90 ਫੀਸਦੀ ਕੌਮਾਂਤਰੀ ਅਰਥਵਿਵਸਥਾ ਮੰਦੀ ਦੀ ਲਪੇਟ ''ਚ : ਆਈ. ਐੱਮ. ਐੱਫ.

10/08/2019 9:14:34 PM

ਵਾਸ਼ਿੰਗਟਨ (ਯੂ. ਐੱਨ. ਆਈ.)-ਕੌਮਾਂਤਰੀ ਕਰੰਸੀ ਫੰਡ (ਆਈ. ਐੱਮ. ਐੱਫ.) ਨੇ ਭਾਰਤ ਸਮੇਤ ਪੂਰੀ ਦੁਨੀਆ 'ਚ ਮੰਦੀ ਵਧਣ ਦਾ ਖਦਸ਼ਾ ਪ੍ਰਗਟ ਕਰਦੇ ਹੋਏ ਚਿਤਾਵਨੀ ਦਿੱਤੀ ਕਿ 90 ਫੀਸਦੀ ਕੌਮਾਂਤਰੀ ਅਰਥਵਿਵਸਥਾ ਮੰਦੀ ਦੀ ਲਪੇਟ 'ਚ ਆ ਚੁੱਕੀ ਹੈ ਅਤੇ ਇਸ ਸਾਲ ਵਿਕਾਸ ਦਰ ਮੌਜੂਦਾ ਦਹਾਕੇ ਦੀ ਸ਼ੁਰੂਆਤ ਤੋਂ ਬਾਅਦ ਸਭ ਤੋਂ ਘੱਟ ਰਹਿ ਸਕਦੀ ਹੈ।

ਇਕ ਹਫਤੇ ਪਹਿਲਾਂ ਹੀ ਆਈ. ਐੱਮ. ਐੱਫ. ਪ੍ਰਬੰਧ ਨਿਰਦੇਸ਼ਕ ਦਾ ਅਹੁਦਾ ਸੰਭਾਲਣ ਵਾਲੀ ਕ੍ਰਿਸਟਲੀਨਾ ਜਾਰਜੀਵਾ ਨੇ ਅਗਲੇ ਹਫਤੇ ਹੋਣ ਵਾਲੀ ਆਈ. ਐੱਮ. ਐੱਫ. ਦੀ ਸਾਲਾਨਾ ਬੈਠਕ ਤੋਂ ਪਹਿਲਾਂ ਇੱਥੇ ਕੌਮਾਂਤਰੀ ਅਰਥਵਿਵਸਥਾ ਬਾਰੇ ਇਕ ਭਾਸ਼ਣ 'ਚ ਕਿਹਾ,''2 ਸਾਲ ਪਹਿਲਾਂ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ਦੇ ਲਿਹਾਜ਼ ਨਾਲ ਦੁਨੀਆ ਦੀ 75 ਫੀਸਦੀ ਅਰਥਵਿਵਸਥਾ ਦੀ ਵਿਕਾਸ ਦਰ ਦਾ ਗ੍ਰਾਫ ਉਪਰ ਵੱਲ ਵਧ ਰਿਹਾ ਸੀ। ਅੱਜ ਕਰੀਬ 90 ਫੀਸਦੀ ਕੌਮਾਂਤਰੀ ਅਰਥਵਿਵਸਥਾ ਦੀ ਵਿਕਾਸ ਦਰ ਘਟ ਰਹੀ ਹੈ। ਕੌਮਾਂਤਰੀ ਅਰਥਵਿਵਸਥਾ ਇਸ ਸਮੇਂ ਇਕੱਠੇ ਮੰਦੀ ਦਾ ਸਾਹਮਣਾ ਕਰ ਰਹੀ ਹੈ।''
ਆਈ. ਐੱਮ. ਐੱਫ. ਪ੍ਰਮੁੱਖ ਬਣਨ ਤੋਂ ਬਾਅਦ ਆਪਣੇ ਪਹਿਲੇ ਭਾਸ਼ਣ 'ਚ ਉਨ੍ਹਾਂ ਨੇ ਵਪਾਰ ਜੰਗ ਨੂੰ ਮੰਦੀ ਦਾ ਵੱਡਾ ਕਾਰਣ ਦੱਸਿਆ ਅਤੇ ਕਿਹਾ ਕਿ ਵਿਕਾਸ 'ਚ ਵਿਆਪਕ ਗਿਰਾਵਟ ਦਾ ਮਤਲਬ ਹੈ ਕਿ ਇਸ ਸਾਲ ਵਿਕਾਸ ਦਰ ਦਹਾਕੇ ਦੀ ਸ਼ੁਰੂਆਤ ਤੋਂ ਬਾਅਦ ਦੇ ਹੇਠਲੇ ਪੱਧਰ 'ਤੇ ਰਹੇਗੀ। ਉਨ੍ਹਾਂ ਦੱਸਿਆ ਕਿ ਅਗਲੇ ਹਫਤੇ ਜਾਰੀ ਹੋਣ ਵਾਲੇ 'ਵਰਲਡ ਇਕਾਨਮਿਕ ਆਊਟਲੁਕ' 'ਚ ਸਾਲ 2019 ਅਤੇ 2020 ਦਾ ਆਰਥਿਕ ਵਿਕਾਸ ਅਨੁਮਾਨ ਘਟਾਇਆ ਜਾਵੇਗਾ।

