ਅਲੋਕ ਇੰਡਸਟਰੀਜ਼ ਨੂੰ 500 ਕਰੋੜ ਰੁਪਏ ਦਾ ਘਾਟਾ, ਸ਼ੇਅਰ 11 ਫ਼ੀਸਦੀ ਡਿੱਗਾ
Tuesday, Apr 27, 2021 - 12:32 PM (IST)
ਨਵੀਂ ਦਿੱਲੀ- ਕੱਪੜਾ ਕੰਪਨੀ ਅਲੋਕ ਇੰਡਸਟਰੀਜ਼ ਨੇ ਮੰਗਲਵਾਰ ਨੂੰ ਦੱਸਿਆ ਕਿ 31 ਮਾਰਚ 2021 ਨੂੰ ਖ਼ਤਮ ਹੋਈ ਤਿਮਾਹੀ ਦੌਰਾਨ ਉਸ ਨੂੰ 500.11 ਕਰੋੜ ਰੁਪਏ ਦਾ ਸ਼ੁੱਧ ਨੁਕਸਾਨ ਹੋਇਆ ਹੈ। ਉੱਥੇ ਹੀ, ਤਕਰੀਬਨ 12.18 ਵਜੇ ਬੀ. ਐੱਸ. ਈ. 'ਤੇ ਕੰਪਨੀ ਦਾ ਸ਼ੇਅਰ 11.47 ਫ਼ੀਸਦੀ ਡਿੱਗ ਕੇ 20.45 ਰੁਪਏ 'ਤੇ ਟ੍ਰੇਡ ਕਰ ਰਿਹਾ ਸੀ।
ਪਿਛਲੇ ਸਾਲ ਦੀ ਇਸੇ ਤਿਮਾਹੀ ਵਿਚ ਕੰਪਨੀ ਨੂੰ 1,790.87 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਹੋਇਆ ਸੀ। ਅਲੋਕ ਇੰਡਸਟਰੀਜ਼ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਸਮੀਖਿਆ ਅਧੀਨ ਤਿਮਾਹੀ ਦੌਰਾਨ ਉਸ ਦੀ ਕੁੱਲ ਆਮਦਨ 95.04 ਫ਼ੀਸਦ ਵੱਧ ਕੇ 1,478.63 ਕਰੋੜ ਰੁਪਏ ਰਹੀ, ਜੋ ਪਿਛਲੇ ਸਾਲ ਇਸੇ ਤਿਮਾਹੀ ਵਿਚ 758.11 ਕਰੋੜ ਰੁਪਏ ਸੀ।
ਕੰਪਨੀ ਨੇ ਜਨਵਰੀ-ਮਾਰਚ 2020 ਵਿਚ ਕਰਜ਼ ਹੱਲ ਯੋਜਨਾ ਤਹਿਤ 2,052.55 ਕਰੋੜ ਰੁਪਏ ਦੀ ਅਸਾਧਾਰਣ ਆਮਦਨ ਦਰਜ ਕੀਤੀ। ਰਿਲਾਇੰਸ ਇੰਡਸਟਰੀਜ਼ ਨੇ ਫਰਵਰੀ 2020 ਵਿਚ ਕਿਹਾ ਸੀ ਕਿ ਉਹ ਅਲੋਕ ਇੰਡਸਟਰੀਜ਼ ਲਿਮਟਿਡ ਵਿਚ 250 ਕਰੋੜ ਰੁਪਏ ਵਿਚ 37.7 ਫ਼ੀਸਦੀ ਹਿੱਸੇਦਾਰੀ ਖ਼ਰੀਦੇਗੀ।