AEPC ਦੀ ਸਰਕਾਰ ਤੋਂ ਸੂਤੀ ਧਾਗੇ ਦੀ ਬਰਾਮਦ ''ਤੇ ਰੋਕ ਲਾਉਣ ਦੀ ਮੰਗ
Saturday, Mar 27, 2021 - 03:21 PM (IST)
ਨਵੀਂ ਦਿੱਲੀ- ਕੱਪੜਾ ਬਰਾਮਦ ਪ੍ਰੋਮੋਸ਼ਨ ਕੌਂਸਲ (ਏ. ਈ. ਪੀ. ਸੀ.) ਨੇ ਸਰਕਾਰ ਨੂੰ ਸੂਤੀ ਧਾਗੇ ਦੀ ਬਰਾਮਦ 'ਤੇ ਰੋਕ ਲਾਉਣ ਦੀ ਮੰਗ ਕੀਤੀ ਹੈ। ਏ. ਈ. ਪੀ. ਸੀ. ਨੇ ਕਿਹਾ ਹੈ ਕਿ ਬਰਾਮਦ 'ਤੇ ਰੋਕ ਲਾਉਣ ਨਾਲ ਇਸ ਦੀਆਂ ਕੀਮਤਾਂ ਨੂੰ ਕਾਬੂ ਕਰਨ ਵਿਚ ਮਦਦ ਮਿਲੇਗੀ ਅਤੇ ਨਾਲ ਹੀ ਘਰੇਲੂ ਨਿਰਮਾਤਾਵਾਂ ਨੂੰ ਇਸਦੀ ਸਪਲਾਈ ਵੀ ਵਧਾਈ ਜਾ ਸਕੇਗੀ।
ਏ. ਈ. ਪੀ. ਸੀ. ਦੇ ਚੇਅਰਮੇਨ ਏ. ਸ਼ਕਤੀਵੇਲ ਨੇ ਕਿਹਾ ਕਿ ਸਰਕਾਰ ਵੱਲੋਂ ਕਈ ਯਤਨਾਂ ਦੇ ਬਾਵਜੂਦ ਸੂਤੀ ਧਾਗੇ ਦੀ ਕੀਮਤ ਪਿਛਲੇ ਚਾਰ ਮਹੀਨਿਆਂ ਦੌਰਾਨ ਲਗਾਤਾਰ ਵਧੀ ਰਹੀ ਹੈ, ਜਿਸ ਕਾਰਨ ਪੂਰੀ ਮੁੱਲ ਲੜੀ ਪ੍ਰਭਾਵਿਤ ਹੋ ਰਹੀ ਹੈ।
ਉਨ੍ਹਾਂ ਕਿਹਾ, ''ਅਸੀਂ ਘਰੇਲੂ ਨਿਰਮਤਾਵਾਂ ਨੂੰ ਧਾਗੇ ਦੀ ਸਪਲਾਈ ਵਧਾਉਣ ਲਈ ਤਤਕਾਲ ਕਦਮ ਚੁੱਕਣ ਦੀ ਬੇਨਤੀ ਕਰਦੇ ਹਾਂ। ਸਾਡਾ ਸੁਝਾਅ ਹੈ ਕਿ ਸੂਤੀ ਧਾਗੇ ਦੀ ਬਰਾਮਦ 'ਤੇ ਮਾਤਰਾਤਮਕ ਰੋਕਲਾਈ ਜਾਵੇ।'' ਉਨ੍ਹਾਂ ਦੱਸਿਆ ਕਿ ਭਾਰਤੀ ਕਪਾਹ ਨਿਗਮ (ਸੀ. ਸੀ. ਆਈ.) ਨੇ ਛੋਟੇ ਮਿੱਲ ਮਾਲਕਾਂ ਲਈ ਕਪਾਹ ਦੀਆਂ ਕੀਮਤਾਂ ਵਿਚ ਕਟੌਤੀ ਕੀਤੀ ਹੈ ਪਰ ਇਸ ਨਾਲ ਸੂਤੀ ਧਾਗੇ ਦੀ ਕੀਮਤ ਨਹੀਂ ਘਟੀ ਹੈ ਅਤੇ ਇਸ ਦੀ ਉਪਲਬਧਤਾ ਨੂੰ ਲੈ ਕੇ ਅਨਿਸ਼ਚਿਤਤਾ ਦੀ ਵਜ੍ਹਾ ਨਾਲ ਬਰਾਮਦਕਾਰਾਂ ਲਈ ਆਪਣੇ ਗਾਹਕਾਂ ਦੇ ਸੌਦੇ ਪੂਰੇ ਕਰਨਾ ਮੁਸ਼ਕਲ ਹੋ ਰਿਹਾ ਹੈ।