ਕਿਸਾਨ ਰੇਲ ਸੇਵਾ ਰਾਹੀਂ ਹੁਣ ਕੀਤੀ ਜਾ ਰਹੀ ਹੈ 350 ਟਨ ਮਾਲ ਦੀ ਢੁਆਈ : ਰੇਲ ਮੰਤਰੀ
Tuesday, Sep 08, 2020 - 09:34 PM (IST)
ਨਵੀਂ ਦਿੱਲੀ- ਰੇਲ ਮੰਤਰੀ ਪਿਊਸ਼ ਗੋਇਲ ਨੇ ਮੰਗਲਵਾਰ ਨੂੰ ਕਿਹਾ ਕਿ ਕਿਸਾਨ ਰੇਲ ਸੇਵਾ 350 ਟਨ ਮਾਲ ਦੀ ਢੁਆਈ ਕਰ ਰਹੀ ਹੈ ਜੋ ਪਿਛਲੇ ਮਹੀਨੇ ਇਸ ਦੇ ਉਦਘਾਟਨ ਸਮੇਂ 94 ਟਨ ਦੀ ਸੀ।
ਇਸ ਰੇਲ ਸੇਵਾ ਦੀ ਘੋਸ਼ਣਾ ਸਾਲ 2020 ਵਿਚ ਕੇਂਦਰੀ ਬਜਟ ਵਿਚ ਕੀਤੀ ਗਈ ਸੀ। ਇਸ ਦੀ ਸ਼ੁਰੂਆਤ ਖੇਤੀਬਾੜੀ ਉਤਪਾਦਾਂ, ਖ਼ਾਸਕਰ ਖਰਾਬ ਹੋਣ ਵਾਲੀਆਂ ਚੀਜ਼ਾਂ ਦੀ ਢੁਆਈ ਸਸਤੇ ਭਾਅ 'ਤੇ ਕੀਤੇ ਜਾਣ ਦੇ ਉਦੇਸ਼ ਨਾਲ ਕੀਤੀ ਗਈ ਸੀ ਤਾਂ ਜੋ ਕਿਸਾਨ ਆਪਣੀਆਂ ਫਸਲਾਂ ਦੇ ਸਹੀ ਭਾਅ ਪ੍ਰਾਪਤ ਕਰ ਸਕਣ।
ਅਜਿਹੀ ਪਹਿਲੀ ਸੇਵਾ 7 ਅਗਸਤ ਨੂੰ ਮਹਾਰਾਸ਼ਟਰ ਦੇ ਨਾਸਿਕ ਦੇ ਦਿਓਲਾਲੀ ਤੋਂ ਬਿਹਾਰ ਦੇ ਦਾਨਾਪੁਰ ਲਈ ਸ਼ੁਰੂ ਕੀਤੀ ਗਈ ਸੀ। ਭਾਰਤੀ ਉਦਯੋਗ ਮਹਾਸੰਘ ਦੇ ਇਕ ਪ੍ਰੋਗਰਾਮ ਵਿਚ ਮੰਤਰੀ ਨੇ ਕਿਹਾ, "ਕਿਸਾਨ ਰੇਲ ਦੀ ਸ਼ੁਰੂਆਤ ਤੋਂ ਸਿਰਫ ਇਕ ਮਹੀਨੇ ਬਾਅਦ, ਜਿਹੜੀ ਰੇਲ 94 ਟਨ ਸਾਮਾਨ ਲੈ ਕੇ ਜਾ ਰਹੀ ਸੀ, ਹੁਣ ਉਹ 350 ਟਨ ਤੋਂ ਵੀ ਵੱਧ ਦਾ ਮਾਲ ਢੋਅ ਰਹੀ ਹੈ। ਇਸ ਦਾ ਮਤਲਬ ਹੈ ਕਿ ਜੇ ਸਹੂਲਤ ਦਿੱਤੀ ਜਾਂਦੀ ਹੈ ਤਾਂ ਲੋਕ ਇਸ ਦੀ ਵਰਤੋਂ ਕਰਦੇ ਹਨ।"
ਉਨ੍ਹਾਂ ਕਿਹਾ ਕਿ ਦੂਜੀ ਕਿਸਾਨ ਰੇਲ ਦਾ ਸੰਚਾਲਨ ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਤੋਂ ਦਿੱਲੀ ਦੇ ਆਦਰਸ਼ ਨਗਰ ਤੱਕ 9 ਸਤੰਬਰ ਤੋਂ ਚੱਲੇਗੀ। ਇਹ ਦੱਖਣੀ ਭਾਰਤ ਵਿਚ ਪਹਿਲੀ ਕਿਸਾਨ ਰੇਲ ਸੇਵਾ ਹੋਵੇਗੀ।