AI ਦੂਰਸੰਚਾਰ ਨੈੱਟਵਰਕ ਨੂੰ ਖੁਦ-ਬ-ਖੁਦ ਠੀਕ ਕਰਨ ’ਚ ਮਦਦ ਕਰੇਗਾ : ਦੂਰਸੰਚਾਰ ਸਕੱਤਰ
Sunday, Oct 12, 2025 - 04:34 PM (IST)

ਨਵੀਂ ਦਿੱਲੀ (ਭਾਸ਼ਾ)- ਦੂਰਸੰਚਾਰ ਵਿਭਾਗ ਦੇ ਸਕੱਤਰ ਨੀਰਜ ਮਿੱਤਲ ਨੇ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਦੂਰਸੰਚਾਰ ਨੈੱਟਵਰਕ ਨੂੰ ਖੁਦ-ਬ-ਖੁਦ ਠੀਕ ਕਰਨ ’ਚ ਸਹਾਇਕ ਹੋਵੇਗਾ ਅਤੇ ਗਾਹਕ ਸੇਵਾਵਾਂ ’ਚ ਸੁਧਾਰ ਲਿਆਵੇਗਾ।
ਇੰਡੀਆ ਮੋਬਾਈਲ ਕਾਂਗਰਸ (ਆਈ. ਐੱਮ. ਸੀ.) 2025 ’ਚ ਮਿੱਤਲ ਨੇ ਕਿਹਾ ਕਿ ਸਰਕਾਰ ਤੇਜ਼ੀ ਨਾਲ ਬਦਲਦੀ ਤਕਨੀਕੀ ਦੁਨੀਆ ਨਾਲ ਤਾਲਮੇਲ ਬਣਾਈ ਰੱਖਣ ਅਤੇ ਆਈ. ਟੀ. ਯੂ. (ਇੰਟਰਨੈਸ਼ਨਲ ਟੈਲੀਕਮਿਊਨੀਕੇਸ਼ਨ ਯੂਨੀਅਨ) ਦੇ ਨਾਲ ਮਿਲ ਕੇ ਇਕ ਸੰਗਠਿਤ ਪ੍ਰਤੀਕਿਰਆ ਦੇਣ ਦੀ ਕੋਸ਼ਿਸ਼ ਕਰ ਰਹੀ ਹੈ, ਤਾਂ ਜੋ ਇਹ ਵੇਖਿਆ ਜਾ ਸਕੇ ਕਿ ਏ. ਆਈ. ਅਤੇ ਦੂਰਸੰਚਾਰ ਵਿਕਾਸ ਨੂੰ ਕਿਵੇਂ ਸਕਾਰਾਤਮਕ ਤੌਰ ’ਤੇ ਲੜੀਬੱਧ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ, ‘‘ਜਿਵੇਂ-ਜਿਵੇਂ ਅਸੀਂ 5-ਜੀ ਤੋਂ 6-ਜੀ ਵੱਲ ਵਧ ਰਹੇ ਹਾਂ, ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਦਾ ਬਹੁਤ ਵੱਡਾ ਕੰਮ ਹੋਵੇਗਾ। ਇਹ ਨੈੱਟਵਰਕ ’ਚ ਇੰਟੈਲੀਜੈਂਸ ਨੂੰ ਬਿਹਤਰ ਬਣਾਏਗਾ, ਖੁਦ-ਬ-ਖੁਦ ਠੀਕ ਹੋਣ ’ਚ ਮਦਦ ਕਰੇਗਾ ਅਤੇ ਏ. ਆਈ. ਦੇ ਪੁਰਾਣੇ ਤਰੀਕੇ ਨਾਲ ਨਵੇਂ ਅਤੇ ਬਿਹਤਰ ਤਰੀਕੇ ’ਤੇ ਲੈ ਜਾਵੇਗਾ। ਨੈੱਟਵਰਕ ਦੇ ਹਰ ਹਿੱਸੇ ’ਚ ਏ. ਆਈ. ਕਈ ਕੰਮ ਖੁਦ-ਬ-ਖੁਦ ਕਰੇਗਾ ਅਤੇ ਇਸ ਨਾਲ ਗਾਹਕ ਸੇਵਾ ਵੀ ਬਿਹਤਰ ਹੋਵੇਗੀ।’’
ਦੂਰਸੰਚਾਰ ਉਦਯੋਗ ਦੇ ਜਾਣਕਾਰਾਂ ਅਨੁਸਾਰ 6-ਜੀ ਪ੍ਰੀਖਣ ਦੇ 2028 ’ਚ ਸ਼ੁਰੂ ਹੋਣ ਦੀ ਉਮੀਦ ਹੈ ਅਤੇ ਇਸ ਦੀ ਕਮਰਸ਼ੀਅਲ ਵਰਤੋਂ ਸ਼ੁਰੂ ਹੋਣ ’ਚ ਕੁਝ ਹੋਰ ਸਮਾਂ ਲੱਗੇਗਾ। ਮਿੱਤਲ ਨੇ ਕਿਹਾ ਕਿ ਜਿੱਥੇ ਏ. ਆਈ. ਦੀ ਵਰਤੋਂ ਚੰਗੇ ਕੰਮਾਂ ਲਈ ਹੋ ਰਹੀ ਹੈ, ਉੱਥੇ ਹੀ, ਇਸ ਦੀ ਗਲਤ ਵਰਤੋਂ ਦਾ ਵੀ ਖ਼ਤਰਾ ਹੈ, ਇਸ ਲਈ ਤਕਨੀਕ ਦੀ ਸਹੀ ਵਰਤੋਂ ਲਈ ਚੌਕਸ ਰਹਿਣਾ ਜ਼ਰੂਰੀ ਹੈ।