ਜੈੱਟ ਏਅਰਵੇਜ਼ ਦੇ 260 ਪਾਇਲਟ ਸਪਾਈਸਜੈੱਟ ਦੀ ਇੰਟਰੁਵਿਊ ਲਈ ਪੇਸ਼ ਹੋਏ
Thursday, Mar 21, 2019 - 12:59 PM (IST)
 
            
            ਨਵੀਂ ਦਿੱਲੀ — ਜੈੱਟ ਏਅਰਵੇਜ਼ ਦੇ ਬੋਇੰਗ 737 ਜਹਾਜ਼ ਉਡਾਣ ਵਾਲੇ ਕਰੀਬ 260 ਪਾਇਲਟ ਬੁੱਧਵਾਰ ਨੂੰ ਮੁੰਬਈ ਵਿਚ ਘੱਟ ਲਾਗਤ ਵਾਲੇ ਸਪਾਈਸ ਜੈੱਟ ਵਲੋਂ ਕਰਵਾਏ ਗਏ ਇਕ ਇੰਟਰਵਿਊ ਲਈ ਪੇਸ਼ ਹੋਏ। ਇਨ੍ਹਾਂ 260 ਪਾਇਲਟ ਵਿਚੋਂ 150 ਕਪਤਾਨ ਹਨ।
ਜ਼ਿਕਰਯੋਗ ਹੈ ਕਿ ਪਾਇਲਟਾਂ, ਹਵਾਈ ਜਹਾਜ਼ ਇੰਜੀਨੀਅਰ ਅਤੇ ਸੀਨੀਅਰ ਮੈਨੇਜਮੈਂਟ ਆਦਿ ਦੇ ਸਟਾਫ ਦੀ ਤਿੰਨ ਮਹੀਨੇ ਦੀ ਤਨਖਾਹ ਜੈੱਟ ਏਅਰਵੇਜ਼ ਵੱਲ ਬਕਾਇਆ ਹੈ। ਜੈੱਟ ਏਅਰਵੇਜ਼ ਦੇ ਪਾਇਲਟਾਂ ਪਾਇਲਟਾਂ ਦੀ ਸੰਸਥਾ ਨੇ ਸਪੱਸ਼ਟ ਚਿਤਾਵਨੀ ਦੇ ਦਿੱਤੀ ਕਿ ਇਸ ਮਹੀਨੇ ਤਨਖਾਹ ਨਾ ਮਿਲੀ ਤਾਂ ਉਹ ਨੂੰ ਅਪ੍ਰੈਲ ਤੋਂ ਹੜਤਾਲ 'ਤੇ ਚਲੇ ਜਾਣਗੇ। ਇਸ ਤੋਂ ਪਹਿਲਾਂ ਸੋਮਵਾਰ ਨੂੰ ਜੈੱਟ ਨੇ ਲੀਜ਼ 'ਤੇ ਲਏ ਜਹਾਜ਼ਾਂ ਦੇ ਕਿਰਾਏ ਦਾ ਭੁਗਤਾਨ ਕਰਨ 'ਚ ਅਸਮਰੱਥ ਹੋਣ ਕਾਰਨ 6 ਹੋਰ ਜਹਾਜ਼ਾਂ ਨੂੰ ਸੇਵਾ ਤੋਂ ਹਟਾ ਲਿਆ। ਇਸ ਕਾਰਨ ਜੈੱਟ ਦੀਆਂ ਦੇਸ਼ ਭਰ ਵਿਚ ਕਈ ਫਲਾਈਟ ਰੱਦ ਹੋ ਗਈਆਂ। ਇਹ ਫੈਸਲਾ ਜੈੱਟ ਪਾਇਲਟ ਸੰਸਥਾ ਨੈਸ਼ਨਲ ਅਵੀਏਟਰਸ ਗਿਲਡ ਦੀ ਸਲਾਨਾ ਮੀਟਿੰਗ ਵਿਚ ਲਿਆ ਗਿਆ ਸੀ।
ਪਾਇਲਟ ਅਤੇ ਹੋਰ ਸਟਾਫ ਦੀ ਤਿੰਨ ਮਹੀਨੇ ਦੀ ਸੈਲਰੀ ਬਕਾਇਆ
