ਸੀਰਮ ਦੇ CEO ਪੂਨਾਵਾਲਾ ਨੇ ਇਸ ਫਾਰਮਾ ਕੰਪਨੀ 'ਚ ਪੂਰੀ ਹਿੱਸੇਦਾਰੀ ਵੇਚੀ

05/18/2021 10:57:23 AM

ਨਵੀਂ ਦਿੱਲੀ- ਸੀਰਮ ਇੰਸਟੀਚਿਊਟ ਆਫ ਇੰਡੀਆ (ਐੱਸ. ਆਈ. ਆਈ.) ਦੇ ਸੀ. ਈ. ਓ. ਅਦਰ ਪੂਨਾਵਾਲਾ ਨੇ ਸੋਮਵਾਰ ਨੂੰ ਪੈਨੇਸੀਆ ਬਾਇਓਟੈਕ ਵਿਚ ਪੂਰੀ 5.15 ਫ਼ੀਸਦੀ ਹਿੱਸੇਦਾਰੀ ਖੁੱਲ੍ਹੇ ਬਾਜ਼ਾਰ ਸੌਦੇ ਤਹਿਤ 118 ਕਰੋੜ ਰੁਪਏ ਵਿਚ ਵੇਚ ਦਿੱਤੀ ਹੈ। ਇਸ ਕੰਪਨੀ ਦੇ ਸਾਰੇ ਸ਼ੇਅਰ ਐੱਸ. ਆਈ. ਆਈ. ਵੱਲੋਂ ਹੀ ਖ਼ਰੀਦੇ ਗਏ ਹਨ।

ਪੂਨਾਵਾਲਾ ਨੇ 31,57,034 ਸਟਾਕਸ 373.85 ਰੁਪਏ ਪ੍ਰਤੀ ਸ਼ੇਅਰ ਦੇ ਵੇਚੇ ਹਨ, ਜਿਸ ਨਾਲ ਉਨ੍ਹਾਂ ਨੂੰ ਕੁੱਲ 118.02 ਕਰੋੜ ਰੁਪਏ ਪ੍ਰਾਪਤ ਹੋਏ। ਇਨ੍ਹਾਂ ਸ਼ੇਅਰਾਂ ਨੂੰ ਇਸੇ ਮੁੱਲ 'ਤੇ ਇਕ ਵੱਖਰੇ ਸੌਦੇ ਵਿਚ ਐੱਸ. ਆਈ. ਆਈ. ਨੇ ਖ਼ਰੀਦ ਲਿਆ। ਸੋਮਵਾਰ ਨੂੰ ਪੈਨੇਸੀਆ ਬਾਇਓਟੈਕ ਦਾ ਸ਼ੇਅਰ 384.9 ਰੁਪਏ ਦੇ ਮੁੱਲ 'ਤੇ ਬੰਦ ਹੋਇਆ ਸੀ।

ਪੈਨੇਸੀਆ ਬਾਇਓਟੈਕ ਕਈ ਤਰ੍ਹਾਂ ਦੀਆਂ ਦਵਾਈਆਂ ਤੇ ਟੀਕਿਆਂ ਦਾ ਉਤਪਾਦਨ ਕਰਦੀ ਹੈ। ਇਸ ਦੀ ਸਥਾਪਨਾ 1984 ਵਿਚ ਹੋਈ ਸੀ ਅਤੇ ਇਹ 1995 ਵਿਚ ਪੈਨੇਸੀਆ ਬਾਇਓਟੈਕ ਲਿਮਟਿਡ ਨਾਂ ਨਾਲ ਸੂਚੀਬੱਧ ਹੋਈ ਸੀ। ਰਿਪੋਰਟਾਂ ਮੁਤਾਬਕ, ਅਦਾਰ ਪੂਨਾਵਾਲਾ ਫਿਲਹਾਲ ਲੰਡਨ ਵਿਚ ਹਨ। ਐੱਸ. ਆਈ. ਆਈ. ਭਾਰਤ ਵਿਚ ਆਕਸਫੋਰਡ/ਐਸਟ੍ਰਾਜ਼ੇਨੇਕਾ ਦਾ ਕੋਵਿਡ-19 ਟੀਕਾ ਕੋਵੀਸ਼ੀਲਡ ਦਾ ਉਤਪਾਦਨ ਕਰ ਰਹੀ ਹੈ। ਪੂਨਾਵਾਲਾ ਦਾ ਕਹਿਣਾ ਹੈ ਕਿ ਦਬਾਅ ਦੇ ਮੱਦੇਨਜ਼ਰ ਉਹ ਆਪਣੀ ਪਤਨੀ ਤੇ ਬੱਚਿਆਂ ਨਾਲ ਲੰਡਨ ਆ ਗਏ ਹਨ। ਰਿਪੋਰਟਾਂ ਦਾ ਕਹਿਣਾ ਹੈ ਕਿ ਖ਼ਤਰੇ ਦੀ ਸੰਭਾਵਨਾ ਦੇਖਦੇ ਹੋਏ ਭਾਰਤ ਵਿਚ ਉਨ੍ਹਾਂ ਨੂੰ ਸੁਰੱਖਿਆ ਦਿੱਤੀ ਹੈ। ਦੇਸ਼ ਵਿਚ ਕਿਸੇ ਵੀ ਜਗ੍ਹਾ ਉਨ੍ਹਾਂ ਨਾਲ ਸੀ. ਆਰ. ਪੀ. ਐੱਫ. ਦੇ ਜਵਾਨ ਹੋਣਗੇ। ਇਨ੍ਹਾਂ ਵਿਚ 4-5 ਕਮਾਂਡੋ ਹੋਣਗੇ।


Sanjeev

Content Editor

Related News