5G ਦੀ ਉਡੀਕ ਹੋਵੇਗੀ ਖ਼ਤਮ, ਦਸੰਬਰ 2021 ਤੱਕ ਹੋ ਸਕਦੀ ਹੈ ਨਿਲਾਮੀ!

Friday, Dec 11, 2020 - 01:38 PM (IST)

ਨਵੀਂ ਦਿੱਲੀ— 5-ਜੀ ਸਮਾਰਟ ਫੋਨ ਲਾਂਚ ਹੋਣੇ ਸ਼ੁਰੂ ਹੋ ਚੁੱਕੇ ਹਨ, ਹੁਣ ਬਸ ਇਸ ਸੁਪਰਫਾਸਟ ਨੈੱਟਵਰਕ ਲਈ ਸਪੈਕਟ੍ਰਮ ਨਿਲਾਮੀ ਹੋਣ ਦੀ ਉਡੀਕ ਰਹਿ ਗਈ ਹੈ। ਖ਼ਬਰ ਹੈ ਕਿ ਦੂਰਸੰਚਾਰ ਵਿਭਾਗ (ਡੀ. ਓ. ਟੀ.) 2021 'ਚ ਸਪੈਕਟ੍ਰਮ ਦੀ ਦੋ ਨਿਲਾਮੀ 'ਤੇ ਵਿਚਾਰ ਕਰ ਰਿਹਾ ਹੈ। ਇਸ ਦੀ ਸ਼ੁਰੂਆਤੀ 4-ਜੀ ਏਅਰਵੇਵਜ਼ ਲਾਇਸੈਂਸ ਦੀ ਵਿਕਰੀ ਤੋਂ ਹੋਵੇਗੀ। ਡੀ. ਓ. ਟੀ. ਦੀ ਅੰਦਰੂਨੀ ਚਰਚਾ ਮੁਤਾਬਕ, ਅਜਿਹਾ ਮੰਨਿਆ ਜਾ ਰਿਹਾ ਹੈ ਕਿ 2021 ਦੇ ਆਖ਼ੀਰ ਤੱਕ 5-ਜੀ ਸਪੈਕਟ੍ਰਮ ਦੇ ਟੈਂਡਰ ਜਾਰੀ ਕੀਤੇ ਜਾ ਸਕਦੇ ਹਨ, ਜਿਸ ਨੂੰ ਹੁਣ ਤੱਕ ਪ੍ਰਕਿਰਿਆ ਤੋਂ ਬਾਹਰ ਰੱਖਿਆ ਗਿਆ ਸੀ।

ਇਕ ਅਧਿਕਾਰੀ ਨੇ ਕਿਹਾ ਕਿ ਮੌਜੂਦਾ ਸਮੇਂ ਖ਼ਰਾਬ ਮਾਲੀ ਹਾਲਤ ਕਾਰਨ ਕੰਪਨੀਆਂ 5-ਜੀ 'ਚ ਪੈਸਾ ਲਾਉਣ ਲਈ ਤਿਆਰ ਨਹੀਂ ਹਨ ਪਰ ਇਕ ਸਾਲ 'ਚ ਸਥਿਤੀ ਸੁਧਰ ਸਕਦੀ ਹੈ ਅਤੇ ਉਸ ਤੋਂ ਬਾਅਦ ਅਗਲੇ ਸਾਲ ਦੇ ਆਖ਼ੀਰ ਤੱਕ ਸੰਭਾਵਤ ਤੌਰ 'ਤੇ 5-ਜੀ ਸਪੈਕਟ੍ਰਮ ਦੀ ਪੇਸ਼ਕਸ਼ ਕੀਤੀ ਜਾ ਸਕਦੀ ਹੈ।

ਕੁਝ ਦੂਰਸੰਚਾਰ ਕੰਪਨੀਆਂ ਦੇ 4-ਜੀ ਸਪੈਕਟ੍ਰਮ ਦਾ ਲਾਇਸੈਂਸ ਅਗਲੇ ਸਾਲ ਖ਼ਤਮ ਹੋ ਰਿਹਾ ਹੈ, ਅਜਿਹੇ 'ਚ ਸਰਕਾਰ ਨਿਲਾਮੀ ਦਾ ਆਯੋਜਨ ਕਰੇਗੀ, ਜਿਸ ਨਾਲ ਕੰਪਨੀਆਂ ਸਪੈਕਟ੍ਰਮ ਖ਼ਰੀਦ ਸਕਣ। ਅਧਿਕਾਰੀ ਨੇ ਕਿਹਾ ਕਿ 4-ਜੀ ਅਤੇ 5-ਜੀ ਦੀ ਨਿਲਾਮੀ ਵੱਖ-ਵੱਖ ਕਰਨ ਨਾਲ ਸਰਕਾਰ ਲਈ ਨਿਲਾਮੀ ਦੀ ਪ੍ਰਕਿਰਿਆ ਆਸਾਨ ਹੋਵੇਗੀ। ਗੌਰਤਲਬ ਹੈ ਕਿ ਆਖ਼ਰੀ ਵਾਰ ਸਪੈਕਟ੍ਰਮ ਦੀ ਨਿਲਾਮੀ ਅਕਤੂਬਰ 2016 'ਚ ਹੋਈ ਸੀ, ਜਿਸ 'ਚ ਪੇਸ਼ਕਸ਼ ਕੀਤੇ ਗਏ ਕੁਲ ਸਪੈਕਟ੍ਰਮ ਦਾ ਸਿਰਫ਼ 40 ਫ਼ੀਸਦੀ ਹਿੱਸਾ ਹੀ ਵਿਕ ਸਕਿਆ ਸੀ। ਉਸ ਨਿਲਾਮੀ 'ਚ ਸਰਕਾਰ ਨੇ ਸਿਰਫ 965 ਮੈਗਾਹਰਟਜ਼ ਸਪੈਕਟ੍ਰਮ ਦੀ ਵਿਕਰੀ ਤੋਂ 65,789 ਕਰੋੜ ਰੁਪਏ ਜੁਟਾਏ ਸਨ।


Sanjeev

Content Editor

Related News