ਇਸ ਦੌਰਾਨ ਕੰਪਨੀ ਦੇ ਜਹਾਜ਼-ਸੰਭਾਲ ਇੰਜੀਨੀਅਰਾਂ ਦੀ ਯੂਨੀਅਨ ਨੇ ਏਵੀਏਸ਼ਨ ਖੇਤਰ ਦੇ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ(DGCA) ਨੂੰ ਮੰਗਲਵਾਰ ਨੂੰ ਸੂਚਨਾ ਦਿੱਤੀ ਕਿ ਉਨ੍ਹਾਂ ਨੂੰ ਤਿੰਨ ਮਹੀਨੇ ਦੀ ਤਨਖਾਹ ਨਹੀਂ ਮਿਲੀ ਹੈ ਅਤੇ ਫਲਾਈਟ ਦੀ ਸੁਰੱਖਿਆ ਖਤਰੇ 'ਚ ਹੈ।
ਜੈੱਟ ਏਅਰਕ੍ਰਾਫਟ ਇੰਜੀਨੀਅਰਸ ਵੈਲਫੇਅਰ ਐਸੋਸੀਏਸ਼ਨ(JAMEWA) ਨੇ ਡੀਜੀਸੀਏ ਨੂੰ ਇਕ ਪੱਤਰ ਲਿਖਿਆ ਹੈ,'ਸਾਡੇ ਲਈ ਆਪਣੀਆਂ ਵਿੱਤੀ ਜ਼ਰੂਰਤਾਂ ਪੂਰੀਆਂ ਕਰਨਾ ਮੁਸ਼ਕਲ ਹੋ ਗਿਆ ਹੈ। ਇਸ ਦੇ ਨਤੀਜੇ ਵਜੋਂ ਜਹਾਜ਼ ਇੰਜੀਨੀਅਰਾਂ ਦੀ ਮਨੋਵਿਗਿਆਨਕ ਸਥਿਤੀ 'ਤੇ ਬੁਰਾ ਅਸਰ ਪੈ ਰਿਹਾ ਹੈ ਅਤੇ ਇਹ ਉਨ੍ਹਾਂ ਦੇ ਕੰਮ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ। ਅਜਿਹੀ ਸਥਿਤੀ ਵਿਚ ਦੇਸ਼-ਵਿਦੇਸ਼ 'ਚ ਉਡਾਣ ਭਰਨ ਵਾਲੈ ਜੈੱਟ ਏਅਰਵੇਜ਼ ਦੇ ਜਹਾਜ਼ਾਂ ਦੀ ਸੁਰੱਖਿਆ ਜੋਖਮ 'ਚ ਹੈ।'
ਪੱਤਰ ਦੇ ਅਨੁਸਾਰ,' ਜਿਥੇ ਸੀਨੀਅਰ ਪ੍ਰਬੰਧਨ ਕਾਰੋਬਾਰ ਦੇ ਹੱਲ ਲਈ ਤੌਰ-ਤਰੀਕਿਆਂ ਦੀ ਭਾਲ ਕਰ ਰਹੇ ਹਨ ਉਥੇ ਅਸੀਂ ਇੰਜੀਨੀਅਰ ਪਿਛਲੇ ਸੱਤ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਦੇ ਦਬਾਅ 'ਚ ਹਾਂ ਅਤੇ ਖਾਸ ਤੌਰ 'ਤੇ ਸਾਨੂੰ ਤਿੰਨ ਮਹੀਨਿਆਂ ਦੀ ਤਨਖਾਹ ਹੀ ਨਹੀਂ ਮਿਲੀ ਹੈ। ਅਸੀਂ ਜਹਾਜ਼ਾਂ ਦੀ ਜਾਂਚ ਕਰਦੇ ਹਾਂ, ਉਨ੍ਹਾਂ ਦੀ ਮੁਰੰਮਤ ਕਰਦੇ ਹਾਂ ਅਤੇ ਇਹ ਪ੍ਰਮਾਣਿਤ ਕਰਦੇ ਹਾਂ ਕਿ ਜਹਾਜ਼ ਉਡਾਣ ਭਰਨ ਦੇ ਲਾਇਕ ਹੈ ਜਾਂ ਨਹੀਂ।'
