ਫਲਾਈਟਾਂ ਦੀ ਵਧੀ ਰੌਣਕ, ਹਵਾਈ ਮੁਸਾਫ਼ਰਾਂ ਦੀ ਗਿਣਤੀ 1 ਲੱਖ ਤੋਂ ਹੋਈ ਪਾਰ
Sunday, Jun 13, 2021 - 06:29 PM (IST)
ਨਵੀਂ ਦਿੱਲੀ- ਘਰੇਲੂ ਮਾਰਗਾਂ 'ਤੇ ਹਵਾਈ ਯਾਤਰੀਆਂ ਦੀ ਗਿਣਤੀ ਇਕ ਵਾਰ ਫਿਰ ਸ਼ਨੀਵਾਰ ਨੂੰ ਇਕ ਲੱਖ ਦੇ ਅੰਕੜੇ ਨੂੰ ਪਾਰ ਕਰ ਗਈ. ਕੋਵਿਡ-19 ਦੀ ਦੂਜੀ ਲਹਿਰ ਦੌਰਾਨ ਰੋਜ਼ਾਨਾ ਹਵਾਈ ਯਾਤਰੀਆਂ ਦੀ ਗਿਣਤੀ 40 ਹਜ਼ਾਰ ਤੋਂ ਵੀ ਘੱਟ ਗਈ ਸੀ। ਘੱਟੋ-ਘੱਟ ਇਕ ਮਹੀਨੇ ਬਾਅਦ ਇਹ ਅੰਕੜਾ 1 ਲੱਖ ਨੂੰ ਪਾਰ ਕਰ ਗਿਆ ਹੈ।
ਸ਼ਹਿਰੀ ਹਵਾਬਾਜ਼ੀ ਮੰਤਰਾਲਾ ਵੱਲੋਂ ਅੱਜ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, 1,07,371 ਯਾਤਰੀ ਸ਼ਨੀਵਾਰ ਨੂੰ 1,124 ਉਡਾਣਾਂ ਵਿਚ ਆਪਣੀ ਮੰਜ਼ਿਲ ਲਈ ਰਵਾਨਾ ਹੋਏ।
ਮਹਾਮਾਰੀ ਦੀ ਦੂਸਰੀ ਲਹਿਰ ਕਾਰਨ ਯਾਤਰੀਆਂ ਦੀ ਸੰਖਿਆ ਵਿਚ ਗਿਰਾਵਟ ਦੋ ਮੁੱਖ ਕਾਰਨਾਂ ਕਰਕੇ ਸੀ। ਇਕ ਤਾਂ ਯਾਤਰੀਆਂ ਵਿਚ ਸੰਕਰਮਣ ਦਾ ਡਰ ਅਤੇ ਦੂਜਾ, ਹਵਾਈ ਯਾਤਰੀਆਂ ਲਈ ਕਈ ਸੂਬਾ ਸਰਕਾਰਾਂ ਵੱਲੋਂ ਲਗਾਈਆਂ ਸਖਤ ਸ਼ਰਤਾਂ ਸਨ। ਪਿਛਲੇ ਸਾਲ 25 ਮਾਰਚ ਤੋਂ ਦੇਸ਼ ਵਿਚ ਨਿਯਮਤ ਯਾਤਰੀ ਉਡਾਣਾਂ ਦੋ ਮਹੀਨਿਆਂ ਲਈ ਪੂਰੀ ਤਰ੍ਹਾਂ ਬੰਦ ਰਹੀਆਂ ਸਨ। ਉਸ ਪਿੱਛੋਂ 25 ਮਈ 2020 ਤੋਂ ਘਰੇਲੂ ਮਾਰਗਾਂ 'ਤੇ ਉਡਾਣਾਂ ਦੁਬਾਰਾ ਸ਼ੁਸ਼ੁਰੂ ਕੀਤੀਆਂ ਗਈਆਂ ਸਨ। ਯਾਤਰੀਆਂ ਦੀ ਗਿਣਤੀ ਫਰਵਰੀ 2021 ਤੱਕ ਹਰ ਮਹੀਨੇ ਵਧਦੀ ਰਹੀ ਸੀ ਪਰ ਮਹਾਮਾਰੀ ਦੀ ਦੂਜੀ ਲਹਿਰ ਕਾਰਨ ਮਾਰਚ ਵਿਚ ਇਹ ਥੋੜ੍ਹੀ ਘੱਟ ਗਈ, ਜਦੋਂ ਕਿ ਅਪ੍ਰੈਲ ਵਿਚ ਇਸ ਵਿਚ 27 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ।