ADB ਨੇ ਘਟਾਈ ਭਾਰਤ ਦੀ ਆਰਥਿਕ ਵਾਧਾ ਦਰ, 2019-20 ''ਚ 6.50 ਫੀਸਦੀ ਰਹਿਣ ਦਾ ਅਨੁਮਾਨ
Wednesday, Sep 25, 2019 - 12:22 PM (IST)

ਨਵੀਂ ਦਿੱਲੀ—ਏਸ਼ੀਆਈ ਵਿਕਾਸ ਬੈਂਕ (ਏ.ਡੀ.ਬੀ.) ਨੇ ਚਾਲੂ ਵਿੱਤੀ ਸਾਲ ਲਈ ਦੇਸ਼ ਦੀ ਆਰਥਿਕ ਵਾਧਾ ਦਰ ਦਾ ਅਨੁਮਾਨ ਬੁੱਧਵਾਰ ਨੂੰ ਸੱਤ ਫੀਸਦੀ ਤੋਂ ਘਟਾ ਕੇ 6.50 ਫੀਸਦੀ ਕਰ ਦਿੱਤਾ ਹੈ। ਬੈਂਕ ਨੇ ਏਸ਼ੀਆਈ ਵਿਕਾਸ ਪਰਿਦ੍ਰਿਸ਼ 2019 'ਚ ਕਿਹਾ ਕਿ ਪਹਿਲੀ ਤਿਮਾਹੀ 'ਚ ਵਾਧਾ ਦਰ ਘੱਟ ਹੋ ਕੇ ਪੰਜ ਫੀਸਦੀ 'ਤੇ ਆ ਜਾਣ ਦੇ ਬਾਅਦ ਵਿੱਤੀ ਸਾਲ 2019-20 ਲਈ ਵਾਧਾ ਦਰ ਦਾ ਅਨੁਮਾਨ ਘਟਾ ਕੇ 6.50 ਫੀਸਦੀ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਜੁਲਾਈ 'ਚ ਏ.ਡੀ.ਬੀ. ਨੇ 2019-20 ਲਈ ਵਾਧਾ ਦਰ ਦਾ ਅਨੁਮਾਨ ਘਟਾ ਕੇ ਸੱਤ ਫੀਸਦੀ ਕੀਤਾ ਸੀ।
ਏ.ਡੀ.ਬੀ. ਨੇ ਕਿਹਾ ਕਿ ਵਿਨਿਰਮਾਣ ਅਤੇ ਨਿਵੇਸ਼ 'ਚ ਗਿਰਾਵਟ, ਬੈਂਕਾਂ ਅਤੇ ਹੋਰ ਵਿੱਤੀ ਸੰਸਥਾਨਾਂ ਵਲੋਂ ਕਰਜ਼ ਦੇਣ 'ਚ ਕਟੌਤੀ, ਪੇਂਡੂ ਅਰਥਵਿਵਸਥਾ 'ਚ ਨਰਮੀ ਅਤੇ ਕਮਜ਼ੋਰ ਹੁੰਦੇ ਸੰਸਾਰਕ ਦ੍ਰਿਸ਼ 'ਤੇ ਅਨਿਸ਼ਚਿਤਤਾ ਦਾ ਪਤਾ ਚੱਲਦਾ ਹੈ। ਏ.ਡੀ.ਬੀ. ਨੇ ਕਿਹਾ ਕਿ 2020-21 'ਚ ਵਾਧਾ ਦਰ ਵਧ ਕੇ 7.20 ਫੀਸਦੀ 'ਤੇ ਪਹੁੰਚ ਜਾਵੇਗੀ। ਏ.ਡੀ.ਬੀ. ਮੁਤਾਬਕ ਦੱਖਣੀ ਏਸ਼ੀਆ ਦੀ ਵਾਧਾ ਦਰ ਸੁਸਤ ਪਈ ਹੈ। ਉਸ ਨੇ ਵਾਧਾ ਦਰ 2019 'ਚ 6.20 ਫੀਸਦੀ ਅਤੇ 2020 'ਚ 6.70 ਫੀਸਦੀ ਰਹਿਣ ਦਾ ਅਨੁਮਾਨ ਪ੍ਰਗਟ ਕੀਤਾ ਹੈ।