ਭਾਰਤ 'ਚ ਇਸ ਸਾਲ ਰਹਿ ਸਕਦੀ ਹੈ ਹੋਰ ਗਿਰਾਵਟ
ਜਾਰਜੀਵਾ ਨੇ ਭਾਰਤ 'ਚ ਇਸ ਸਾਲ ਗਿਰਾਵਟ ਹੋਰ ਜ਼ਿਆਦਾ ਰਹਿਣ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ, ''ਉੱਭਰਦੇ ਬਾਜ਼ਾਰ ਵਾਲੇ ਕੁੱਝ ਦੇਸ਼ਾਂ, ਜਿਵੇਂ ਭਾਰਤ ਅਤੇ ਬ੍ਰਾਜ਼ੀਲ 'ਚ ਇਸ ਸਾਲ ਮੰਦੀ ਜ਼ਿਆਦਾ ਸਪੱਸ਼ਟ ਹੋਵੇਗੀ। ਚੀਨ ਦੀ ਵਿਕਾਸ ਦਰ ਕਈ ਸਾਲ ਤੱਕ ਤੇਜ਼ੀ ਨਾਲ ਵਧਣ ਤੋਂ ਬਾਅਦ ਹੁਣ ਲਗਾਤਾਰ ਘਟਦੀ ਜਾ ਰਹੀ ਹੈ।'' ਉਨ੍ਹਾਂ ਕਿਹਾ ਕਿ ਇਸ ਸਮੇਂ ਪ੍ਰਾਪਤ ਹੋ ਰਹੇ ਅੰਕੜੇ ਕਾਫੀ ਮੁਸ਼ਕਿਲ ਹਾਲਾਤ ਨੂੰ ਦਰਸਾ ਰਹੇ ਹਨ। ਅਮਰੀਕਾ ਅਤੇ ਜਰਮਨੀ 'ਚ ਬੇਰੋਜ਼ਗਾਰੀ ਇਤਿਹਾਸਕ ਹੇਠਲੇ ਪੱਧਰ 'ਤੇ ਹੈ। ਇਸ ਦੇ ਬਾਵਜੂਦ ਅਮਰੀਕਾ, ਜਾਪਾਨ ਅਤੇ ਯੂਰੋ ਖੇਤਰ ਸਮੇਤ ਵਿਕਸਿਤ ਦੇਸ਼ਾਂ 'ਚ ਆਰਥਿਕ ਗਤੀਵਿਧੀਆਂ ਸੁਸਤ ਪੈ ਰਹੀਆਂ ਹਨ।

ਆਰਥਿਕ ਮੰਦੀ ਦਾ ਮੁੱਖ ਕਾਰਕ ਕੌਮਾਂਤਰੀ ਵਪਾਰ ਜੰਗ
ਆਰਥਿਕ ਮੰਦੀ ਲਈ ਮੁੱਖ ਰੂਪ ਨਾਲ ਕੌਮਾਂਤਰੀ ਵਪਾਰ ਜੰਗ ਨੂੰ ਇਕ ਪ੍ਰਮੁੱਖ ਕਾਰਕ ਦੱਸਦੇ ਹੋਏ ਜਾਰਜੀਵਾ ਨੇ ਕਿਹਾ ਕਿ ਇਸ ਨਾਲ ਸਾਲ 2020 ਤੱਕ ਕੌਮਾਂਤਰੀ ਅਰਥਵਿਵਸਥਾ ਨੂੰ 700 ਅਰਬ ਡਾਲਰ ਦਾ ਨੁਕਸਾਨ ਹੋਵੇਗਾ, ਜੋ ਕੁਲ ਜੀ. ਡੀ. ਪੀ. ਦਾ 0.8 ਫੀਸਦੀ ਹੈ। ਉਨ੍ਹਾਂ ਕਿਹਾ,''ਵਪਾਰ ਜੰਗ 'ਚ ਸਾਰਿਆਂ ਦਾ ਨੁਕਸਾਨ ਹੁੰਦਾ ਹੈ, ਇਸ ਲਈ ਵਪਾਰ ਦੇ ਮਸਲੇ 'ਤੇ ਸਥਾਈ ਹੱਲ ਲੱਭਣ ਲਈ ਸਾਨੂੰ ਨਾਲ ਮਿਲ ਕੇ ਕੰਮ ਕਰਨ ਦੀ ਲੋੜ ਹੈ।'' ਉਨ੍ਹਾਂ ਕਿਹਾ ਕਿ ਜੇਕਰ ਸਾਲ 2020 'ਚ ਕੌਮਾਂਤਰੀ ਵਿਕਾਸ ਦਰ ਦੁਬਾਰਾ ਵਾਧੇ ਦੇ ਰਸਤੇ 'ਤੇ ਪਰਤ ਵੀ ਆਉਂਦੀ ਹੈ ਤਾਂ ਮੌਜੂਦਾ ਵਪਾਰ ਜੰਗ ਕਾਰਣ ਜੋ ਬਦਲਾਅ ਆਉਣਗੇ, ਉਸ ਦਾ ਅਸਰ ਇਕ ਪੀੜ੍ਹੀ ਤੱਕ ਦਿਸ ਸਕਦਾ ਹੈ।


Karan Kumar

Content Editor

Related News