ਕੈਪਟਨ ਸਮੇਤ ਪਾਇਲਟ ਹਾਜ਼ਰ ਹੋਏ ਇੰਟਰਵਿਊ ਲਈ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਮੁੰਬਈ ਵਿਚ ਸਪਾਈਸ ਜੈੱਟ ਦੇ 150 ਕੈਪਟਨ ਸਮੇਤ 260 ਪਾਇਲਟ ਸਪਾਈਸ ਜੈੱਟ ਵਲੋਂ ਕਰਵਾਈ ਗਈ ਇੰਟਰਵਿਊ ਲਈ ਹਾਜ਼ਰ ਹੋਏ। ਇੰਡੀਗੋ ਵੀ ਜੈੱਟ ਏਅਰਵੇਜ਼ ਦੇ ਪਾਇਲਟਾਂ ਨੂੰ ਨਿਯੁਕਤ ਕਰਨ ਲਈ ਵਧੀਆ ਪੇਸ਼ਕਸ਼ ਦੇ ਰਿਹਾ ਹੈ।
ਇਨ੍ਹਾਂ ਪਾਇਲਟਾਂ ਤੋਂ ਇਲਾਵਾ ਜੈੱਟ ਏਅਰਵੇਜ਼ ਦੇ ਕਈ ਓਪਰੇਸ਼ਨ ਤੋਂ ਬਾਹਰ ਹੋ ਚੁੱਕੇ ਬੋਇੰਗ 737 ਜਹਾਜ਼ ਜਲਦੀ ਹੀ ਸਪਾਈਸ ਜੈੱਟ ਲਈ ਉਡਾਣ ਭਰਦੇ ਨਜ਼ਰ ਆ ਸਕਦੇ ਹਨ। ਜ਼ਿਕਰਯੋਗ ਹੈ ਕਿ ਜੈੱਟ ਏਅਰਵੇਜ਼ ਦੇ ਕਈ ਪੱਟੇ 'ਤੇ ਲਏ ਗਏ ਜਹਾਜ਼ ਕਿਰਾਇਆ ਨਾ ਦੇਣ ਕਾਰਨ ਓਪਰੇਸ਼ਨ ਸਿਸਟਮ ਤੋਂ ਬਾਹਰ ਹੋ ਗਏ ਹਨ।
ਸੂਤਰਾਂ ਮੁਤਾਬਕ ਬੀਤੇ ਸ਼ਨੀਵਾਰ ਜੈੱਟ ਨੂੰ ਬੋਇੰਗ 737 ਐਨ.ਜੀ. ਪੱਟੇ 'ਤੇ ਦੇਣ ਅਤੇ ਫਿਰ ਇਨ੍ਹਾਂ ਜਹਾਜ਼ਾਂ ਨੂੰ ਗਰਾਊਂਡਿਡ ਕਰਨ ਵਾਲੀ ਕੰਪਨੀਆਂ ਨੇ ਸਪਾਈਸ ਜੈੱਟ ਦੇ ਚੇਅਰਮੈਨ ਅਜੇ ਸਿੰਘ ਨਾਲ ਮੁਲਾਕਾਤ ਕੀਤੀ। ਸੂਤਰਾਂ ਅਨੁਸਾਰ ਇਹ ਜਹਾਜ਼ ਭਾਰਤ ਵਿਚ ਹਨ ਅਤੇ ਪ੍ਰਕਿਰਿਆ ਦੇ ਆਧਾਰ 'ਤੇ ਇਨ੍ਹਾਂ ਜਹਾਜ਼ਾਂ ਨੂੰ ਰਜਿਸਟਰ ਕਰਨਾ ਅਤੇ ਸਪਾਈਸਜੈੱਟ ਨੂੰ ਪੱਟੇ 'ਤੇ ਦੇਣਾ ਬਹੁਤ ਸੌਖਾ ਹੋਵੇਗਾ, ਤਾਂ ਜੋ ਜਹਾਜ਼ਾਂ ਨੂੰ ਜਲਦੀ ਤੋਂ ਜਲਦੀ ਸ਼ੁਰੂ ਕੀਤਾ ਜਾ ਸਕੇ।
