀ ਪ੍ਰਫਾਰਮੈਂਸ ਨੂੰ ਲੈ ਕੇ ਹੁਣ ਤਕ ਅੰਬਾਨੀ ਪਰਿਵਾਰ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਸੂਤਰਾਂ ਦੀ ਮੰਨੀਏ ਤਾਂ ਈਸ਼ਾ ਅੰਬਾਨੀ ਬਿਓਂਸ ਦੀ ਬਹੁਤ ਵੱਡੀ ਪ੍ਰਸ਼ੰਸਕ ਹੈ। ਇਹ ਪਹਿਲਾ ਮੌਕਾ ਹੋਵੇਗਾ ਜਦੋਂ ਬਿਓਂਸ ਕਿਸੇ ਭਾਰਤੀ ਦੇ ਵਿਆਹ 'ਚ ਪ੍ਰਫਾਰਮ ਕਰਨ ਲਈ ਭਾਰਤ ਆਵੇਗੀ। ਜ਼ਿਕਰਯੋਗ ਹੈ ਕਿ ਈਸ਼ਾ ਅੰਬਾਨੀ ਅਤੇ ਆਨੰਦ ਪਿਰਾਮਲ ਦੀ ਮੰਗਣੀ ਇਕ ਮਹੀਨਾ ਪਹਿਲਾਂ ਇਟਲੀ 'ਚ ਹੋਈ ਸੀ, ਜਿੱਥੇ ਆਮਿਰ ਖਾਨ, ਪ੍ਰਿਯੰਕਾ ਚੋਪੜਾ, ਮਨੀਸ਼ ਮਲਹੋਤਰਾ, ਸੋਨਮ ਕਪੂਰ ਵਰਗੇ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ। ਹੁਣ ਦਸੰਬਰ ਮਹੀਨੇ 'ਚ ਦੋਵੇਂ ਵਿਆਹ ਕਰਵਾਉਣ ਜਾ ਰਹੇ ਹਨ, ਜਿਸ ਨੂੰ ਇਸ ਸਾਲ ਦਾ ਹੁਣ ਤਕ ਦਾ ਸਭ ਤੋਂ ਵੱਡਾ ਵਿਆਹ ਹੋਣ ਦੀ ਗੱਲ ਕਹੀ ਜਾ ਰਹੀ ਹੈ।


Related News