ਸਹਿਕਾਰੀ ਖੇਤਰ ’ਚ 2030 ਤੱਕ ਮਿਲਣਗੀਆਂ 5.5 ਕਰੋੜ ਨੌਕਰੀਆਂ
Friday, Nov 29, 2024 - 05:11 PM (IST)
ਨਵੀਂ ਦਿੱਲੀ (ਭਾਸ਼ਾ) - ਭਾਰਤ ਦੇ ਸਹਿਕਾਰੀ ਖੇਤਰ ’ਚ 2030 ਤੱਕ ਪ੍ਰਤੱਖ ਰੂਪ ਨਾਲ 5.5 ਕਰੋਡ਼ ਨੌਕਰੀਆਂ ਅਤੇ 5.6 ਕਰੋਡ਼ ਸਵੈ-ਰੋਜ਼ਗਾਰ ਦੇ ਮੌਕੇ ਸਿਰਜਿਤ ਕਰਨ ਦੀ ਸਮਰੱਥਾ ਹੈ। ਇਕ ਰਿਪੋਰਟ ’ਚ ਇਹ ਕਿਹਾ ਗਿਆ ਹੈ। ਪ੍ਰਬੰਧਨ ਸਲਾਹ-ਮਸ਼ਵਰਾ ਕੰਪਨੀ ਪ੍ਰਾਈਮਸ ਪਾਰਟਨਰਸ ਨੇ ਸਹਿਕਾਰੀ ਖੇਤਰ ’ਤੇ ਜਾਰੀ ਰਿਪੋਰਟ ’ਚ ਕਿਹਾ ਕਿ ਭਾਰਤ ਦਾ ਸਹਿਕਾਰੀ ਤੰਤਰ ਕੌਮਾਂਤਰੀ ਪੱਧਰ ’ਤੇ 30 ਲੱਖ ਸਹਿਕਾਰੀ ਕਮੇਟੀਆਂ ’ਚੋਂ ਕਰੀਬ 30 ਫੀਸਦੀ ਦੀ ਤਰਜਮਾਨੀ ਕਰਦਾ ਹੈ।
ਰਿਪੋਰਟ ’ਚ ਕਿਹਾ ਗਿਆ,‘‘ਭਾਰਤ 2030 ਤੱਕ 5000 ਅਰਬ ਡਾਲਰ ਦੀ ਅਰਥਵਿਵਸਥਾ ਬਣਨ ਦੇ ਆਪਣੇ ਟੀਚੇ ਵੱਲ ਅੱਗੇ ਵੱਧ ਰਿਹਾ ਹੈ ਅਤੇ ਅਜਿਹੇ ’ਚ ਸਹਿਕਾਰੀ ਖੇਤਰ ਆਸ ਅਤੇ ਸਮਰੱਥਾ ਦੀ ਕਿਰਨ ਬਣਿਆ ਹੋਇਆ ਹੈ। ਇਸ ’ਚ ਕਿਹਾ ਗਿਆ,‘‘ਵਿਸ਼ਵ ਪੱਧਰ ’ਤੇ ਸਭ ਤੋਂ ਵੱਡੇ ਸਹਿਕਾਰੀ ਤੰਤਰਾਂ ’ਚੋਂ ਇਕ ਦੇ ਨਾਲ ਭਾਰਤ ਆਰਥਿਕ ਵਾਧਾ, ਸਮਾਜਿਕ ਸਮਾਨਤਾ ਅਤੇ ਸਮਾਵੇਸ਼ੀ ਵਿਕਾਸ ਨੂੰ ਬੜ੍ਹਾਵਾ ਦੇਣ ਲਈ ਇਸ ਖੇਤਰ ਦੀ ਬੇਹੱਦ ਸਮਰੱਥਾ ਦਾ ਲਾਭ ਚੁੱਕਣ ਲਈ ਤਿਆਰ ਹੈ।
ਇਸ ’ਚ ਕਿਹਾ ਗਿਆ ਹੈ ਕਿ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ’ਤੇ ਉਨ੍ਹਾਂ ਦਾ ਪ੍ਰਭਾਵ ਵੀ ਓਨਾ ਹੀ ਪ੍ਰਭਾਵਸ਼ਾਲੀ ਹੈ। ਇਨ੍ਹਾਂ ਦਾ 2030 ਤੱਕ ਸੰਭਾਵਿਕ ਯੋਗਦਾਨ 3 ਤੋਂ 5 ਫੀਸਦੀ ਤੱਕ ਹੋ ਸਕਦਾ ਹੈ। ਪ੍ਰਤੱਖ ਅਤੇ ਸਵੈ-ਰੋਜ਼ਗਾਰ ਦੋਵਾਂ ਦੀ ਗੱਲ ਕਰੀਏ ਤਾਂ ਇਹ 10 ਫੀਸਦੀ ਤੋਂ ਜ਼ਿਆਦਾ ਹੋ ਸਕਦਾ ਹੈ।