ਪਿਛਲੇ ਹਫਤੇ ਗਲੋਬਲ ਪੱਧਰ 'ਤੇ 371 ਬੀ 737 ਮੈਕਸ ਜਹਾਜ਼ ਸੁਰੱਖਿਆ ਦੇ ਮੱਦੇਨਜ਼ਰ ਗਰਾਊਂਡਿਡ ਕਰ ਦਿੱਤੇ ਗਏ। ਦੂਜੇ ਪਾਸੇ ਸਪਾਈਸ ਜੈੱਟ ਜਿਸ ਨੇ ਕਿ 205 ਜਹਾਜ਼ਾਂ ਦਾ ਆਰਡਰ ਦਿੱਤਾ ਹੋਇਆ ਹੈ ਅਤੇ ਹੁਣ ਉਸ ਦੇ ਵੀ 12 ਬੀ737 ਮੈਕਸ ਗਰਾਊਂਡਿਡ ਹਨ। ਇਸ ਕਾਰਨ ਬੀ737 ਐਨ.ਜੀ. ਦੀ ਮੰਗ ਵਧ ਗਈ ਹੈ।
ਸਪਾਈਸ ਜੈੱਟ ਦੇ ਸੂਤਰਾਂ ਅਨੁਸਾਰ ,' ਅਸੀਂ ਆਪਣੇ ਗਰਾਊਂਡਿਡ 12 ਮੈਕਸ ਜਹਾਜ਼ਾਂ ਨੂੰ ਜਲਦੀ ਤੋਂ ਜਲਦੀ ਠੀਕ ਕਰਵਾ ਕੇ ਓਪਰੇਟਿੰਗ ਸਿਸਟਮ ਵਿਚ ਲਿਆਉਣਾ ਚਾਹੁੰਦੇ ਹਾਂ। ਕੰਪਨੀਆਂ ਵਲੋਂ ਬੀ737 ਜਹਾਜ਼ ਦੀ ਇਕ ਤੋਂ ਤਿੰਨ ਸਾਲ ਦੀ ਡਰਾਈ ਲੀਜ਼ ਲਈ ਪੇਸ਼ਕਸ਼ ਕੀਤੀ ਜਾ ਰਹੀ ਹੈ। ਮੈਕਸ ਮਾਡਲ ਦੀ ਗਰਾਉਂਡਿੰਗ ਤੋਂ ਬਾਅਦ ਬੀ 737 ਐਨ.ਜੀ. ਲਈ ਸਮੁੱਚੇ ਲੀਜ਼ ਕਿਰਾਏ ਵਧ ਗਏ ਹਨ ਕਿਉਂਕਿ ਹੁਣ ਹਰ ਕੋਈ ਗੈਰ-ਮੈਕਸ ਬੀ737 ਦੀ ਭਾਲ ਕਰ ਰਿਹਾ ਹੈ। ਇਕ ਵਾਰ ਸੌਦਾ ਪੂਰਾ ਹੋ ਜਾਣ ਤੋਂ ਬਾਅਦ ਜੈੱਟ ਦੇ ਕਬਜ਼ੇ ਤੋਂ ਇਨ੍ਹਾਂ ਜਹਾਜ਼ਾਂ ਨੂੰ ਹਟਾ ਕੇ ਸਪਾਈਸ ਜੈੱਟ ਦੇ ਖੇਮੇ ਵਿਚ ਕਰ ਦਿੱਤਾ ਜਾਵੇਗਾ।'

 
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            