ਜਲਦ ਹੋ ਸਕਦੀ ਹੈ 5-ਜੀ ਸਪੈਕਟ੍ਰਮ ਦੀ ਨੀਲਾਮੀ, TRAI ਜਾਰੀ ਕਰੇਗਾ ਨੀਲਾਮੀ ਪ੍ਰਕਿਰਿਆ

Monday, Feb 14, 2022 - 12:41 PM (IST)

ਨਵੀਂ ਦਿੱਲੀ (ਭਾਸ਼ਾ) - ਭਾਰਤੀ ਦੂਰਸੰਚਾਰ ਰੈਗੂਲੇਟਰ ਅਥਾਰਿਟੀ (ਟਰਾਈ) ਜੇਕਰ 5-ਜੀ ਸਪੈਕਟ੍ਰਮ ਦੀ ਨੀਲਾਮੀ ਪ੍ਰਕਿਰਿਆ ਦੇ ਸੰਬੰਧ ’ਚ ਨਿਯਮਾਂ ’ਤੇ ਆਪਣੀਆਂ ਸਿਫਾਰਸ਼ਾਂ ਇਸ ਸਾਲ ਮਾਰਚ ਤੱਕ ਦੇ ਦਿੰਦਾ ਹੈ ਤਾਂ ਇਸ ਚਿਰਾਂ ਤੋਂ ਉਡੀਕੀ ਜਾ ਰਹੀ ਪ੍ਰਕਿਰਿਆ ਦੇ ਮਈ ’ਚ ਹੋਣ ਦੀ ਸੰਭਾਵਨਾ ਹੈ। ਦੂਰਸੰਚਾਰ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

ਦੂਰਸੰਚਾਰ ਮੰਤਰੀ ਅਸ਼ਵਿਨੀ ਵੈਸ਼ਣਵ ਨੇ ਇਸ ਮਹੀਨੇ ਦੀ ਸ਼ੁਰੂਆਤ ’ਚ ਕਿਹਾ ਸੀ ਕਿ ਟਰਾਈ ਨੇ ਸੂਚਿਤ ਕੀਤਾ ਹੈ ਕਿ ਉਹ 5-ਜੀ ਨੀਲਾਮੀ ਲਈ ਮਾਰਚ ਤੱਕ ਆਪਣੀਆਂ ਸਿਫਾਰਸ਼ਾਂ ਦਾਖਲ ਕਰੇਗਾ ਅਤੇ ਦੂਰਸੰਚਾਰ ਵਿਭਾਗ (ਡੀ. ਓ. ਟੀ.) ਛੇਤੀ ਤੋਂ ਛੇਤੀ ਨੀਲਾਮੀ ਕਰਾਉਣ ਲਈ ਹੋਰ ਪ੍ਰਕਿਰਿਆਵਾਂ ਪੂਰੀਆਂ ਕਰ ਰਿਹਾ ਹੈ। ਦੂਰਸੰਚਾਰ ਸਕੱਤਰ ਦੇ ਰਾਜਾਰਮਨ ਨੇ ਇਕ ਇੰਟਰਵਿਊ ’ਚ ਕਿਹਾ, ‘‘ਟਰਾਈ ਨੇ ਸੰਕੇਤ ਦਿੱਤਾ ਹੈ ਕਿ ਉਹ ਇਨ੍ਹਾਂ ਨੂੰ (ਸਿਫਾਰਸ਼ਾਂ) ਮਾਰਚ ਤੱਕ ਭੇਜ ਦੇਣਗੇ। ਉਸ ਤੋਂ ਬਾਅਦ ਇਸ ਬਾਰੇ ਫੈਸਲਾ ਲੈਣ ’ਚ ਇਕ ਮਹੀਨਾ ਲੱਗ ਜਾਵੇਗਾ।

ਸਰਕਾਰ ਨੇ ਪਹਿਲਾਂ ਹੀ ਸਪੈਕਟ੍ਰਮ ਨੀਲਾਮੀ ’ਤੇ ਟਰਾਈ ਵਲੋਂ ਸਿਫਾਰਸ਼ਾਂ ਪ੍ਰਾਪਤ ਹੋਣ ਤੋਂ ਬਾਅਦ ਟੈਂਡਰਾਂ ਦਾ ਦੌਰ ਸ਼ੁਰੂ ਕਰਨ ਲਈ 60 ਤੋਂ 120 ਦਿਨ ਦਾ ਸਮਾਂ ਲਿਆ ਹੈ। ਰਾਜਾਰਮਨ ਨੇ ਕਿਹਾ ਕਿ ਦੂਰਸੰਚਾਰ ਵਿਭਾਗ ਨੂੰ ਟਰਾਈ ਦੀਆਂ ਸਿਫਾਰਸ਼ਾਂ ਪ੍ਰਾਪਤ ਹੋਣ ਦੇ ਦਿਨ ਤੋਂ ਨੀਲਾਮੀ ਸ਼ੁਰੂ ਕਰਨ ’ਚ ਦੋ ਮਹੀਨੇ ਲੱਗਣਗੇ। ਵਿਭਾਗ ਅਨੁਸਾਰ, 5-ਜੀ ਨਾਲ ਡੇਟਾ 4-ਜੀ ਸੇਵਾ ਦੇ ਮੁਕਾਬਲੇ 10 ਗੁਣਾ ਤੇਜ਼ ਰਫਤਾਰ ਨਾਲ ਡਾਊਨਲੋਡ ਹੋ ਸਕੇਗਾ। ਪ੍ਰਕਿਰਿਆ ਅਨੁਸਾਰ, ਵਿਭਾਗ ਸਪੈਕਟ੍ਰਮ ਦੇ ਮੁੱਲ, ਇਸ ਨੂੰ ਅਲਾਟ ਕਰਨ ਦਾ ਤਰੀਕਾ, ਇਸ ਦੇ ਬਲਾਕ ਦੇ ਆਕਾਰ, ਭੁਗਤਾਨ ਦੇ ਤੌਰ-ਤਰੀਕਿਆਂ ’ਤੇ ਟਰਾਈ ਤੋਂ ਸਿਫਾਰਸ਼ਾਂ ਮੰਗਦਾ ਹੈ। ਟਰਾਈ ਉਦਯੋਗ ਜਗਤ ਅਤੇ ਹੋਰ ਹਿਤਧਾਰਕਾਂ ਨਾਲ ਸਲਾਹ-ਮਸ਼ਵਰਾ ਕਰਦਾ ਹੈ ਅਤੇ ਦੂਰਸੰਚਾਰ ਵਿਭਾਗ ਨੂੰ ਸਿਫਾਰਸ਼ਾਂ ਭੇਜਦਾ ਹੈ।


Harinder Kaur

Content Editor

Related News