ਪਿਛਲੇ ਵਿੱਤੀ ਵਰ੍ਹੇ ਬੈਂਕ ਧੋਖਾਧੜੀ ਦੇ 84,545 ਮਾਮਲੇ ਸਾਹਮਣੇ ਆਏ : RBI

07/27/2020 9:59:55 PM

ਨਾਗਪੁਰ— ਵਿੱਤੀ ਸਾਲ 2019-20 ਦੌਰਾਨ ਸ਼ਡਿਊਲਡ ਵਪਾਰਕ ਬੈਂਕਾਂ ਅਤੇ ਵਿੱਤੀ ਸੰਸਥਾਵਾਂ 'ਚ ਧੋਖਾਧੜੀ ਦੇ 84,545 ਮਾਮਲੇ ਸਾਹਮਣੇ ਆਏ, ਜਿਨ੍ਹਾਂ ਦੀ ਕੁੱਲ ਰਾਸ਼ੀ 1.85 ਲੱਖ ਕਰੋੜ ਰੁਪਏ ਸੀ।

ਇਕ ਆਰ. ਟੀ. ਆਈ. ਕਾਰਕੁੰਨ ਨੇ ਇਹ ਜਾਣਕਾਰੀ ਰਿਜ਼ਰਵ ਬੈਂਕ ਤੋਂ ਮਿਲੀ ਜਾਣਕਾਰੀ ਦਾ ਹਵਾਲਾ ਦਿੰਦਿਆਂ ਦਿੱਤੀ ਹੈ। ਆਰ. ਟੀ. ਆਈ. ਕਾਰਕੁੰਨ ਅਭੈ ਕੋਲਾਰਕਰ ਨੇ ਕਿਹਾ ਕਿ ਉਸ ਨੇ ਜੂਨ 2020 'ਚ ਆਰ. ਬੀ. ਆਈ. ਦੇ ਅਧਿਕਾਰ ਖੇਤਰ ਹੇਠ ਬੈਂਕਿੰਗ ਨਾਲ ਜੁੜੇ ਵੱਖ-ਵੱਖ ਪ੍ਰਸ਼ਨ ਪੁੱਛੇ ਸਨ ਅਤੇ ਕੁਝ ਦਿਨ ਪਹਿਲਾਂ ਉਸ ਨੂੰ ਉਸ ਦੇ ਜਵਾਬ ਮਿਲੇ ਹਨ। ਕੋਲਾਰਕਰ ਨੇ ਆਰ. ਟੀ. ਆਈ. (ਸੂਚਨਾ ਦਾ ਅਧਿਕਾਰ) 'ਚ ਪੁੱਛਿਆ ਸੀ ਕਿ 1 ਅਪ੍ਰੈਲ 2019 ਤੋਂ 31 ਮਾਰਚ 2020 ਤੱਕ ਧੋਖਾਧੜੀ ਦੇ ਕਿੰਨੇ ਮਾਮਲੇ ਦਰਜ ਹੋਏ ਅਤੇ ਇਨ੍ਹਾਂ 'ਚ ਕਿੰਨੀ ਰਕਮ ਸ਼ਾਮਲ ਸੀ, ਜਿਸ ਦੇ ਜਵਾਬ 'ਚ ਆਰ. ਬੀ. ਆਈ. ਨੇ ਉਕਤ ਜਾਣਕਾਰੀ ਦਿੱਤੀ।
 

ਸ਼ਿਕਾਇਤਾਂ 'ਚ ਸਭ ਤੋਂ ਟਾਪ 'ਤੇ SBI
ਆਰ. ਟੀ. ਆਈ. 'ਚ ਇਹ ਵੀ ਪੁੱਛਿਆ ਕਿ ਪਿਛਲੇ ਵਿੱਤੀ ਵਰ੍ਹੇ ਦੌਰਾਨ ਆਰ. ਬੀ. ਆਈ. ਦੇ 15 ਲੋਕਪਾਲ ਦਫ਼ਤਰਾਂ ਨੂੰ ਕਿੰਨੀਆਂ ਖਪਤਕਾਰ ਸ਼ਿਕਾਇਤਾਂ ਮਿਲੀਆਂ ਸਨ। ਇਸ ਦੇ ਜਵਾਬ 'ਚ ਆਰ. ਬੀ. ਆਈ. ਨੇ ਕਿਹਾ ਕਿ 1 ਜੁਲਾਈ, 2019 ਤੋਂ ਮਾਰਚ 2020 ਤੱਕ ਤਕਰੀਬਨ 2,14,480 ਸ਼ਿਕਾਇਤਾਂ ਮਿਲੀਆਂ ਸਨ। ਕੇਂਦਰੀ ਬੈਂਕ ਨੇ ਦੱਸਿਆ ਕਿ 1 ਅਪ੍ਰੈਲ, 2019 ਤੋਂ 30 ਜੂਨ, 2019 ਦਰਮਿਆਨ 56,493 ਸ਼ਿਕਾਇਤਾਂ ਆਈਆਂ ਸਨ।
ਸਭ ਤੋਂ ਵੱਧ 63,259 ਸ਼ਿਕਾਇਤਾਂ ਭਾਰਤੀ ਸਟੇਟ ਬੈਂਕ ਦੀਆਂ ਸਨ। ਇਸ ਤੋਂ ਬਾਅਦ ਐੱਚ. ਡੀ. ਐੱਫ. ਸੀ. ਬੈਂਕ, ਆਈ. ਸੀ. ਆਈ. ਸੀ. ਆਈ. ਬੈਂਕ, ਪੰਜਾਬ ਨੈਸ਼ਨਲ ਬੈਂਕ ਅਤੇ ਐਕਸਿਸ ਬੈਂਕ ਦਾ ਸਥਾਨ ਸੀ। ਇਕ ਸਵਾਲ ਦੇ ਜਵਾਬ 'ਚ ਆਰ. ਬੀ. ਆਈ. ਨੇ ਕਿਹਾ ਕਿ 2019-2020 ਦੌਰਾਨ 438 ਬੈਂਕ ਸ਼ਾਖਾਵਾਂ ਨੂੰ ਉਸੇ ਬੈਂਕ ਦੀ ਕਿਸੇ ਹੋਰ ਸ਼ਾਖਾ 'ਚ ਮਿਲਾ ਦਿੱਤਾ ਗਿਆ ਸੀ ਅਤੇ ਇਸ ਦੌਰਾਨ ਕੁੱਲ 194 ਸ਼ਾਖਾਵਾਂ ਬੰਦ ਕੀਤੀਆਂ ਗਈਆਂ।


Sanjeev

Content Editor

Related News