AIR INDIA ਦੀ ਵਜ੍ਹਾ ਨਾਲ ਨਹੀਂ ਵਧਣਗੇ ਕਿਰਾਏ, ਸਰਕਾਰ ਨੇ ਕਹੀ ਇਹ ਵੱਡੀ ਗੱਲ!

01/01/2020 12:03:44 PM

ਨਵੀਂ ਦਿੱਲੀ— ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਸਪੱਸ਼ਟ ਕੀਤਾ ਹੈ ਕਿ ਏਅਰ ਇੰਡੀਆ ਨਿੱਜੀਕਰਨ ਹੋਣ ਤੱਕ ਚੱਲਦੀ ਰਹੇਗੀ। ਹਾਲਾਂਕਿ, ਉਨ੍ਹਾਂ ਕਿਹਾ ਕਿ ਏਅਰ ਇੰਡੀਆ ਚੱਲ ਰਹੀ ਹੈ, ਚੱਲਦੀ ਰਹੇਗਾ ਪਰ ਇਸ ਦਾ ਨਿੱਜੀਕਰਨ ਕਰਨਾ ਪਵੇਗਾ ਕਿਉਂਕਿ ਰੋਜ਼ਾਨਾ 20 ਤੋਂ 26 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਟੈਕਸਦਾਤਾਵਾਂ ਦਾ ਪੈਸਾ ਹੈ ਤੇ ਇਸ ਨੂੰ ਬਿਹਤਰ ਮੁਨਾਫੇ ਵਾਲੇ ਕੰਮਾਂ 'ਚ ਖਰਚ ਕਰਨਾ ਚਾਹੀਦਾ ਹੈ।

 

ਇਸ ਤੋਂ ਪਹਿਲਾਂ ਹਰਦੀਪ ਪੁਰੀ ਨੇ ਕਿਹਾ ਸੀ ਕਿ ਏਅਰ ਇੰਡੀਆ 'ਤੇ ਕਰਜ਼ੇ ਦਾ ਭਾਰੀ ਬੋਝ ਹੈ ਤੇ ਇਸ ਨੂੰ ਚਲਾਉਣਾ ਮੁਸ਼ਕਲ ਹੈ। ਉੱਥੇ ਹੀ, ਏਅਰ ਇੰਡੀਆ ਦੇ ਪ੍ਰਮੁੱਖ ਨੇ ਵੀ ਕੁਝ ਹਫਤੇ ਪਹਿਲਾਂ ਇਹ ਕਿਹਾ ਸੀ ਕਿ ਏਅਰਲਾਈਨ 'ਤੇ ਭਾਰੀ ਵਿੱਤੀ ਬੋਝ ਕਾਰਨ ਉਡਾਣਾਂ ਨੂੰ ਜਾਰੀ ਰੱਖਣਾ ਮੁਸ਼ਕਲ ਹੈ।
ਨਿੱਜੀਕਰਨ ਦੇ ਰਸਤੇ 'ਤੇ ਅੱਗੇ ਵੱਧ ਰਹੀ ਏਅਰ ਇੰਡੀਆ ਦਾ 2018-19 'ਚ ਘਾਟਾ 8,556 ਕਰੋੜ ਰੁਪਏ ਰਿਹਾ ਹੈ, ਜਦੋਂ ਕਿ ਇਲ 'ਤੇ ਕੁੱਲ ਮਿਲਾ ਕੇ 80,000 ਕਰੋੜ ਰੁਪਏ ਦਾ ਕਰਜ਼ਾ ਹੋ ਗਿਆ ਹੈ। ਸਰਕਾਰ ਜਲਦ ਹੀ ਇਸ ਦੇ ਨਿੱਜੀਕਰਨ ਲਈ ਬੋਲੀ ਕੱਢਣ ਵਾਲੀ ਹੈ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਰਣਨੀਤਕ ਕਾਰਨਾਂ ਨੂੰ ਧਿਆਨ 'ਚ ਰੱਖਦੇ ਹੋਏ ਸਰਕਾਰ ਚਾਹੁੰਦੀ ਹੈ ਕਿ ਏਅਰ ਇੰਡੀਆ ਨੂੰ ਖਰੀਦਣ ਵਾਲੀ ਕੋਈ ਭਾਰਤੀ ਕੰਪਨੀ ਹੋਵੇ।

ਸਰਕਾਰੀ ਜਹਾਜ਼ ਕੰਪਨੀ ਦੀ ਵੈੱਬਸਾਈਟ ਮੁਤਾਬਕ, ਇਸ ਦੇ ਬੇੜੇ 'ਚ 172 ਜਹਾਜ਼ ਹਨ, ਜਿਸ 'ਚੋਂ 87 ਇਸ ਦੇ ਆਪਣੇ ਹਨ। ਜ਼ਿਕਰਯੋਗ ਹੈ ਕਿ ਜੈੱਟ ਏਅਰਵੇਜ਼ ਦੇ ਠੱਪ ਹੋਣ ਮਗਰੋਂ ਵਿਦੇਸ਼ੀ ਮਾਰਗਾਂ 'ਤੇ ਹਵਾਈ ਕਿਰਾਏ ਕਾਫੀ ਵੱਧ ਹੋ ਗਏ ਹਨ। ਉੱਥੇ ਹੀ, ਸਰਕਾਰੀ ਜਹਾਜ਼ ਕੰਪਨੀ ਦੀ ਸਥਿਤੀ ਵੀ ਡਾਵਾਂਡੋਲ ਹੀ ਹੈ, ਜਿਸ ਕਾਰਨ ਹਵਾਈ ਮੁਸਾਫਰਾਂ ਨੂੰ ਇਹ ਡਰ ਸੀ ਕਿ ਨਿੱਜੀਕਰਨ ਤੋਂ ਪਹਿਲਾਂ ਜੇਕਰ ਸਰਕਾਰ ਏਅਰ ਇੰਡੀਆ ਨੂੰ ਬੰਦ ਕਰ ਦਿੰਦੀ ਹੈ ਤਾਂ ਹਵਾਈ ਸਫਰ ਹੋਰ ਮਹਿੰਗਾ ਹੋ ਸਕਦਾ ਸੀ।


Related News